ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਖੇਡ ਮੁਕਾਬਲਿਆਂ ਛਾਏ 'ਚ ਪੰਜਾਬੀ ਅਥਲੀਟ ਪਰ ਰੜਕਦੀ ਰਹੀ ਦਰਸ਼ਕਾਂ ਦੀ ਘਾਟ

Ad Position 21
No active advertisement
ਅਜੀਤ ਡੈਸਕ 07-07-2026

ਪੰਜਾਬ ਵਲੋਂ ਬੀਤੇ 6 ਮਹੀਨਿਆਂ 'ਚ ਤਿੰਨ ਵੱਡੇ ਅਥਲੈਟਿਕਸ ਖੇਡ ਮੁਕਾਬਲਿਆਂ ਨੂੰ ਪੁਖ਼ਤਾ ਪ੍ਰਬੰਧਾਂ ਹੇਠ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ, ਜਿਨ੍ਹਾਂ 'ਚ ਕੁਆਲੀਫਾਈ ਕਰਨ ਵਾਲੇ ਅਥਲੀਟਾਂ ਨੂੰ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ-2026 ਦਾ ਦਾਖਲਾ ਮਿਲਣਾ ਤੈਅ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਇੰਡੀਅਨ ਓਪਨ ਥ੍ਰੋਅ ਮੁਕਾਬਲੇ-2026 ਨੂੰ ਐਨ.ਆਈ.ਐਸ. ਪਟਿਆਲਾ ਵਿਖੇ 7 ਤੋਂ 8 ਮਾਰਚ 2026 ਤੱਕ ਕਰਵਾਇਆ ਗਿਆ, ਜਿਨ੍ਹਾਂ 'ਚ ਵੱਖ-ਵੱਖ ਰਾਜਾਂ ਤੇ ਖੇਡ ਸੈਂਟਰਾਂ ਦੇ 500 ਤੋਂ ਵੱਧ ਅਥਲੀਟਾਂ ਨੇ 17 ਮੁਕਾਬਿਲਆਂ 'ਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਦੀ ਸ਼ਮੂਲੀਅਤ ਬਾਕਮਾਲ ਨਜ਼ਰ ਆ ਰਹੀ ਸੀ, ਪਰ ਪੰਜਾਬ ਦੇ ਅਥਲੀਟ ਭਾਰਤ ਦੇ ਵੱਖ-ਵੱਖ ਸਿਖਲਾਈ ਸੈਂਟਰਾਂ ਵਲੋਂ ਹਿੱਸਾ ਲੈਂਦੇ ਨਜ਼ਰ ਆ ਰਹੇ ਸਨ। ਖੇਡ ਮੁਕਾਬਲੇ ਦੇਖ ਅਜਿਹਾ ਮਹਿਸੂਸ ਹੋ ਰਿਹਾ ਸੀ, ਜਿਵੇਂ ਕਿ ਪੰਜਾਬੀਆਂ ਨੇ ਅਥਲੈਟਿਕਸ ਦੀ ਹਰ ਪ੍ਰਤੀਯੋਗਤਾ 'ਤੇ ਕਬਜ਼ਾ ਕਰ ਲਿਆ ਹੋਵੇ। ਜ਼ਿਲ੍ਹਾ ਪਟਿਆਲਾ ਵਿਖੇ ਇੰਡੀਅਨ ਓਪਨ ਥ੍ਰੋਅ ਮੁਕਾਬਲੇ-2026 ਵਿਚ ਪੰਜਾਬ ਦੇ ਪੁਰਸ਼ ਤੇ ਮਹਿਲਾ ਅਥਲੀਟਾਂ ਨੇ ਵੱਖ-ਵੱਖ ਰਾਜਾਂ ਤੇ ਸਿਖਲਾਈ ਸੈਂਟਰਾਂ ਵਲੋਂ ਨੁਮਾਇੰਦਗੀ ਕਰਦਿਆਂ ਚੰਗਾ ਪ੍ਰਦਰਸ਼ਨ ਕੀਤਾ, ਜਦਕਿ ਸਭ ਤੋਂ ਵੱਧ ਅਥਲੀਟ ਹਰਿਆਣਾ, ਰਾਜਿਸਥਾਨ ਤੇ ਉੱਤਰ ਪ੍ਰਦੇਸ਼ ਦੇ ਹਾਜ਼ਰੀ ਲਵਾਉਣ 'ਚ ਕਾਮਯਾਬ ਰਹੇ। ਪੰਜਾਬ ਵਲੋਂ ਦੋ ਮਹੀਨਿਆਂ ਬਾਅਦ ਦੂਜਾ ਸਭ ਤੋਂ ਵੱਡਾ ਖੇਡ ਮੁਕਾਬਲਾ 'ਇੰਡੀਆ ਅਥਲੈਟਿਕਸ ਸੀਰੀਜ਼-5' ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ 9 ਮਈ 2026 ਨੂੰ ਕਰਾਇਆ ਗਿਆ, ਜਿੱਥੇ ਅਥਲੀਟ, ਉਨ੍ਹਾਂ ਦੇ ਪਰਿਵਾਰ ਤੇ ਖੇਡ ਗੁਰੂ ਪੁੱਜੇ ਪਰ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਤੇ ਤਾੜੀਆਂ ਨਾਲ ਜੇਤੂਆਂ ਦਾ ਸਵਾਗਤ ਕਰਨ ਵਾਲੇ ਦੂਰ-ਦੂਰ ਤੱਕ ਨਜ਼ਰ ਨਾ ਆਏ। ਪੰਜਾਬ ਦਾ ਦਿਲ ਕਹੇ ਜਾਂਦੇ ਸ਼ਹਿਰ ਲੁਧਿਆਣਾ ਦੇ ਖੇਡ ਸਟੇਡੀਅਮ 'ਚ ਚੰਗਾ ਪ੍ਰਦਰਸ਼ਨ ਕਰਨ ਦੇ ਦਾਅਵੇ ਨਾਲ ਦੇਸ਼ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਇੰਡੀਆ ਅਥਲੈਟਿਕਸ ਸੀਰੀਜ਼-9 ਵਿਚ 250 ਤੋਂ ਵੱਧ ਅਥਲੀਟ ਸ਼ਾਮਿਲ ਹੋਏ। ਇਸ ਮੁਕਾਬਲੇ 'ਚ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ 13 ਜੂਨ 2026 ਨੂੰ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਅਥਲੀਟਾਂ ਨੇ 16 ਮੁਕਾਬਲਿਆਂ 'ਚ ਹਿੱਸਾ ਲਿਆ। ਇਸ ਵਾਰ ਅਥਲੈਟਿਕਸ ਦੇ ਸੀਨੀਅਰ ਵਰਗ ਦੇ ਮੁਕਾਬਲੇ ਕਾਫ਼ੀ ਦਿਲਚਸਪ ਸਨ, ਰਿਲਾਇੰਸ ਫਾਊਂਡੇਸ਼ਨ ਅਤੇ ਜੇ.ਐਸ. ਡਬਲਿਊ ਸਿਲਖਾਈ ਸੈਂਟਰਾਂ ਦਾ ਪ੍ਰਦਰਸ਼ਨ ਸੋਚ ਤੋਂ ਵੀ ਪਰ੍ਹੇ ਸੀ। ਜਿੱਥੇ ਇਹ ਸੈਂਟਰ ਬਾਕੀ ਖੇਡਾਂ ਨੂੰ ਉੱਚਾ ਚੁੱਕਣ 'ਚ ਵਡਮੁੱਲਾ ਯੋਗਦਾਨ ਪਾ ਰਹੇ ਹਨ, ਉੱਥੇ ਅਥਲੀਟਾਂ ਸਿਰ ਰੱਖੇ ਹੱਥ ਕਾਰਨ ਆਉਣ ਵਾਲੀਆਂ ਰਾਸ਼ਟਰਮੰਡਲ ਤੇ ਏਸ਼ੀਆ ਖੇਡਾਂ 'ਚ ਭਾਰਤ ਲਈ ਤਗਮਿਆਂ ਦੀ ਝੜੀ ਲਾਉਂਦੇ ਨਜ਼ਰ ਆਉਣਗੇ। ਪੰਜਾਬ ਦੇ ਅਥਲੀਟਾਂ ਦੀ ਕਾਮਯਾਬੀ ਲਈ ਪੰਜਾਬ ਦੇ ਖੇਡ ਗੁਰੂਆਂ (ਕੋਚਾਂ) ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਭਾਰਤ ਵਲੋਂ ਉਲੰਪਿਕ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਏਸ਼ੀਆਈ ਤਗਮਾ ਜੇਤੂ ਤੇਜਿੰਦਰਪਾਲ ਸਿੰਘ ਤੂਰ ਤੇ ਉੱਭਰਦੇ ਤੇਜ਼ ਦੌੜਾਕ ਹਰਜੀਤ ਸਿੰਘ, ਅਰਸ਼ਦੀਪ ਸਿੰਘ ਬਰਾੜ (ਨੇਜਾ ਸੁੱਟਣ), ਕਰਨਵੀਰ ਸਿੰਘ (ਗੋਲਾ ਸੁੱਟਣ), ਨੇਹਾਰਕਾ ਵਿਸ਼ਿਸ਼ਟ (ਤੀਹਰੀ ਛਾਲ) ਅਤੇ ਦਮਨੀਤ ਸਿੰਘ (ਹੈਮਰ ਥ੍ਰੋਅਰ, ਰਿਲਾਇੰਸ ਫਾਊਂਡੇਸ਼ਨ) ਨੇ ਵੀ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲਿਆ। ਇਸ ਤੋਂ ਇਲਾਵਾ ਹੋਰ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਅਥਲੀਟਾਂ ਨੇ ਪੰਜਾਬ ਦੀ ਧਰਤੀ ਨੂੰ ਸਿਜਦਾ ਕੀਤਾ, ਪਰ ਦਰਸ਼ਕਾਂ ਦੀ ਘਾਟ ਰੜਕਦੀ ਜ਼ਰੂਰ ਨਜ਼ਰ ਆਈ। ਇਸ ਤਰਾਂ ਖੇਡ ਮੁਕਾਬਲਿਆਂ ਦਾ ਕੀਤਾ ਪ੍ਰਚਾਰ ਅਧੂਰਾ ਨਜ਼ਰ ਆਇਆ। ਅੱਜ ਫੀਫਾ ਵਿਸ਼ਵ ਕੱਪ 'ਚ ਲੋਕਾਂ ਦੀ ਦਿਲਚਸਪੀ ਦੀ ਗੱਲ ਕਰੀਏ ਤਾਂ ਖੇਡ ਪ੍ਰ੍ਰੇਮੀ ਅੱਧੀ ਰਾਤ ਨੂੰ ਉੱਠ ਕੇ ਮੈਚ ਦੇਖਣ ਨੂੰ ਵੀ ਤਿਆਰ ਹਨ ਤੇ ਸਟੇਡੀਅਮ ਵੀ ਖਚਾਖਚ ਭਰੇ ਹੁੰਦੇ ਹਨ। ਫਿਰ ਸਾਡੇ ਸਮਾਜ 'ਚ ਖੇਡਾਂ ਨੂੰ ਨਾ ਦੇਖਣ ਦਾ ਸ਼ੌਕ ਕਿਉਂ ਵਿਸਰ ਗਿਆ? ਜੇ ਇਹ ਖੇਡ ਮੁਕਾਬਲੇ ਸਕੂਲਾਂ ਦੇ ਬੱਚਿਆਂ ਨੂੰ ਦਿਖਾਏ ਜਾਂਦੇ ਤਾਂ ਬੱਚਿਆ ਨੂੰ ਖੇਡਾਂ ਪ੍ਰਤੀ ਮਾਨਸਿਕ ਤੇ ਸਰੀਰਕ ਤੌਰ ਸੁਚੇਤ ਕਰਨ ਲਈ ਚੰਗਾ ਉਪਰਾਲਾ ਹੋ ਸਕਦਾ ਸੀ। ਪੰਜਾਬ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਸੋਸ਼ਲ ਮੀਡੀਆ ਦੀ ਬਜਾਏ, ਸਟੇਡੀਅਮਾਂ 'ਚ ਬੈਠਾ ਕੇ ਖੇਡਾਂ ਦਿਖਾਉਣੀਆਂ ਲਾਹੇਵੰਦ ਹੋ ਸਕਦੀਆਂ ਹਨ। ਅਜਿਹੀ ਕੋਸ਼ਿਸ਼ ਨਾਲ ਏਸ਼ਿਆਈ ਤੇ ਉਲੰਪਿਕ ਪੱਧਰ ਦੇ ਖਿਡਾਰੀ ਬਣਾਏ ਜਾ ਸਕਦੇ ਹਨ। ਇਨ੍ਹਾਂ ਉਪਰਾਲਿਆਂ ਨਾਲ ਪੰਜਾਬ 'ਚ ਉੱਭਰਦੇ ਅਥਲੀਟਾਂ ਨੂੰ ਹੱਲਾਸ਼ੇਰੀ ਮਿਲੇਗੀ ਤੇ ਖੇਡ ਪੱਧਰ ਨੂੰ ਉੱਪਰ ਚੁੱਕਣ ਲਈ ਖੇਡ ਸੱਭਿਆਚਾਰ ਸਿਰਜਿਆ ਜਾ ਸਕਦਾ ਹੈ।

-ਪਿੰਡ+ਡਾਕ-ਬੌਂਦਲੀ, ਸਮਰਾਲਾ (ਲੁਧਿਆਣਾ)।
ਮੋਬਾਈਲ : 98761-53007

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ’ਚ ਸੰਤ ਬਾਬਾ ਹਰੀ ਸਿੰਘ ਦੀ ਯਾਦ ’ਚ ਫੁੱਟਬਾਲ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ‘ਆਪ ਸਰਕਾਰ’ ਲੋਕ ਮਨਾਂ ਤੋਂ ਮਨਫ਼ੀ ਹੋਈ- ਪ੍ਰਿਥੀਪਾਲ ਸਿੰਘ ਦਾਤਾ
Ad Position 24
No active advertisement