ਫੀਫਾ ਵਿਸ਼ਵ ਕੱਪ ਦੁਨੀਆ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਹੈ, ਜਿਸ ਨੂੰ ਲਗਭਗ ਸਾਰੀ ਦੁਨੀਆ ਦੇਖਦੀ ਹੈ। ਪਿਛਲਾ ਵਿਸ਼ਵ ਕੱਪ 2022 'ਚ ਕਤਰ ਵਿਚ ਕਰਵਾਇਆ ਗਿਆ ਸੀ, ਜਿਸ ਨੂੰ 5 ਅਰਬ ਤੋਂ ਵੱਧ ਲੋਕਾਂ ਨੇ ਦੇਖਿਆ ਸੀ। ਇਸ ਵਾਰ 2026 ਦਾ ਵਿਸ਼ਵ ਕੱਪ ਜੋ ਅਮਰੀਕਾ, ਕੈਨੇਡਾ ਤੇ ਮੈਕਸੀਕੋ 'ਚ ਖੇਡਿਆ ਜਾ ਰਿਹਾ ਹੈ, ਵਿਚ ਇਹ ਰਿਕਾਰਡ ਟੁੱਟਣ ਦੀ ਪੂਰੀ ਸੰਭਾਵਨਾ ਹੈ। ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਕ੍ਰਿਕਟ ਵਿਚ ਵਿਸ਼ਵ ਸ਼ਕਤੀ ਮੰਨਿਆ ਜਾਂਦਾ ਹੈ, ਪਰ ਜਦੋਂ ਗੱਲ ਫੁੱਟਬਾਲ ਦੀ ਆਉਂਦੀ ਹੈ ਤਾਂ ਲਗਭਗ 1.5 ਅਰਬ ਲੋਕਾਂ ਵਾਲਾ ਇਹ ਦੇਸ਼ ਅਜੇ ਤੱਕ ਫੀਫਾ ਵਿਸ਼ਵ ਕੱਪ ਦੇ ਮੰਚ 'ਤੇ ਆਪਣੀ ਥਾਂ ਨਹੀਂ ਬਣਾ ਸਕਿਆ। ਇਹ ਸਵਾਲ ਅਕਸਰ ਖੇਡ ਪ੍ਰੇਮੀਆਂ ਦੇ ਮਨ 'ਚ ਉੱਠਦਾ ਹੈ ਕਿ ਇੰਨੀ ਵੱਡੀ ਆਬਾਦੀ ਤੇ ਖੇਡਾਂ ਲਈ ਜਜ਼ਬੇ ਦੇ ਬਾਵਜੂਦ ਭਾਰਤ ਫੁੱਟਬਾਲ 'ਚ ਪਿੱਛੇ ਕਿਉਂ ਹੈ?
ਫੁੱਟਬਾਲ ਦੇ ਵਿਕਾਸ ਲਈ ਹਜ਼ਾਰਾਂ ਮੈਦਾਨ, ਉੱਚ ਪੱਧਰੀ ਕੋਚਿੰਗ ਸੈਂਟਰ ਤੇ ਜ਼ਮੀਨੀ ਪੱਧਰ 'ਤੇ ਪ੍ਰੋਗਰਾਮਾਂ ਦੀ ਲੋੜ ਹੁੰਦੀ ਹੈ। ਭਾਰਤ ਦੇ ਕਈ ਹਿੱਸਿਆਂ ਵਿਚ ਬੱਚਿਆਂ ਲਈ ਸਹੀ ਸਿਖਲਾਈ ਸਹੂਲਤਾਂ ਤੇ ਮਿਆਰੀ ਮੈਦਾਨਾਂ ਦੀ ਘਾਟ ਹੈ। ਨਤੀਜੇ ਵਜੋਂ ਕਈ ਹੁਨਰ ਸ਼ੁਰੂਆਤੀ ਪੜਾਅ 'ਤੇ ਹੀ ਖਤਮ ਹੋ ਜਾਂਦੇ ਹਨ। ਫੁੱਟਬਾਲ ਦੀਆਂ ਮਹਾਸ਼ਕਤੀਆਂ ਬ੍ਰਾਜ਼ੀਲ, ਅਰਜਨਟੀਨਾ, ਜਰਮਨੀ, ਸਪੇਨ, ਫਰਾਂਸ, ਇੰਗਲੈਂਡ ਆਦਿ ਦੇਸ਼ਾਂ ਵਿਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪੇਸ਼ੇਵਰ ਅਕੈਡਮੀਆਂ ਨਾਲ ਜੋੜਿਆ ਜਾਂਦਾ ਹੈ। ਭਾਰਤ ਵਿਚ ਇਹ ਪ੍ਰਣਾਲੀ ਹਾਲੇ ਵੀ ਸੀਮਤ ਹੈ ਤੇ ਬਹੁਤ ਘੱਟ ਖਿਡਾਰੀ ਅੰਤਰਰਾਸ਼ਟਰੀ ਮਿਆਰ ਤੱਕ ਪਹੁੰਚਦੇ ਹਨ। ਭਾਰਤੀ ਖਿਡਾਰੀਆਂ ਨੂੰ ਉੱਚ ਪੱਧਰੀ ਅੰਤਰਰਾਸ਼ਟਰੀ ਲੀਗਾਂ 'ਚ ਖੇਡਣ ਦੇ ਮੌਕੇ ਘੱਟ ਮਿਲਦੇ ਹਨ। ਯੂਰਪ ਦੀਆਂ ਵੱਡੀਆਂ ਲੀਗਾਂ 'ਚ ਭਾਰਤੀ ਖਿਡਾਰੀਆਂ ਦੀ ਮੌਜੂਦਗੀ ਲਗਭਗ ਨਾਮਾਤਰ ਹੈ, ਜਿਸ ਕਾਰਨ ਉਨ੍ਹਾਂ ਨੂੰ ਵਿਸ਼ਵ ਪੱਧਰ ਦੇ ਮੁਕਾਬਲੇ ਦਾ ਅਨੁਭਵ ਨਹੀਂ ਮਿਲਦਾ। ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਸਤੇ ਫੁੱਟਬਾਲ ਵਿਸ਼ਵ ਕੱਪ 'ਚ ਹਿੱਸਾ ਲੈ ਰਹੀਆਂ ਏਸ਼ੀਆ ਦੀਆਂ ਮਜ਼ਬੂਤ ਟੀਮਾਂ ਜਪਾਨ, ਦੱਖਣੀ ਕੋਰੀਆ, ਈਰਾਨ, ਕਤਰ ਤੇ ਸਾਊਦੀ ਅਰਬ ਨੂੰ ਹਰਾਉਣਾ ਪੈਂਦਾ ਹੈ। ਭਾਰਤ ਦੀ ਫੀਫਾ ਰੈਂਕਿੰਗ ਲੰਬੇ ਸਮੇਂ ਤੋਂ ਇਨ੍ਹਾਂ ਟੀਮਾਂ ਨਾਲੋਂ ਕਾਫ਼ੀ ਹੇਠਾਂ ਰਹੀ ਹੈ, ਜਿਸ ਕਾਰਨ ਕੁਆਲੀਫਿਕੇਸ਼ਨ ਮੁਸ਼ਕਿਲ ਬਣ ਜਾਂਦੀ ਹੈ। ਭਾਰਤ ਦੀ ਸਭ ਤੋਂ ਵਧੀਆ ਫੀਫਾ ਰੈਂਕਿੰਗ 1996 'ਚ 94ਵੀਂ ਰਹੀ ਸੀ, ਪਰ ਮੌਜੂਦਾ ਰੈਕਿੰਗ 138ਵੀਂ ਹੈ। ਸੁਨੀਲ ਛੇਤਰੀ ਨੂੰ ਭਾਰਤੀ ਫੁੱਟਬਾਲ ਦਾ ਸਭ ਤੋਂ ਵੱਡਾ ਆਧੁਨਿਕ ਖਿਡਾਰੀ ਮੰਨਿਆ ਜਾਂਦਾ ਹੈ। ਉਹ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਸਾਲ ਦੇ ਸਰਬੋਤਮ ਖਿਡਾਰੀ ਦਾ ਖ਼ਿਤਾਬ 7 ਵਾਰ ਜਿੱਤ ਚੁੱਕਾ ਹੈ ਤੇ ਅੰਤਰਰਾਸ਼ਟਰੀ ਫੁੱਟਬਾਲ 'ਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਹੈ, ਪਰ ਉਹ ਵੀ ਭਾਰਤ ਨੂੰ ਇਸ ਮੁਕਾਮ ਤੱਕ ਨਹੀਂ ਲਿਜਾ ਸਕਿਆ। ਪਿਛਲੇ ਕੁਝ ਸਾਲਾਂ ਵਿਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਤੇ ਇੰਡੀਅਨ ਸੁਪਰ ਲੀਗ ਨੇ ਫੁੱਟਬਾਲ ਦੇ ਵਿਕਾਸ ਲਈ ਕਈ ਯਤਨ ਕੀਤੇ ਹਨ। ਅਕੈਡਮੀਆਂ, ਵਿਦੇਸ਼ੀ ਕੋਚਾਂ ਤੇ ਲੀਗ ਪ੍ਰਣਾਲੀ ਵਿਚ ਸੁਧਾਰ ਨਾਲ ਭਾਰਤੀ ਫੁੱਟਬਾਲ ਅੱਗੇ ਵਧ ਰਿਹਾ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਤੱਕ ਪਹੁੰਚਣ ਲਈ ਭਾਰਤ ਨੂੰ ਅਜੇ ਵੀ ਕਈ ਸਾਲਾਂ ਦੀ ਲਗਾਤਾਰ ਯੋਜਨਾ, ਨਿਵੇਸ਼ ਤੇ ਗਰਾਸਰੂਟ ਵਿਕਾਸ ਦੀ ਲੋੜ ਹੈ। ਭਾਰਤ ਦਾ ਵਿਸ਼ਵ ਕੱਪ 'ਚ ਨਾ ਪਹੁੰਚਣ ਦਾ ਕਾਰਨ ਆਬਾਦੀ ਨਹੀਂ, ਸਗੋਂ ਫੁੱਟਬਾਲ ਢਾਂਚੇ, ਨਿਵੇਸ਼, ਯੁਵਾ ਵਿਕਾਸ ਤੇ ਅੰਤਰਰਾਸ਼ਟਰੀ ਮੁਕਾਬਲੇ ਦੇ ਅਨੁਭਵ ਦੀ ਘਾਟ ਹੈ। ਜੇ ਦੇਸ਼ ਲੰਬੇ ਸਮੇਂ ਲਈ ਸਹੀ ਰਣਨੀਤੀ 'ਤੇ ਕੰਮ ਕਰਦਾ ਹੈ ਤਾਂ ਆਉਣ ਵਾਲੇ ਦਹਾਕਿਆਂ 'ਚ ਭਾਰਤ ਵੀ ਫੀਫਾ ਵਿਸ਼ਵ ਕੱਪ ਵਿਚ ਖੇਡਦਾ ਦੇਖਿਆ ਜਾ ਸਕਦਾ ਹੈ।
-'ਅਜੀਤ' ਪ੍ਰਤੀਨਿਧ, ਗਲਾਸਗੋ, ਸਕਾਟਲੈਂਡ (ਯੂ.ਕੇ.)
ਮੋਬਾਈਲ : 00447515937916