ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਫੀਫਾ ਵਿਸ਼ਵ ਕੱਪ 'ਚ ਕੇਪ ਵਰਡੇ ਦੇਸ਼ ਬਣਿਆ ਨਵਾਂ ਸਿਤਾਰਾ

Ad Position 21
No active advertisement
ਅਜੀਤ ਡੈਸਕ 23-06-2026

ਫੁੱਟਬਾਲ ਦੀ ਦੁਨੀਆ 'ਚ ਬ੍ਰਾਜ਼ੀਲ, ਅਰਜਨਟੀਨਾ, ਜਰਮਨੀ, ਸਪੇਨ ਤੇ ਫਰਾਂਸ ਵਰਗੀਆਂ ਮਹਾਂਸ਼ਕਤੀਆਂ ਦੇ ਨਾਂਅ ਅਕਸਰ ਸੁਣਨ ਨੂੰ ਮਿਲਦੇ ਹਨ ਪਰ 2026 ਦੇ ਫੀਫਾ ਵਿਸ਼ਵ ਕੱਪ ਨੇ ਇਕ ਅਜਿਹੀ ਕਹਾਣੀ ਦੁਨੀਆ ਸਾਹਮਣੇ ਰੱਖੀ ਹੈ, ਜੋ ਸਿਰਫ਼ ਖੇਡ ਨਹੀਂ, ਸਗੋਂ ਹੌਸਲੇ, ਜਜ਼ਬੇ ਤੇ ਸੁਪਨਿਆਂ ਦੀ ਜਿੱਤ ਦਾ ਪ੍ਰਤੀਕ ਬਣ ਗਈ ਹੈ। ਇਹ ਕਹਾਣੀ ਹੈ ਅਫ਼ਰੀਕਾ ਦੇ ਛੋਟੇ ਜਿਹੇ ਟਾਪੂ ਦੇਸ਼ ਕੇਪ ਵਰਡੇ ਦੀ, ਜਿਸ ਨੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਕਹਾਣੀ ਸਿਰਫ਼ ਇਕ ਫੁੱਟਬਾਲ ਟੀਮ ਦੀ ਨਹੀਂ, ਸਗੋਂ ਉਸ ਵਿਸ਼ਵਾਸ ਦੀ ਹੈ, ਜੋ ਦੱਸਦਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਤੁਹਾਡੇ ਸੁਪਨਿਆਂ ਤੋਂ ਦੂਰ ਨਹੀਂ ਰੱਖ ਸਕਦੀ। ਅਫ਼ਰੀਕਾ ਦੇ ਪੱਛਮੀ ਤੱਟ ਤੋਂ ਦੂਰ ਅਟਲਾਂਟਿਕ ਮਹਾਂਸਾਗਰ ਵਿਚ ਵਸਿਆ ਇਹ ਦੇਸ਼ ਜਿਸ ਦੀ ਕੁੱਲ ਆਬਾਦੀ ਸਵਾ 5 ਕੁ ਲੱਖ ਦੇ ਕਰੀਬ ਹੈ, ਅੱਜ ਫੁੱਟਬਾਲ ਦੀ ਦੁਨੀਆ 'ਚ ਨਵੀਂ ਪਛਾਣ ਬਣ ਚੁੱਕਾ ਹੈ। ਇਸ ਦੇਸ਼ ਨੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਕੇ ਸਾਬਤ ਕਰ ਦਿੱਤਾ ਹੈ ਕਿ ਫੁੱਟਬਾਲ ਸਿਰਫ਼ ਪੈਸੇ ਜਾਂ ਵੱਡੀ ਆਬਾਦੀ ਦੀ ਖੇਡ ਨਹੀਂ, ਸਗੋਂ ਹਿੰਮਤ, ਯੋਜਨਾ ਤੇ ਜਜ਼ਬੇ ਦੀ ਖੇਡ ਹੈ। ਉਸ ਵੇਲੇ ਪੂਰਾ ਦੇਸ਼ ਸੜਕਾਂ 'ਤੇ ਉਤਰ ਆਇਆ, ਜਦੋਂ 13 ਅਕਤੂਬਰ 2025 ਦੀ ਰਾਤ ਕੇਪ ਵਰਡੇ ਦੇ ਇਤਿਹਾਸ ਵਿਚ ਸਭ ਤੋਂ ਸੁਨਹਿਰੀ ਰਾਤ ਬਣ ਗਈ। ਜਿਵੇਂ ਹੀ ਟੀਮ ਨੇ ਵਿਸ਼ਵ ਕੱਪ ਦੀ ਟਿਕਟ ਪੱਕੀ ਕੀਤੀ, ਰਾਜਧਾਨੀ ਪ੍ਰਾਇਆ ਤੋਂ ਲੈ ਕੇ ਛੋਟੇ-ਛੋਟੇ ਟਾਪੂਆਂ ਤੱਕ ਖੁਸ਼ੀ ਦੀ ਲਹਿਰ ਦੌੜ ਗਈ। ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਪੂਰਾ ਦੇਸ਼ ਇਕ ਪਰਿਵਾਰ ਵਾਂਗ ਆਪਣੀ ਸਭ ਤੋਂ ਵੱਡੀ ਖੇਡ ਪ੍ਰਾਪਤੀ ਦਾ ਜਸ਼ਨ ਮਨਾਉਣ ਲੱਗਾ। ਇਹ ਜਿੱਤ ਉਸ ਦੇਸ਼ ਦੀ ਪਛਾਣ ਬਣ ਗਈ, ਜਿਸ ਨੂੰ ਦੁਨੀਆ ਦੇ ਬਹੁਤੇ ਲੋਕ ਦੁਨੀਆ ਦੇ ਨਕਸ਼ੇ 'ਤੇ ਜਾਣਦੇ ਵੀ ਨਹੀਂ ਸਨ। ਕੇਪ ਵਰਡੇ ਦੀ ਕਾਮਯਾਬੀ ਦਾ ਰਾਜ ਉਸ ਦੇ ਪ੍ਰਵਾਸੀ ਖਿਡਾਰੀਆਂ 'ਚ ਲੁਕਿਆ ਹੈ। ਪੁਰਤਗਾਲ, ਫਰਾਂਸ, ਨੀਦਰਲੈਂਡ, ਬੈਲਜੀਅਮ ਤੇ ਅਮਰੀਕਾ ਵਿਚ ਰਹਿੰਦੇ ਕੇਪ ਵਰਡੇ ਮੂਲ ਦੇ ਖਿਡਾਰੀਆਂ ਨੂੰ ਇਕ ਝੰਡੇ ਹੇਠ ਲਿਆਂਦਾ ਗਿਆ। ਇਨ੍ਹਾਂ ਖਿਡਾਰੀਆਂ ਨੇ ਆਪਣੇ ਜਨਮ ਸਥਾਨ ਨਹੀਂ, ਸਗੋਂ ਆਪਣੀਆਂ ਜੜ੍ਹਾਂ ਨੂੰ ਚੁਣਿਆ ਅਤੇ ਮਾਤ ਭੂਮੀ ਲਈ ਖੇਡਣ ਦਾ ਫ਼ੈਸਲਾ ਕੀਤਾ। ਇਹੀ ਇਕਜੁੱਟਤਾ ਅੱਜ ਉਨ੍ਹਾਂ ਨੂੰ ਵਿਸ਼ਵ ਕੱਪ ਤੱਕ ਲੈ ਕੇ ਆਈ ਹੈ ਤੇ ਸਪੇਨ ਦੇ ਸਾਹਮਣੇ ਵੀ ਇਨ੍ਹਾਂ ਹਿੰਮਤ ਨਹੀਂ ਝੁਕਾਈ। ਕੇਪ ਵਰਡੇ ਦੀ ਕੌਮੀ ਟੀਮ ਨੂੰ 'ਬਲੂ ਸ਼ਾਰਕਸ' ਕਿਹਾ ਜਾਂਦਾ ਹੈ। ਇਸ ਟੀਮ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਵਿਸ਼ਵ ਭਰ ਵਿੱਚ ਫੈਲਿਆ ਹੋਇਆ ਪ੍ਰਵਾਸੀ ਭਾਈਚਾਰਾ ਹੈ। ਵਿਸ਼ਵ ਕੱਪ ਦੇ ਮੰਚ 'ਤੇ ਪਹਿਲਾ ਮੁਕਾਬਲਾ ਸਪੇਨ ਵਰਗੀ ਵਿਸ਼ਵ ਪੱਧਰੀ ਤਾਕਤ ਨਾਲ ਸੀ। ਨਤੀਜਾ ਭਾਵੇਂ ਕੇਪ ਵਰਡੇ ਦੇ ਹੱਕ 'ਚ ਨਹੀਂ ਗਿਆ ਪਰ ਮੈਦਾਨ 'ਤੇ ਉਨ੍ਹਾਂ ਦੇ ਲੜਾਕੂਆਂ ਨੇ ਜੋ ਜਜ਼ਬਾ ਦਿਖਾਇਆ, ਉਸ ਨੇ ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਦਾ ਦਿਲ ਜਿੱਤ ਲਿਆ।
ਕੇਪ ਵਰਡੇ ਦੀ ਕਹਾਣੀ ਭਾਰਤੀ ਫੁੱਟਬਾਲ ਲਈ ਇਕ ਵੱਡਾ ਸਬਕ ਹੈ। ਇਕ ਪਾਸੇ 140 ਕਰੋੜ ਤੋਂ ਵੱਧ ਆਬਾਦੀ ਵਾਲਾ ਭਾਰਤ ਹੈ, ਜੋ ਅਜੇ ਵੀ ਵਿਸ਼ਵ ਕੱਪ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਸਵਾ 5 ਲੱਖ ਦੀ ਆਬਾਦੀ ਵਾਲਾ ਦੇਸ਼ ਵਿਸ਼ਵ ਕੱਪ ਦੇ ਮੈਦਾਨ 'ਤੇ ਉਤਰ ਚੁੱਕਾ ਹੈ। ਇਹ ਦੱਸਦਾ ਹੈ ਕਿ ਕਾਮਯਾਬੀ ਦਾ ਰਾਹ ਆਬਾਦੀ ਨਹੀਂ, ਸਗੋਂ ਸਹੀ ਨੀਤੀ, ਮਜ਼ਬੂਤ ਜ਼ਮੀਨੀ ਬੁਨਿਆਦੀ ਢਾਂਚਾ, ਕੋਚਿੰਗ, ਹੁਨਰ ਦੀ ਪਛਾਣ ਅਤੇ ਲੰਬੇ ਸਮੇਂ ਦੀ ਯੋਜਨਾ ਰਾਹੀਂ ਬਣਦਾ ਹੈ। ਜੇ ਕੇਪ ਵਰਡੇ ਅਜਿਹਾ ਕਰ ਸਕਦਾ ਹੈ ਤਾਂ ਭਾਰਤ ਵੀ ਚੰਗੀ ਰਣਨੀਤੀ ਨਾਲ ਵਿਸ਼ਵ ਕੱਪ ਦੇ ਮੰਚ 'ਤੇ ਜ਼ਰੂਰ ਪਹੁੰਚ ਸਕਦਾ ਹੈ।

-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਯੂਏਫਾ ਚੈਂਪੀਅਨ ਲੀਗ 2025 26 ਪੀ.ਐੱਸ.ਜੀ. ਦਾ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਨਾ ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇ ਤਹਿਤ ਗੋਲੀ ਮਾਰ ਕੇ ਕੀਤਾ ਜ਼ਖ਼ਮੀ
Ad Position 24
No active advertisement