ਇਕ ਸਮਾਂ ਸੀ, ਜਦੋਂ ਪੰਜਾਬ ਨੂੰ ਭਾਰਤ ਦੀ ਖੇਡ ਨਰਸਰੀ ਕਿਹਾ ਜਾਂਦਾ ਸੀ। ਹਾਕੀ, ਅਥਲੈਟਿਕਸ, ਕਬੱਡੀ, ਕੁਸ਼ਤੀ, ਮੁੱਕੇਬਾਜ਼ੀ ਤੇ ਕਈ ਹੋਰ ਖੇਡਾਂ ਵਿਚ ਪੰਜਾਬ ਨੇ ਦੇਸ਼ ਨੂੰ ਅਣਗਿਣਤ ਚੈਂਪੀਅਨ ਦਿੱਤੇ। ਪਰ ਬਦਲਦੇ ਸਮੇਂ ਨਾਲ ਦੁਨੀਆ ਦੀ ਖੇਡ ਵਿਗਿਆਨ, ਤਕਨੀਕ ਤੇ ਡਾਟਾ-ਆਧਾਰਿਤ ਪ੍ਰਣਾਲੀ ਵੱਲ ਵਧ ਗਈ, ਜਦਕਿ ਪੰਜਾਬ ਦੀ ਰਫ਼ਤਾਰ ਮੱਠੀ ਪਈ ਰਹੀ। ਇਸ ਚੁਣੌਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 2019 'ਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਕੀਤੀ। ਇਸ ਦਾ ਉਦੇਸ਼ ਸਿਰਫ਼ ਖੇਡ ਸਿੱਖਿਆ ਨਹੀਂ, ਸਗੋਂ ਸਪੋਰਟਸ ਸਾਇੰਸ, ਸਪੋਰਟਸ ਟੈਕਨਾਲੋਜੀ, ਹਾਈ-ਪਰਫਾਰਮੈਂਸ ਟ੍ਰੇਨਿੰਗ, ਕੋਚਿੰਗ, ਖੋਜ ਤੇ ਅੰਤਰਰਾਸ਼ਟਰੀ ਮਿਆਰ ਦੀਆਂ ਸਹੂਲਤਾਂ ਵਿਕਸਤ ਕਰਨਾ ਹੈ। ਪਰ ਪਿਛਲੇ ਦੋ ਦਹਾਕਿਆਂ 'ਚ ਵਿਸ਼ਵ ਖੇਡਾਂ ਦੀ ਤਸਵੀਰ ਬਦਲ ਗਈ ਹੈ। ਹੁਣ ਸਿਰਫ਼ ਪ੍ਰਤਿਭਾ ਨਹੀਂ, ਸਗੋਂ ਸਪੋਰਟਸ ਸਾਇੰਸ, ਏ.ਆਈ., ਬਾਇਓਮਕੈਨਿਕਸ, ਸਪੋਰਟਸ ਮੈਡੀਸਨ, ਡਾਟਾ ਐਨਾਲਿਸਟ, ਨਿਊਟਰੀਸ਼ਨ ਸਾਈਕਾਲੋਜਿਸਟ ਤੇ ਤਕਨੀਕ ਵੀ ਤਗਮੇ ਜਿਤਾਉਂਦੇ ਹਨ। ਜੇ ਇਸ ਸੰਸਥਾ ਨੂੰ ਵਿਸ਼ਵ ਪੱਧਰੀ ਬਣਾਉਣਾ ਹੈ ਤਾਂ ਹੁਣ ਰਵਾਇਤੀ ਕੋਚਿੰਗ ਤੋਂ ਅੱਗੇ ਵਧ ਕੇ ਏ.ਆਈ. ਅਤੇ ਸਪੋਰਟਸ ਐਨਾਲਿਟਿਕ ਨੂੰ ਕੇਂਦਰ ਵਿਚ ਲਿਆਉਣਾ ਹੋਵੇਗਾ। ਅੱਜ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ, ਚੀਨ, ਜਪਾਨ ਵਰਗੇ ਦੇਸ਼ ਏ.ਆਈ. ਦੀ ਮਦਦ ਨਾਲ ਖਿਡਾਰੀਆਂ ਦੀ ਹਰ ਹਰਕਤ ਦਾ ਵਿਸ਼ਲੇਸ਼ਣ ਕਰਦੇ ਹਨ। ਏ.ਆਈ. ਪੰਜਾਬ ਦੀਆਂ ਖੇਡਾਂ ਨੂੰ ਕਿਵੇਂ ਇਸ ਸਿਸਟਮ ਨਾਲ ਬਦਲ ਸਕਦੀ ਹੈ, ਇਸ ਲਈ ਯੂਨੀਵਰਸਿਟੀ ਨੂੰ ਖਿਡਾਰੀਆਂ ਲਈ ਯੋਗ ਤੇ ਨਵੀ ਤਕਨੀਕ ਅਨੁਸਾਰ ਫ਼ੈਸਲੇ ਕਰਨ ਦੀ ਵਿਉਂਤਬੰਦੀ ਕਰਨੀ ਪਵੇਗੀ, ਜਿਸ ਵਿਚ ਦਾਖਲ ਹੋਣ ਵਾਲੇ ਹਰ ਖਿਡਾਰੀ ਦਾ ਡਾਟਾਬੇਸ ਤਿਆਰ ਕੀਤਾ ਜਾਵੇ। ਹਰ ਖਿਡਾਰੀ ਦਾ ਏ.ਆਈ. ਪਰਫਾਰਮੈਂਸ ਪ੍ਰੋਫਾਈਲ ਤਿਆਰ ਹੋਵੇ। ਵੀਡੀਓ ਐਨਾਲਿਟਿਕ ਰਾਹੀਂ ਤਕਨੀਕੀ ਗਲਤੀਆਂ ਦੀ ਤੁਰੰਤ ਪਛਾਣ ਹੋਵੇ। ਵੇਰੀਏਬਲ ਸੈਂਸਰ ਨਾਲ ਸਰੀਰਕ ਲੋਡ, ਰਿਕਵਰੀ ਤੇ ਸੱਟ ਦੇ ਖ਼ਤਰੇ ਦੀ ਨਿਗਰਾਨੀ ਕੀਤੀ ਜਾਵੇ। ਏ. ਆਈ. ਟੇਲੈਂਟ ਆਈਡੈਂਟੀਫਿਕੇੇਸ਼ਨ ਰਾਹੀਂ ਪਿੰਡਾਂ ਦੇ ਬੱਚਿਆਂ 'ਚ ਲੁਕੇ ਹੁਨਰ ਦੀ ਵਿਗਿਆਨਕ ਪਛਾਣ ਹੋਵੇ। ਸਪਰੋਟਸ ਇੰਜਰੀ ਪ੍ਰੀਡਿਕਸ਼ਨ ਮਾਡਲ ਨਾਲ ਖਿਡਾਰੀਆਂ ਦਾ ਕਰੀਅਰ ਲੰਬਾ ਬਣਾਇਆ ਜਾਵੇ। ਜਿੱਥੇ ਖਿਡਾਰੀ ਲਈ ਖੇਡਾਂ ਜ਼ਰੂਰੀ ਹਨ, ਉੱਥੇ ਪੜ੍ਹਾਈ ਵੀ ਓਨੀ ਹੀ ਜ਼ਰੂਰੀ ਹੈ ਤੇ ਇਸ ਮਕਸਦ ਨੂੰ ਲੈ ਕੇ ਯੂਨੀਵਰਸਿਟੀ ਨੂੰ ਆਪਣੇ ਸਿਲੇਬਸ ਵਿਚ ਕੁਝ ਜ਼ਰੂਰੀ ਬਦਲਾਅ ਕਰਨੇ ਪੈ ਸਕਦੇ ਹਨ। ਇਸ ਲਈ ਸਿਲੇਬਸ ਨੂੰ ਨਵੀਂ ਤਕਨੀਕ ਅਨੁਸਾਰ ਬਦਲ ਕੇ ਖਿਡਾਰੀਆਂ ਲਈ ਨਵੇਂ ਕੋਰਸ ਸ਼ੁਰੂ ਕਰਨੇ ਚਾਹੀਦੇ ਹਨ। ਹਰ ਜ਼ਿਲ੍ਹੇ ਵਿਚ ਯੂਨੀਵਰਸਿਟੀ ਨਾਲ ਜੁੜਿਆ ਟੇਲੈਂਟ ਆਈਡੈਂਟੀਫਿਕੇਸ਼ਨ ਸੈਂਟਰ, ਹਰ ਖਿਡਾਰੀ ਲਈ ਡਿਜੀਟਲ ਅਥਲੀਟ ਪਾਸਪੋਰਟ, ਵਿਦੇਸ਼ੀ ਯੂਨੀਵਰਸਿਟੀਆਂ ਤੇ ਉਲੰਪਿਕ ਸਿਖਲਾਈ ਕੇਂਦਰਾਂ ਨਾਲ ਸਾਂਝੇ ਪ੍ਰੋਗਰਾਮ, ਸਪੋਰਟਸ ਸਾਇੰਸ, ਮਨੋਵਿਗਿਆਨ, ਪੋਸ਼ਣ ਤੇ ਡਾਟਾ ਵਿਸ਼ਲੇਸ਼ਣ ਨੂੰ ਹਰ ਟੀਮ ਦਾ ਲਾਜ਼ਮੀ ਹਿੱਸਾ ਬਣਾਇਆ ਜਾਵੇ। ਹਾਕੀ, ਅਥਲੈਟਿਕਸ, ਕਬੱਡੀ ਤੇ ਕੁਸ਼ਤੀ ਲਈ ਵਿਸ਼ੇਸ਼ ਸੈਂਟਰ ਫਾਰ ਐਕਸੀਲੈਂਸ ਹੋਣ। ਸਾਬਕਾ ਉਲੰਪੀਅਨਾਂ ਨੂੰ ਮੈਂਟਰ ਪ੍ਰੋਗਰਾਮ ਨਾਲ ਜੋੜਿਆ ਜਾਵੇ। ਪੰਜਾਬ ਦਾ ਪਹਿਲਾ ਸਪੋਰਟਸ ਇਨੋਵੇਸ਼ਨ ਐਂਡ ਸਟਾਰਟਅਪ ਹੱਬ ਬਣਾਇਆ ਜਾਵੇ, ਜਿੱਥੇ ਨੌਜਵਾਨ ਏ.ਆਈ., ਸਪੋਰਟਸ ਟੈਕਨਾਲੋਜੀ ਤੇ ਸਪੋਰਟਸ ਇਕਿਊਪਮੈਂਟ ਵਿਚ ਨਵੇਂ ਉੱਦਮ ਸ਼ੁਰੂ ਕਰ ਸਕਣ। ਜੇ ਪੰਜਾਬ ਨੂੰ 2036 ਤੇ ਉਸ ਤੋਂ ਬਾਅਦ ਦੇ ਉਲੰਪਿਕ ਲਈ ਸਭ ਤੋਂ ਵੱਧ ਤਗਮਾ ਜੇਤੂ ਰਾਜ ਬਣਾਉਣਾ ਹੈ ਤਾਂ ਯੂਨੀਵਰਸਿਟੀ ਨੂੰ ਸਿਰਫ਼ ਅਕਾਦਮਿਕ ਸੰਸਥਾ ਨਹੀਂ, ਸਗੋਂ ਖਿਡਾਰੀ, ਕੋਚ, ਵਿਗਿਆਨੀ ਤੇ ਤਕਨੀਕ ਦਾ ਇਕ ਇਕੱਠਾ ਕੇਂਦਰ ਬਣਨਾ ਪਵੇਗਾ। ਆਉਣ ਵਾਲਾ ਸਮਾਂ ਸਿਰਫ਼ ਮੈਦਾਨ ਵਿਚ ਦੌੜਨ ਵਾਲਿਆਂ ਦਾ ਨਹੀਂ ਹੋਵੇਗਾ, ਉਨ੍ਹਾਂ ਦਾ ਵੀ ਹੋਵੇਗਾ ਜੋ ਡਾਟਾ ਪੜ੍ਹਣਗੇ, ਏ.ਆਈ. ਨਾਲ ਪ੍ਰਦਰਸ਼ਨ ਸੁਧਾਰਨਗੇ, ਸੱਟਾਂ ਘਟਾਉਣਗੇ ਅਤੇ ਵਿਗਿਆਨ ਦੇ ਆਧਾਰ 'ਤੇ ਚੈਂਪੀਅਨ ਤਿਆਰ ਕਰਨਗੇ। ਜੇ ਪੰਜਾਬ ਸਪੋਰਟਸ ਯੂਨੀਵਰਸਿਟੀ ਆਪਣੇ ਉਦੇਸ਼ਾਂ ਨੂੰ ਪੂਰੀ ਦ੍ਰਿੜਤਾ ਨਾਲ ਲਾਗੂ ਕਰੇ ਤਾਂ ਪੰਜਾਬ ਮੁੜ ਭਾਰਤ ਦੀ ਖੇਡ ਰਾਜਧਾਨੀ ਬਣ ਸਕਦਾ ਹੈ।
-ਮੋਬਾਈਲ : 98729-78781