ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਕੰਢੀ ਇਲਾਕੇ 'ਚ ਖੇਤੀ ਭਿੰਨਤਾ ਤੇ ਨਵੀਆਂ ਸੰਭਾਵਨਾਵਾਂ

Ad Position 21
No active advertisement
ਅਜੀਤ ਡੈਸਕ 07-07-2026

ਪੰਜਾਬ ਦਾ ਕੰਢੀ ਦਾ ਇਲਾਕਾ ਪਠਾਨਕੋਟ ਤੋਂ ਲੈ ਕੇ ਮੋਹਾਲੀ ਤੱਕ 5 ਜ਼ਿਲ੍ਹਿਆਂ ਵਿਚ ਫੈਲਿਆ ਹੋਇਆ ਹੈ ਅਤੇ ਪੰਜਾਬ ਦਾ ਲਗਭਗ 10 ਫ਼ੀਸਦੀ ਰਕਬਾ ਬਣਦਾ ਹੈ। ਇਹ ਹਿਮਾਚਲ ਦੀਆਂ ਪਹਾੜੀਆਂ ਅਤੇ ਪੰਜਾਬ ਦੇ ਪੱਧਰੇ ਇਲਾਕਿਆਂ ਵਿਚ ਇਕ ਨੀਮ ਪਹਾੜੀ ਇਲਾਕਾ ਹੈ। ਇੱਥੋਂ ਦੀਆਂ ਜ਼ਮੀਨਾਂ ਉੱਚੀਆਂ-ਨੀਵੀਆਂ ਹੋਣ ਕਰਕੇ ਭੌਂ-ਖੋਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਅਤੇ ਜ਼ਮੀਨੀ ਪਾਣੀ ਬਹੁਤ ਹੀ ਡੂੰਘਾ ਹੈ। ਇੱਥੋਂ ਦੇ ਕਿਸਾਨਾਂ ਦਾ ਜੀਵਨ ਪੱਧਰ ਘੱਟ ਜ਼ਮੀਨਾਂ ਅਤੇ ਘੱਟ ਸਾਧਨ ਹੋਣ ਕਰਕੇ ਬਾਕੀ ਪੰਜਾਬ ਦੇ ਕਿਸਾਨਾਂ ਨਾਲੋਂ ਆਰਥਿਕ ਅਤੇ ਸਮਾਜਿਕ ਤੌਰ 'ਤੇ ਨੀਵਾਂ ਹੈ। ਕੰਢੀ ਖੇਤਰ ਵਿਚ ਪਾਣੀ ਦੀ ਘਾਟ ਕਰਕੇ ਬਹੁਤ ਸਾਰੇ ਇਲਾਕਿਆਂ ਵਿਚ ਫ਼ਸਲਾਂ ਦੀ ਬਿਜਾਈ ਵੀ ਨਹੀਂ ਹੁੰਦੀ। ਕੰਢੀ ਇਲਾਕੇ ਵਿਚ ਲਗਭਗ 1000 ਮਿ.ਮੀ. ਵਰਖਾ ਹੁੰਦੀ ਹੈ, ਜੋ ਬਾਕੀ ਪੰਜਾਬ ਨਾਲੋਂ ਕਾਫ਼ੀ ਜ਼ਿਆਦਾ ਹੈ। ਪੰਜਾਬ ਦਾ ਜੰਗਲਾਂ ਅਧੀਨ ਰਕਬਾ ਸਭ ਤੋਂ ਜ਼ਿਆਦਾ ਕੰਢੀ ਖੇਤਰ ਵਿਚ ਹੈ। ਇਸ ਇਲਾਕੇ ਦੇ ਛੋਟੇ ਕਿਸਾਨ ਖੇਤੀ ਵਿਚ ਪਹਿਲਾਂ ਹੀ ਖੇਤੀ ਭਿੰਨਤਾ ਰੱਖਦੇ ਹਨ ਪਰ ਹੁਣ ਇਸ ਭਿੰਨਤਾ ਨੂੰ ਵਧਾਉਣ ਦੀਆਂ ਅਨੇਕਾਂ ਹੋਰ ਸੰਭਾਵਨਾਵਾਂ ਹਨ। ਮੌਸਮ ਤਬਦੀਲੀਆਂ ਕਰਕੇ ਖੇਤੀ ਵਿਚ ਵਿਭਿੰਨਤਾ ਲਿਆਉਣੀ ਹੋਰ ਵੀ ਜ਼ਰੂਰੀ ਹੋ ਗਈ ਹੈ। ਇਸ ਇਲਾਕੇ ਦੇ ਕਿਸਾਨ ਖੇਤੀ ਵਿਭਿੰਨਤਾ ਲਈ ਹੇਠ ਲਿਖੀਆਂ ਕੁਝ ਤਕਨੀਕਾਂ ਅਪਣਾ ਸਕਦੇ ਹਨ:-
1. ਸਾਉਣੀ ਦੀ ਮੱਕੀ-ਕੰਢੀ ਇਲਾਕੇ ਵਿਚ ਪਾਣੀ ਦੀ ਘਾਟ ਕਾਰਨ ਝੋਨੇ ਦੀ ਕਾਸ਼ਤ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਇਲਾਕੇ ਦੀ ਰਵਾਇਤੀ ਫ਼ਸਲ ਸਾਉਣੀ ਦੀ ਮੱਕੀ ਬਿਨਾਂ ਸਿੰਚਾਈ ਕੀਤੇ ਮੀਂਹ ਦੇ ਪਾਣੀ ਨਾਲ ਹੀ ਤਿਆਰ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੁਣ ਮੱਕੀ ਦੀਆਂ ਨਵੀਆਂ ਕਿਸਮਾਂ ਸਿਫ਼ਾਰਸ਼ ਕੀਤੀਆਂ ਹਨ, ਜਿਨ੍ਹਾਂ ਦਾ ਬੀਜ ਵੀ ਹਰ ਸਾਲ ਖਰੀਦਣ ਦੀ ਲੋੜ ਨਹੀਂ ਅਤੇ ਉਨ੍ਹਾਂ ਦੇ ਆਟਾ ਵੀ ਦੇਸੀ ਮੱਕੀ ਵਰਗਾ ਬਣਦਾ ਹੈ। ਕਿਸਾਨ ਖ਼ਾਸ ਤੌਰ 'ਤੇ ਮੱਕੀ ਦੀ ਜੇਸੀ-4 ਕਿਸਮ ਬੀਜ ਕੇ ਇਸ ਦਾ ਆਟਾ ਤਿਆਰ ਕਰਕੇ ਵੇਚ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਮੁਨਾਫ਼ਾ ਹੋ ਸਕਦਾ ਹੈ। ਬਾਜ਼ਾਰ ਵਿਚ ਦੇਸੀ ਮੱਕੀ ਦੇ ਆਟੇ ਦੀ ਬਹੁਤ ਜ਼ਿਆਦਾ ਮੰਗ ਹੈ ਤੇ ਉਸ ਦਾ ਚੰਗਾ ਮੁੱਲ ਮਿਲਦਾ ਹੈ।
2. ਸੋਇਆਬੀਨ-ਕੰਢੀ ਇਲਾਕੇ ਵਿਚ ਸਾਉਣੀ ਵਿਚ ਸੋਇਆਬੀਨ ਦੀ ਫ਼ਸਲ ਵੀ ਇਕ ਵਧੀਆ ਬਦਲ ਹੈ। ਕੰਢੀ ਵਿਚ ਮਾਹਿਲਪੁਰ ਦੇ ਨੇੜੇ ਕਾਫੀ ਰਕਬੇ ਵਿਚ ਇਸ ਦੀ ਕਾਸ਼ਤ ਵੀ ਕੀਤੀ ਜਾ ਰਹੀ ਹੈ ਅਤੇ ਇਸ ਦੀ ਮੰਗ ਵੀ ਪੈਦਾ ਹੋ ਰਹੀ ਹੈ। ਕੁਝ ਕਿਸਾਨ ਸੋਇਆਬੀਨ ਤੋਂ ਵੱਖ-ਵੱਖ ਪਦਾਰਥ ਬਣਾ ਕੇ ਵੇਚ ਸਕਦੇ ਹਨ ਅਤੇ ਚੰਗਾ ਮੁਨਾਫਾ ਕਮਾ ਸਕਦੇ ਹਨ। ਸੋਇਆਬੀਨ ਦੀ ਫ਼ਸਲ ਵੀ ਸਾਉਣੀ ਵਿਚ ਬਿਨਾਂ ਪਾਣੀ ਤੋਂ ਜਾਂ ਬਹੁਤ ਘੱਟ ਪਾਣੀ ਨਾਲ ਹੋ ਸਕਦੀ ਹੈ ਤੇ ਇਸ ਫ਼ਸਲ ਨੂੰ ਜੰਗਲੀ ਜਾਨਵਰਾਂ ਦਾ ਉਜਾੜਾ ਵੀ ਘੱਟ ਹੈ।
3. ਤੇਲ ਬੀਜ ਫ਼ਸਲਾਂ-ਕੰਢੀ ਇਲਾਕੇ ਦੇ ਕਿਸਾਨ ਹਾੜ੍ਹੀ ਵਿਚ ਕਣਕ ਤੋਂ ਇਲਾਵਾ ਤੇਲ ਬੀਜ ਫ਼ਸਲਾਂ ਜਿਵੇਂ ਕਿ ਸਰ੍ਹੋਂ, ਅਲਸੀ ਅਤੇ ਤਾਰਾਮੀਰਾ ਦੀ ਕਾਸ਼ਤ ਵੀ ਕਰ ਸਕਦੇ ਹਨ। ਸਰ੍ਹੋਂ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਾਏਓਲਾ ਕਿਸਮਾਂ ਜਿਵੇਂ ਕਿ ਜੀਐਸਸੀ-7 ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਤੇਲ ਕੱਢ ਕੇ ਬਾਜ਼ਾਰ ਵਿਚ ਚੰਗੇ ਭਾਅ 'ਤੇ ਵੇਚਿਆ ਜਾ ਸਕਦਾ ਹੈ। ਜਿੱਥੇ ਜੰਗਲੀ ਜਾਨਵਰਾਂ ਦਾ ਉਜਾੜਾ ਜ਼ਿਆਦਾ ਹੋਵੇ, ਉੱਥੇ ਤਾਰਾਮੀਰਾ ਦੀ ਫ਼ਸਲ ਬੀਜ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
4. ਵਣ ਖੇਤੀ-ਕੰਢੀ ਦੇ ਇਲਾਕੇ ਵਿਚ ਵਣ ਖੇਤੀ ਹੇਠ ਰਕਬਾ ਬਹੁਤ ਤੇਜ਼ੀ ਨਾਲ ਵਧ ਗਿਆ ਹੈ ਅਤੇ ਇਸ ਵਿਚ ਮੁੱਖ ਤੌਰ 'ਤੇ ਪਾਪਲਰ ਅਤੇ ਸਫੈਦੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਪਿਛਲੇ ਲਗਭਗ 10 ਸਾਲਾਂ ਤੋਂ ਇਨ੍ਹਾਂ ਫ਼ਸਲਾਂ ਤੋਂ ਚੰਗਾ ਮੁਨਾਫ਼ਾ ਹੋ ਰਿਹਾ ਹੈ। ਪਾਪਲਰ ਵਿਚ ਪਹਿਲੇ ਤਿੰਨ ਸਾਲ ਝੋਨੇ ਤੋਂ ਬਿਨਾਂ ਬਾਕੀ ਸਾਰੀ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਅਤੇ ਬਾਅਦ ਵਿਚ ਹਲਦੀ, ਫੁੱਲ, ਅਦਰਕ ਤੇ ਕਣਕ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
5. ਅਦਰਕ-ਕੰਢੀ ਇਲਾਕੇ ਵਿਚ ਜੰਗਲੀ ਜਾਨਵਰਾਂ ਦੇ ਉਜਾੜੇ ਤੋਂ ਬਚਣ ਅਤੇ ਘੱਟ ਪਾਣੀ ਹੋਣ ਤੇ ਅਦਰਕ ਦੀ ਕਾਸ਼ਤ ਕਰਨੀ ਲਾਹੇਵੰਦ ਹੈ। ਅਦਰਕ ਦੀ ਫਸਲ ਚੰਗੇ ਜਲ ਨਿਕਾਸ ਵਾਲੇ ਖੇਤਾਂ ਵਿਚ ਵਣ ਖੇਤੀ ਦੀ ਛਾਂ ਹੇਠ ਜ਼ਿਆਦਾ ਵਧੀਆਂ ਹੁੰਦੀ ਹੈ।
6. ਜੈਵਿਕ ਖੇਤੀ-ਪਿਛਲੇ ਕੁਝ ਸਾਲਾਂ ਤੋਂ ਖ਼ਪਤਕਾਰਾਂ ਵਿਚ ਜ਼ਹਿਰ ਰਹਿਤ ਜੈਵਿਕ ਉਤਪਾਦਾਂ ਦੀ ਮੰਗ ਵਿਚ ਬਹੁਤ ਵਾਧਾ ਹੋਇਆ ਹੈ। ਕੰਢੀ ਦਾ ਇਲਾਕਾ ਜੈਵਿਕ ਖੇਤੀ ਲਈ ਬਹੁਤ ਢੁਕਵਾਂ ਹੈ ਅਤੇ ਇੱਥੇ ਇਨ੍ਹਾਂ ਦੀ ਕਾਸ਼ਤ ਕਰਕੇ ਚੰਡੀਗੜ ਅਤੇ ਹੋਰ ਨੇੜੇ ਦੇ ਸ਼ਹਿਰਾਂ ਵਿਚ ਮੰਡੀਕਰਨ ਕੀਤਾ ਜਾ ਸਕਦਾ ਹੈ। ਜੈਵਿਕ ਕਣਕ, ਦਾਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਨੇ ਸਿਫ਼ਾਰਸ਼ਾਂ ਕੀਤੀਆਂ ਹੋਈਆਂ ਹਨ।
7. ਦਵਾਈਆਂ ਵਾਲੀਆਂ ਜੜ੍ਹੀਆਂ-ਬੂਟੀਆਂ-ਕੰਢੀ ਦਾ ਇਲਾਕਾ ਕਾਫ਼ੀ ਭਿੰਨਤਾ ਵਾਲਾ ਹੋਣ ਕਰਕੇ ਇੱਥੇ ਦਵਾਈਆਂ ਵਾਲੀਆਂ ਜੜ੍ਹੀਆਂ-ਬੂਟੀਆਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਲੋਂ ਕੰਢੀ ਇਲਾਕੇ ਵਿਚ ਲਗਭਗ 200 ਦਵਾਈਆਂ ਵਾਲੇ ਪੌਦਿਆਂ ਦੀ ਭਾਲ ਕੀਤੀ ਗਈ ਹੈ ਅਤੇ ਇਨ੍ਹਾਂ 'ਚੋਂ 10-12 ਫ਼ਸਲਾਂ ਵਪਾਰਕ ਪੱਧਰ 'ਤੇ ਵੀ ਪੈਦਾ ਕੀਤੀਆਂ ਜਾ ਸਕਦੀਆਂ ਹਨ। ਪ੍ਰੰਤੂ ਦਵਾਈਆਂ ਵਾਲੀਆਂ ਜੜ੍ਹੀਆਂ-ਬੂਟੀਆਂ ਪੈਦਾ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਪੈਦਾ ਕਰਨ ਦੀ ਸਿਖਲਾਈ ਅਤੇ ਮੰਡੀਕਰਨ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਕੰਢੀ ਖੇਤਰ ਵਿਚ ਛੋਟੇ ਕਿਸਾਨ ਹੋਣ ਕਰਕੇ ਪਸ਼ੂ ਪਾਲਣ ਦਾ ਧੰਦਾ ਵੀ ਬਹੁਤ ਕਾਮਯਾਬ ਹੈ। ਛੋਟੇ ਕਿਸਾਨ ਸੰਯੁਕਤ ਖੇਤੀ ਪ੍ਰਣਾਲੀ ਅਪਨਾ ਕੇ ਦੁੱਧ, ਦਾਣੇ, ਚਾਰਾ, ਦਾਲਾਂ ਅਤੇ ਫ਼ਲ ਪੈਦਾ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਵਾਧੂ ਸਾਮਾਨ ਵੇਚ ਕੇ ਸਾਰਾ ਸਾਲ ਆਮਦਨ ਪ੍ਰਾਪਤ ਕਰ ਸਕਦੇ ਹਨ।
-ਪੀ.ਏ.ਯੂ., ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਸਾਉਣੀ ਰੁੱਤ ਦੀਆਂ ਫ਼ਸਲਾਂ 'ਚ ਨਦੀਨਾਂ ਦੀ ਸੁਚੱਜੀ ਰੋਕਥਾਮ ਅਗਲੀ ਖ਼ਬਰ ਕੀ ਪੰਜਾਬ ਸਪੋਰਟਸ ਯੂਨੀਵਰਸਿਟੀ ਸੂਬੇ ਨੂੰ ਮੁੜ ਖੇਡ ਰਾਜਧਾਨੀ ਬਣਾ ਸਕੇਗੀ?
Ad Position 24
No active advertisement