ਭਾਰਤੀ ਖੇਡ ਇਤਿਹਾਸ ਵਿਚ ਜਗਰਾਜ ਸਿੰਘ ਮਾਨ ਇਕਲੌਤਾ ਅਜਿਹਾ ਖਿਡਾਰੀ ਹੈ, ਜਿਸ ਨੇ ਸ਼ਾਟਪੁੱਟ ਤੋਂ ਇਲਾਵਾ ਡਿਸਕਸ ਥ੍ਰੋ, ਹੈਮਰ ਥ੍ਰੋ, ਪਾਵਰ ਲਿਫਟਿੰਗ ਤੇ ਵੇਟ ਲਿਫਟਿੰਗ 'ਚ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ | ਉਨ੍ਹਾਂ ਦਾ ਜਨਮ 10 ਫਰਵਰੀ, 1946 ਨੂੰ ਹਰਿਆਣੇ ਦੇ ਪਿੰਡ ਘੁੱਕਿਆਂਵਾਲੀ, ਜ਼ਿਲ੍ਹਾ ਸਿਰਸਾ (ਉਸ ਸਮੇਂ ਪੰਜਾਬ, ਜ਼ਿਲ੍ਹਾ ਹਿਸਾਰ) 'ਚ ਮਾਤਾ ਬੇਅੰਤ ਕੌਰ ਤੇ ਪਿਤਾ ਜੰਗੀਰ ਸਿੰਘ ਦੇ ਘਰ ਹੋਇਆ | ਉਨ੍ਹਾਂ ਦਸਵੀਂ ਨੋਹੀਆਂਵਾਲੀ ਤੇ ਨੌਵੀਂ ਕਾਲਿਆਂਵਾਲੀ ਤੋਂ ਕੀਤੀ | ਇਸ ਸਕੂਲ 'ਚ ਜਗਰਾਜ ਸਿੰਘ ਤੇ ਬਹਾਦਰ ਸਿੰਘ (ਦੋਵੇਂ ਏਸ਼ੀਆਈ ਗੋਲਡ ਮੈਡਲਿਸਟ) ਇਕੱਠੇ ਪੜ੍ਹਦੇ ਸਨ ਤੇ ਇਕੱਠੇ ਹੀ ਗੋਲਾ ਸੁੱਟਣ ਲੱਗੇ | ਸਕੂਲੀ ਸਮੇਂ ਦੌਰਾਨ ਮਿਡਲ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਜਗਰਾਜ ਸਿੰਘ ਗੋਲਾ ਸੁੱਟਣ 'ਚ ਪਹਿਲੇ ਸਥਾਨ 'ਤੇ ਆਏ | 1963 'ਚ ਸਪੋਰਟਸ ਕਾਲਜ ਜਲੰਧਰ ਦੇ ਖੇਡ ਅਧਿਕਾਰੀ ਉਨ੍ਹਾਂ ਦੇ ਪਿੰਡ ਆਏ ਤੇ ਜਗਰਾਜ ਸਿੰਘ ਤੇ ਬਹਾਦਰ ਸਿੰਘ ਨੂੰ ਜਲੰਧਰ ਲੈ ਗਏ | ਇੱਥੇ ਏਸ਼ੀਅਨ ਗੋਲਡ ਮੈਡਲਿਸਟ ਕੋਚ ਈਸ਼ਰ ਸਿੰਘ ਨੇ ਜਗਰਾਜ ਸਿੰਘ ਨੂੰ ਹੈਮਰ ਥ੍ਰੋ ਵੱਲ ਪ੍ਰੇਰਿਤ ਕੀਤਾ ਤੇ ਕੋਚ ਜਗਦੇਵ ਸਿੰਘ ਨੇ ਹੈਮਰ ਦੀਆਂ ਤਕਨੀਕਾਂ ਤੋਂ ਜਾਣੂ ਕਰਾਇਆ | 1963 ਨੂੰ ਇੰਟਰ ਯੂਨੀਵਰਸਿਟੀ ਦੀਆਂ ਖੇਡਾਂ ਤਿ੍ਵੇਂਦਰਮ (ਕੇਰਲਾ) ਵਿਖੇ ਹੋਈਆਂ, ਜਿੱਥੇ ਜਗਰਾਜ ਸਿੰਘ ਗੋਲਾ ਸੁੱਟਣ ਦੇ ਚੈਂਪੀਅਨ ਬਣੇ |
1964 'ਚ ਜੈਪੁਰ ਵਿਖੇ ਹੋਈਆਂ ਇੰਟਰ ਯੂਨੀਵਰਸਿਟੀ ਖੇਡਾਂ 'ਚ ਜਗਰਾਜ ਸਿੰਘ ਪਹਿਲੇ ਸਥਾਨ 'ਤੇ ਰਹੇ | 1965 'ਚ ਯੂਨੀਵਰਸਿਟੀ ਦੇ ਟ੍ਰਾਇਲ ਸਪੋਰਟਸ ਕਾਲਜ ਜਲੰਧਰ ਵਿਖੇ ਹੋਏ, ਜਿੱਥੇ ਜਗਰਾਜ ਸਿੰਘ ਨੇ 47 ਫੁੱਟ 5 ਇੰਚ ਦੂਰ ਗੋਲਾ ਸੁੱਟ ਕੇ ਪੰਜਾਬ ਯੂਨੀਵਰਸਿਟੀ ਦਾ ਰਿਕਾਰਡ ਕਾਇਮ ਕੀਤਾ | 1966 ਵਿਚ ਪੰਜਾਬ ਦੀ ਟੀਮ ਨੌਰਥ ਜ਼ੋਨ ਖੇਡਣ ਲਖਨਊ (ਯੂ.ਪੀ.) ਗਈ, ਜਿੱਥੇ 'ਟੈਲਕੋ' (ਟਾਟਾ ਇੰਜੀਨੀਅਰਿੰਗ ਕੰਪਨੀ) ਦਾ ਸਪੋਰਟਸ ਅਫ਼ਸਰ ਉਨ੍ਹਾਂ ਨੂੰ ਮਿਲਿਆ ਅਤੇ ਜਗਰਾਜ ਸਿੰਘ ਤੇ ਬਹਾਦਰ ਸਿੰਘ ਨੇ 29 ਅਕਤੂਬਰ, 1966 ਨੂੰ ਇਸ ਅਦਾਰੇ 'ਚ ਨੌਕਰੀ ਸ਼ੁਰੂ ਕਰ ਲਈ | ਉਹ ਦਸੰਬਰ 1966 ਨੂੰ ਬਿਹਾਰ ਸਟੇਟ ਮੀਟ ਖੇਡਣ ਗਏ, ਜਿੱਥੇ ਜਗਰਾਜ ਸਿੰਘ ਪਹਿਲੇ ਸਥਾਨ 'ਤੇ ਰਹੇ | ਕੋਟਿਆਮ (ਕੇਰਲਾ) ਵਿਖੇ ਹੋਈਆਂ ਕੌਮੀ ਖੇਡਾਂ 'ਚ ਉਹ ਫੇਰ ਪਹਿਲੇ ਸਥਾਨ 'ਤੇ ਰਹੇ | 1971 'ਚ ਸਿੰਘਾਪੁਰ ਵਿਖੇ ਹੋਈ ਓਪਨ ਐਥਲੈਟਿਕ ਮੀਟ ਵਿਚ ਜਗਰਾਜ ਸਿੰਘ ਗੋਲਾ ਸੁੱਟਣ ਤੇ ਡਿਸਕਸ ਥ੍ਰੋ 'ਚ ਪਹਿਲੇ ਸਥਾਨ 'ਤੇ ਆਏ | 1972 'ਚ ਮਦਰਾਸ ਵਿਖੇ ਆਲ ਇੰਡੀਆ ਓਪਨ ਐਥਲੈਟਿਕਸ ਮੀਟ ਦੌਰਾਨ ਜਗਰਾਜ ਸਿੰਘ ਨੇ 17.34 ਮੀਟਰ ਗੋਲਾ ਸੁੱਟ ਕੇ ਨਵਾਂ ਰਾਸ਼ਟਰੀ ਤੇ ਏਸ਼ੀਆਈ ਰਿਕਾਰਡ ਕਾਇਮ ਕੀਤਾ | 1973 'ਚ ਮਨੀਲਾ (ਫਿਲਪਾਈਨ) ਵਿਖੇ ਹੋਈਆਂ ਏਸ਼ੀਅਨ ਟਰੈਕ ਐਂਡ ਫੀਲਡ ਖੇਡਾਂ ਵਿਚ ਉਨ੍ਹਾਂ ਨੇ ਗੋਲਾ ਸੁੱਟਣ ਦੇ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ | 1974 ਦੀਆਂ ਤਹਿਰਾਨ ਏਸ਼ੀਆਈ ਖੇਡਾਂ 'ਚ ਉਨ੍ਹਾਂ ਕਾਂਸੀ ਦਾ ਤਗਮਾ ਜਿੱਤਿਆ | 1975 ਦੀਆਂ ਸਿਓਲ (ਸਾਊਥ ਕੋਰੀਆ) ਦੂਜੀਆਂ ਏਸ਼ੀਅਨ ਟਰੈਕ ਤੇ ਫੀਲਡ ਖੇਡਾਂ 'ਚ ਚਾਂਦੀ ਦਾ ਤਗਮਾ ਹਾਸਿਲ ਕੀਤਾ | 1976 ਦੀ ਤਹਿਰਾਨ (ਈਰਾਨ) ਇੰਟਰਨੈਸ਼ਨਲ ਅਥਲੈਟਿਕ ਮੀਟ 'ਚ ਗੋਲਾ ਸੁੱਟਣ ਤੇ ਹੈਮਰ ਥ੍ਰੋ ਵਿਚ ਚਾਂਦੀ ਦੇ ਤਗਮੇ ਜਿੱਤੇ | ਫਿਰ ਉਹ ਵੇਟ ਲਿਫਟਿੰਗ ਕਰਨ ਲੱਗੇ | ਉਹ ਅਮਰੀਕਾ ਵਿਖੇ ਪਾਵਰ ਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ 'ਚ ਛੇਵੇਂ ਸਥਾਨ 'ਤੇ ਰਹੇ | 1984 'ਚ ਇੰਡੋਨੇਸ਼ੀਆ ਵਿਖੇ ਹੋਈ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਚਾਰ ਸੋਨ ਤਗਮੇ ਜਿੱਤ ਕੇ ਉਨ੍ਹਾਂ ਬੱਲੇ-ਬੱਲੇ ਕਰਵਾਈ | ਉਨ੍ਹਾਂ ਨੇ 1972 ਵਿਚ ਮਿਊਨਿਖ (ਜਰਮਨੀ) ਵਿਖੇ ਹੋਈਆਂ 19ਵੀਆਂ ਉਲੰਪਿਕ ਖੇਡਾਂ ਦੌਰਾਨ ਗੋਲਾ ਸੁੱਟਣ ਦੇ ਮੁਕਾਬਲੇ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ | ਉਹ 'ਟੈਲਕੋ' ਵਿਭਾਗ 'ਚੋਂ 1987 ਵਿਚ ਸਪੋਰਟਸ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ | ਇੱਥੋਂ ਆਉਂਦਿਆਂ ਹੀ ਜਗਰਾਜ ਸਿੰਘ ਨੇ 2006 ਤੱਕ ਐਨ. ਆਈ. ਐਸ. ਪਟਿਆਲਾ ਵਿਖੇ ਸੇਵਾਵਾਂ ਨਿਭਾਈਆਂ | 80 ਕੁ ਵਰਿ੍ਹਆਂ ਨੂੰ ਢੁਕੇ ਜਗਰਾਜ ਸਿੰਘ ਨੂੰ ਭਾਰਤ ਸਰਕਾਰ ਨੇ 2012 'ਚ 'ਧਿਆਨ ਚੰਦ ਪੁਰਸਕਾਰ' ਨਾਲ ਸਨਮਾਨਿਤ ਕੀਤਾ | ਉਨ੍ਹਾਂ ਦਾ ਇਕ ਬੇਟਾ ਤੇ ਬੇਟੀ ਹੈ |
ਤਹਿ-ਸੁਨਾਮ (ਸੰਗਰੂਰ) |
ਮੋਬਾਈਲ :
94631-28483