ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵਰਖਾ ਰੁੱਤ 'ਚ ਸ਼ਹਿਦ ਮੱਖੀ ਕਟੁੰਬਾਂ ਦੀ ਸੰਭਾਲ

Ad Position 21
No active advertisement
ਅਜੀਤ ਡੈਸਕ 30-06-2026

ਵਰਖਾ ਰੁੱਤ ਦੌਰਾਨ ਵਧੇਰੇ ਮੀਂਹ, ਬੱਦਲਵਾਈ ਤੇ ਸਿੱਲ੍ਹ ਸ਼ਹਿਦ ਦੀਆਂ ਮੱਖੀਆਂ ਦੀ ਸਿਹਤ ਤੇ ਉਤਪਾਦਕਤਾ ਲਈ ਖ਼ਤਰਾ ਪੇਸ਼ ਕਰਦੀ ਹੈ। ਪੰਜਾਬ ਵਿਚ ਜੁਲਾਈ ਤੋਂ ਅੱਧ ਸਤੰਬਰ ਤੱਕ ਸ਼ਹਿਦ ਮੱਖੀਆਂ ਲਈ ਮੌਸਮ ਜ਼ਿਆਦਾ ਸੁਖਾਵਾਂ ਨਹੀਂ ਹੁੰਦਾ। ਬਾਰਿਸ਼, ਬੱਦਲਵਾਈ, ਹਵਾ ਵਿਚ ਵਧੇਰੇ ਨਮੀ ਅਤੇ ਕਟੁੰਬ ਵਿਚ ਪੈਦਾ ਹੋਏ ਹੁੰਮਸ ਨਾਲ, ਰਾਣੀ ਦੀ ਆਂਡੇ ਦੇਣ ਦੀ ਸਮਰੱਥਾ ਅਤੇ ਕਟੁੰਬਾਂ ਦੇ ਵਿਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਤਕੜੇ ਕਟੁੰਬਾਂ ਵਲੋਂ ਕਮਜ਼ੋਰ ਕਟੁੰਬਾਂ ਦੀ ਖ਼ੁਰਾਕ ਚੋਰੀ ਕਰਨ (ਰੌਬਿੰਗ) ਤੇ ਕੀੜਿਆਂ/ਬਿਮਾਰੀਆਂ ਦੇ ਹਮਲੇ ਵਰਗੀਆਂ ਸਮੱਸਿਆਵਾਂ ਵੀ ਪੇਸ਼ ਆਉਂਦੀਆਂ ਹਨ। ਸ਼ਹਿਦ ਮੱਖੀ ਪਾਲਕਾਂ ਵਲੋਂ ਅਗੇਤੇ ਪ੍ਰਬੰਧ ਅਤੇ ਉਪਰਾਲੇ ਇਸ ਮੌਸਮ ਵਿਚ ਕਟੁੰਬਾਂ ਦੇ ਰੱਖ-ਰਖਾਅ ਲਈ ਜ਼ਰੂਰੀ ਹਨ। ਸ਼ਹਿਦ ਮੱਖੀ ਕਟੁੰਬਾਂ ਦੀ ਵਰਖਾ ਰੁੱਤੇ ਸਾਂਭ-ਸੰਭਾਲ ਕਰਨ ਲਈ ਹੇਠਾਂ ਦੱਸੇ ਨੁਕਤੇ ਕਾਰਗਰ ਹਨ:-
ਸਹੀ ਜਗਾ ਦੀ ਚੋਣ-ਸ਼ਹਿਦ ਮੱਖੀ ਕਟੁੰਬ ਹਮੇਸ਼ਾ ਲੋਹੇ ਦੇ ਸਟੈਂਡਾਂ 'ਤੇ ਟਿਕਾਓ। ਨੀਵੇਂ ਖੇਤਾਂ ਵਿਚ ਜਿੱਥੇ ਬਰਸਾਤੀ ਪਾਣੀ ਆਮ ਇਕੱਠਾ ਹੁੰਦਾ ਹੈ, ਕਟੁੰਬ ਨਾ ਰੱਖੋ। ਜੇ ਸੰਭਵ ਹੋਵੇ ਤਾਂ ਸ਼ਹਿਦ ਮੱਖੀਆਂ ਦੇ ਕਟੁੰਬਾਂ ਦਾ ਮੂਹਰਲਾ ਗੇਟ ਵਾਲਾ ਪਾਸਾ ਥੋੜ੍ਹਾ ਨੀਵਾਂ ਰੱਖੋ ਤਾਂ ਜੋ ਪਾਣੀ ਕਟੁੰਬ ਦੇ ਗੇਟ ਵਲੋ ਅੰਦਰ ਦਾਖਲ ਨਾ ਹੋ ਸਕੇ।
ਮਿਆਰੀ ਲੱਕੜ ਵਾਲੇ ਬਕਸੇ-ਸ਼ਹਿਦ ਮੱਖੀਆਂ ਨੂੰ ਨਰਮ, ਟਿਕਾਊ ਤੇ ਵਧੀਆ ਲੱਕੜ ਦੇ ਬਕਸਿਆਂ (ਲੈਂਗਸਟਰਾਥ ਹਾਈਵ) ਵਿਚ ਰੱਖੋ ਤਾਂ ਜੋ ਕਟੁੰਬਾਂ ਅੰਦਰ ਵਧੇਰੇ ਹੁੰਮਸ ਪੈਦਾ ਨਾ ਹੋਵੇ। ਕਟੁੰਬਾਂ ਲਈ ਕੈਲ ਦੀ ਲੱਕੜ ਬਹੁਤ ਢੁੱਕਵੀਂ ਹੁੰਦੀ ਹੈ। ਇਸ ਤੋਂ ਇਲਾਵਾ ਬਕਸੇ/ਹਾਈਵ ਦੇ ਉਪਰਲੇ ਢੱਕਣ 'ਤੇ ਲੱਗੀ ਟੀਨ ਦੀ ਚਾਦਰ ਵੀ ਬਰਸਾਤੀ ਪਾਣੀ ਨੂੰ ਕਟੁੰਬ ਅੰਦਰ ਦਾਖਲ ਹੋਣ ਤੋਂ ਬਚਾਉਂਦੀ ਹੈ।
ਝੀਥਾਂ ਤੇ ਦਰਾੜਾਂ ਨੂੰ ਸੀਲ ਕਰਨਾ-ਕਟੁੰਬਾਂ ਵਿਚ ਵੱਡੀਆਂ ਝੀਥਾਂ/ਦਰਾੜਾਂ ਆਦਿ ਲਈ ਨਿਯਮਤ ਤੌਰ 'ਤੇ ਜਾਂਚ ਕਰਦੇ ਰਹੋ। ਅੰਬ, ਸਫੈਦੇ, ਤੇ ਟਾਹਲੀ ਦੀ ਲੱਕੜੀ ਤੋਂ ਤਿਆਰ ਬਕਸਿਆਂ ਵਿਚ ਇਹ ਸਮੱਸਿਆ ਵਧੇਰੇ ਪੇਸ਼ ਆਉਂਦੀ ਹੈ। ਇਸ ਪ੍ਰਕਾਰ ਦੀਆਂ ਦਰਾੜਾਂ ਨੂੰ ਮਿੱਟੀ ਦੇ ਲੇਪ ਆਦਿ ਨਾਲ ਤੁਰੰਤ ਬੰਦ ਕਰੋ ਤਾਂ ਜੋ ਕਟੁੰਬ ਅੰਦਰ ਬਰਸਾਤ ਦੇ ਪਾਣੀ ਦੇ ਦਾਖਲ ਹੋਣ ਦੀ ਸੰਭਾਵਨਾ ਨਾ ਰਹੇ।
ਕਟੁੰਬਾਂ ਦਾ ਨਿਰੀਖਣ ਤੇ ਸਫਾਈ-ਵਰਖਾ ਰੁੱਤ ਦੀ ਸ਼ੁਰੂਆਤ ਵਿਚ ਹੀ ਬੌਟਮ ਬੋਰਡ 'ਤੇ ਪਏ ਕੂੜੇ-ਕਰਕਟ ਨੂੰ ਸਾਫ਼ ਕਰੋ। ਇਸ ਤੋਂ ਇਲਾਵਾ ਝੀਥਾਂ/ਤਰੇੜਾਂ ਵਿਚ ਛਿਪੇ ਮੌਮੀ ਕੀੜਿਆਂ ਦੇ ਆਂਡੇ ਅਤੇ ਸੁੰਡੀਆਂ ਨਸ਼ਟ ਕਰ ਦਿਓ।
ਕਟੁੰਬਾਂ ਨੂੰ ਹਵਾਦਾਰ ਬਨਾਉਣਾ-ਕਟੁੰਬ ਦੇ ਆਲੇ-ਦੁਆਲੇ ਘਾਹ-ਫੂਸ, ਨੀਵੀਆਂ ਟਾਹਣੀਆਂ/ਰੁਕਾਵਟਾਂ ਆਦਿ ਨੂੰ ਸਾਫ਼ ਕਰ ਦਿਓ। ਤਕੜੇ ਕਟੁੰਬਾਂ ਦੇ ਗੇਟ ਨੂੰ ਵੱਧ ਖੋਲ੍ਹੋ ਜਾਂ ਲੋੜ ਅਨੁਸਾਰ ਗੇਟ ਵਾਲੀ ਪੂਰੀ ਫੱਟੀ ਕੱਢ ਦਿਓ। ਤਕੜੇ ਕਟੁੰਬਾਂ ਨੂੰ ਸੁਪਰ ਚੈਂਬਰ ਦੇਣ ਨਾਲ ਕਟੁੰਬ ਦੀ ਛੱਤ ਉੱਚੀ ਹੋ ਜਾਂਦੀ ਹੈ ਅਤੇ ਕਟੁੰਬ ਜ਼ਿਆਦਾ ਹਵਾਦਾਰ ਹੋ ਜਾਂਦਾ ਹੈ। ਜੇ ਬਰੂਡ ਚੈਂਬਰ ਦੀ 10 ਫਰੇਮ ਮੱਖੀ ਪੂਰੀ ਹੋਵੇ ਤਾਂ 2-3 ਫਰੇਮ ਮੱਖੀ ਕੱਢ ਕੇ ਸੁਪਰ ਚੈਂਬਰ ਵਿਚ ਰੱਖਣ ਨਾਲ ਕਟੁੰਬ ਜ਼ਿਆਦਾ ਹਵਾਦਾਰ ਬਣ ਜਾਂਦਾ ਹੈ।
ਖ਼ੁਰਾਕ ਭੰਡਾਰਨ-ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਦ ਮੱਖੀ ਪਾਲਕ ਯਕੀਨੀ ਬਣਾਉਣ ਕਿ ਕਟੁੰਬਾਂ ਵਿਚ ਮੱਖੀਆਂ ਦੀ ਲੋੜ ਅਨੁਸਾਰ ਸ਼ਹਿਦ ਭੰਡਾਰ ਮੌਜੂਦ ਰਹਿਣ। ਇਸ ਤਰ੍ਹਾਂ ਕਟੁੰਬਾਂ ਨੂੰ ਬਾਹਰੋਂ ਖੰਡ ਦੇ ਘੋਲ ਦੇਣ ਦੀ ਜ਼ਿਆਦਾ ਲੋੜ ਨਹੀ ਪੈਂਦੀ। ਲੋੜ ਪੈਣ 'ਤੇ ਸ਼ਹਿਦ ਮੱਖੀ ਪਾਲਕ ਪੱਕੇ ਸ਼ਹਿਦ ਦੇ ਸੈੱਲਾਂ ਦੀਆਂ ਟੋਪੀਆਂ ਖੋਲ੍ਹ ਕੇ ਸ਼ਹਿਦ ਮੱਖੀਆਂ ਦੀ ਖ਼ੁਰਾਕ ਦੀ ਪੂਰਤੀ ਕਰ ਸਕਦੇ ਹਨ।
ਖੰਡ ਦਾ ਘੋਲ ਦੇਣਾ-ਨੈਕਟਰ ਦੀ ਆਮਦ ਵਿਚ ਕਮੀ ਅਤੇ ਕਟੁੰਬ ਅੰਦਰ ਖ਼ੁਰਾਕ ਦੀ ਘਾਟ ਸਮੇਂ ਸ਼ਹਿਦ ਮੱਖੀਆਂ ਨੂੰ ਖੰਡ ਦਾ ਘੋਲ ਦੇਣਾ ਚਾਹੀਦਾ ਹੈ। ਇਸ ਲਈ ਖੰਡ ਤੇ ਪਾਣੀ ਦਾ ਘੋਲ 1:1 ਅਨੁਪਾਤ ਵਿਚ ਬਣਾ ਕੇ ਸ਼ਹਿਦ ਮੱਖੀਆਂ ਨੂੰ ਦਿੱਤਾ ਜਾਂਦਾ ਹੈ। ਖੰਡ ਦਾ ਘੋਲ ਕਟੁੰਬਾਂ ਵਿਚ ਟੀਨ ਜਾਂ ਪਲਾਸਟਿਕ ਦੇ ਡੱਬੇ ਵਿਚ ਭਰ ਕੇ ਜਾਂ ਡਵੀਜ਼ਨ ਬੋਰਡ ਫੀਡਰ ਵਿਚ ਭਰ ਕੇ ਜਾਂ ਸਿੱਧਾ ਹੀ ਫਰੇਮਾਂ ਦੇ ਖਾਲੀ ਸੈੱਲਾਂ ਵਿਚ ਭਰ ਕੇ ਦਿੱਤਾ ਜਾ ਸਕਦਾ ਹੈ। ਡੱਬੇ ਵਿਚ ਖੰਡ ਦਾ ਘੋਲ ਦੇਣ ਲਈ ਡੱਬੇ ਵਿਚ ਕੁਝ ਲੱਕੜ ਦੀਆਂ ਛਿੱਟੀਆਂ ਪਾ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਸ਼ਹਿਦ ਮੱਖੀਆਂ ਉਨ੍ਹਾਂ ਵਿਚ ਬੈਠ ਕੇ ਆਰਾਮ ਨਾਲ ਫੀਡ ਲੈ ਸਕਣ।
ਪੋਲਨ ਜਾਂ ਪੋਲਨ-ਪੂਰਕ ਖ਼ੁਰਾਕ-ਕਟੁੰਬਾਂ ਨੂੰ ਬਰੂਡ ਪਾਉਂਦੇ ਰੱਖਣ ਲਈ ਪੋਲਨ ਜਾਂ ਪੋਲਨ-ਪੂਰਕ ਖ਼ੁਰਾਕ ਦੇਣੀ ਜ਼ਰੂਰੀ ਹੈ ਕਿਉਂਕਿ ਇਹ ਸ਼ਹਿਦ ਮੱਖੀਆਂ ਲਈ ਪ੍ਰੋਟੀਨ ਦਾ ਮੁੱਖ ਸਰੋਤ ਹੈ। ਇਕ 10 ਫਰੇਮ ਬੱਲਤਾਂ ਵਾਲੇ ਕਟੁੰਬ ਨੂੰ ਔਸਤਨ 250 ਗ੍ਰਾਮ ਪੋਲਨ ਹਰ ਪੰਦਰਵਾੜੇ ਲਈ ਚਾਹੀਦਾ ਹੈ। ਇਸ ਲਈ ਪੀ.ਏ.ਯੂ. ਪੋਲਨ ਟਰੈਪ ਦੁਆਰਾ ਇਕੱਠਾ ਕੀਤਾ ਵਾਧੂ ਪੋਲਨ ਛੱਤਿਆਂ ਦੇ ਸੈੱਲਾਂ ਵਿਚ ਥੱਪ-ਥਪਾ ਕੇ ਭਰਿਆ ਜਾ ਸਕਦਾ ਹੈ। ਛੱਤੇ ਦੇ ਇਕ ਪਾਸੇ ਲਗਭਗ 250 ਗ੍ਰਾਮ ਪੋਲਨ ਭਰਿਆ ਜਾ ਸਕਦਾ ਹੈ। ਪੋਲਨ ਵਾਲਾ ਛੱਤਾ ਕਟੁੰਬ ਵਿਚ ਖੁੱਲ੍ਹੇ ਬਰੂਡ ਵਾਲੇ ਛੱਤਿਆਂ ਦੇ ਨਾਲ ਦੇ ਦਿੱਤਾ ਜਾਂਦਾ ਹੈ। ਪੋਲਨ ਦੀ ਅਣਹੋਂਦ ਸਮੇਂ ਪੀ.ਏ.ਯੂ. ਵਲੋ ਸਿਫ਼ਾਰਸ਼ ਵਿਧੀ ਦੁਆਰਾ ਤਿਆਰ ਪੋਲਨ-ਪੂਰਕ ਖੁਰਾਕ (ਬੀਅਰ ਦੀ ਮਰੀ ਹੋਈ ਖਮੀਰ, ਭੁੱਜੇ ਛੋਲਿਆਂ ਦਾ ਵੇਸਣ, ਸੁੱਕਾ ਦੁੱਧ, ਖੰਡ ਅਤੇ ਪਾਣੀ ਕ੍ਰਮਵਾਰ 42:4:4:25:25 ਹਿੱਸੇ) ਨੂੰ ਮਾਹਿਰਾਂ ਦੀ ਸਲਾਹ ਅਨੁਸਾਰ ਵਰਤੋ।
ਰੌਬਿੰਗ ਤੇ ਦੁਸ਼ਮਣਾਂ ਤੋਂ ਬਚਾਉਣਾ
ਤਕੜੇ ਕਟੁੰਬਾਂ ਦੀਆਂ ਮੱਖੀਆਂ ਦੁਆਰਾ ਕਮਜ਼ੋਰ ਕਟੁੰਬਾਂ 'ਚੋਂ ਖ਼ੁਰਾਕ ਦੀ ਚੋਰੀ ਕਰਨ ਦੀ ਅਲਾਮਤ ਨੂੰ ਰੌਬਿੰਗ ਕਿਹਾ ਜਾਂਦਾ ਹੈ। ਰੌਬਿੰਗ ਦੌਰਾਨ ਚੋਰੀ ਹੋ ਰਹੇ ਅਤੇ ਚੋਰੀ ਕਰ ਰਹੇ ਦੋਹਾਂ ਕਟੁੰਬਾਂ ਦੀਆਂ ਮੱਖੀਆਂ ਵਿਚਕਾਰ ਲੜਾਈ ਹੁੰਦੀ ਹੈ। ਹਮਲਾਵਰ ਮੱਖੀਆਂ ਦੂਸਰੇ ਕਟੁੰਬ ਦੀ ਰਾਣੀ ਮੱਖੀ ਨੂੰ ਮਾਰਨ ਦੀ ਕੋਸ਼ਿਸ਼ ਕਰਦੀਆਂ ਹਨ। ਰੌਬਿੰਗ ਦੀ ਰੋਕਥਾਮ ਲਈ ਹੇਠਾਂ ਦੱਸੇ ਉਪਰਾਲੇ ਕਰੋ।
ਕਟੁੰਬ ਦਾ ਗੇਟ ਛੋਟਾ ਕਰਨਾ-ਹਾਈਵ ਦਾ ਗੇਟ ਮਿੱਟੀ ਦੇ ਗਾਰੇ ਨਾਲ ਲਿੱਪ ਕੇ ਛੋਟਾ ਕਰ ਦਿਓ ਤਾਂ ਜੋ ਸ਼ਹਿਦ ਮੱਖੀਆਂ ਇਕ-ਇਕ ਕਰਕੇ ਹੀ ਕਟੁੰਬ ਵਿਚ ਦਾਖਲ ਹੋਣ ਜਾਂ ਬਾਹਰ ਨਿਕਲਣ। ਇਸ ਤਰ੍ਹਾਂ ਕਰਨ ਨਾਲ ਪਹਿਰੇਦਾਰ ਮੱਖੀਆਂ ਚੋਰੀ ਕਰ ਰਹੀਆਂ ਮੱਖੀਆਂ ਨੂੰ ਅੰਦਰ ਵੜਨ ਤੋਂ ਚੰਗੀ ਤਰ੍ਹਾਂ ਰੋਕ ਸਕਣਗੀਆਂ।
ਇਕਸਾਰ ਖ਼ੁਰਾਕ ਦੇਣਾ-ਖ਼ੁਰਾਕ ਹਮੇਸ਼ਾ ਸਾਰੇ ਕਟੁੰਬਾਂ ਨੂੰ ਇਕੋ ਦਿਨ ਸਿਰਫ਼ ਸ਼ਾਮ ਦੇ ਸਮੇਂ ਜਦੋਂ ਮੱਖੀਆਂ ਬਾਹਰਲਾ ਕੰਮ ਕਰਨਾ ਬੰਦ ਕਰ ਦੇਣ, ਦੇਣੀ ਚਾਹੀਦੀ ਹੈ ਤਾਂ ਕਿ ਲੁੱਟ-ਖਸੁੱਟ ਲਈ ਬਾਹਰੋਂ ਮੱਖੀਆਂ ਨੂੰ ਸੂਹ ਲੈਣ ਦਾ ਮੌਕਾ ਹੀ ਨਾ ਮਿਲੇ। ਖ਼ੁਰਾਕ ਦੇਣ ਸਮੇਂ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਖ਼ੁਰਾਕ ਬਾਹਰ ਨਾ ਡੁੱਲੇ ਪਰ ਜੇ ਅਜਿਹੀ ਔਕੜ ਪੇਸ਼ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਸਾਫ਼ ਕਰੋ।
ਵੱਧ ਬੱਲਤਾਂ ਵਾਲੇ ਤਕੜੇ ਕਟੁੰਬ ਰੱਖਣਾ-ਘੱਟ ਬੱਲਤਾਂ ਵਾਲੇ ਕਮਜ਼ੋਰ ਕਟੁੰਬਾਂ ਨਾਲੋਂ ਮਜ਼ਬੂਤ ਕਟੁੰਬ ਰੌਬਿੰਗ ਵਰਗੀਆਂ ਸਮੱਸਿਆਵਾਂ ਦਾ ਟਾਕਰਾ ਆਸਾਨੀ ਨਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਅਜਿਹੇ ਤਕੜੇ ਕਟੁੰਬਾਂ 'ਤੇ ਮੋਮੀ ਕੀੜੇ, ਭਰਿੰਡਾਂ/ਦੰਦਈਏ, ਕਾਲੇ ਕੀੜੇ/ਕੀੜੀਆਂ, ਹਰੀ ਚਿੜੀ, ਕਾਲੀ ਚਿੜੀ ਅਤੇ ਬਾਹਰੀ ਪ੍ਰਜੀਵੀ ਮਾਈਟ ਦਾ ਹਮਲਾ ਤੇ ਨੁਕਸਾਨ ਵੀ ਘੱਟ ਹੁੰਦਾ ਹੈ। ਇਸ ਲਈ ਵਰਖਾ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਮਜ਼ੋਰ ਕਟੁੰਬਾਂ ਨੂੰ ਆਪਸ ਵਿਚ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਰਾਣੀ ਸਹਿਤ ਕਟੁੰਬਾਂ ਨਾਲ ਮਿਲਾ ਦਿਓ। ਕਟੁੰਬਾਂ ਨੂੰ ਮਿਲਾਉਣ ਲਈ ਸਿਫ਼ਾਰਸ਼ ਕੀਤੇ ਅਖ਼ਬਾਰ ਵਾਲੇ ਢੰਗ ਦੀ ਵਰਤੋਂ ਕਰੋ।
ਖ਼ੁਰਾਕ ਦੀ ਲੁੱਟ ਬੰਦ ਕਰਨੀ-ਹਾਈਵ/ਬਕਸੇ ਦੀਆਂ ਝੀਥਾਂ ਆਦਿ ਨੂੰ ਮਿੱਟੀ ਦੇ ਗਾਰੇ ਨਾਲ ਲਿੱਪ ਕੇ ਮੱਖੀ ਬੰਦ ਕਰ ਦਿਓ। ਜੇ ਰੌਬਿੰਗ ਬਹੁਤ ਹੀ ਜ਼ਿਆਦਾ ਹੋ ਰਹੀ ਹੋਵੇ ਤਾਂ ਚੋਰੀ ਹੋ ਰਹੇ ਕਟੁੰਬ ਦਾ ਗੇਟ ਕੁਝ ਚਿਰ ਲਈ ਜਾਲੀ ਨਾਲ ਬੰਦ ਕਰ ਦੇਣਾ ਚਾਹੀਦਾ ਹੈ ਤੇ ਗਿੱਲੇ ਘਾਹ ਨੂੰ ਕਾਰਬੋਲਿਕ ਐਸਿਡ (1%), ਮਿੱਟੀ ਦੇ ਤੇਲ ਜਾਂ ਫੀਨਾਇਲ ਵਿਚ ਡੁੱਬੋ ਕੇ ਹਾਈਵ ਦੇ ਗੇਟ 'ਤੇ ਰੱਖਣਾ ਚਾਹੀਦਾ ਹੈ। ਇਸ ਨਾਲ ਚੋਰ ਮੱਖੀਆਂ ਇਨ੍ਹਾਂ ਕਟੁੰਬਾਂ ਤੋਂ ਦੂਰ ਰਹਿੰਦੀਆਂ ਹਨ। ਜੇ ਇਨ੍ਹਾਂ ਉਪਰਾਲਿਆਂ ਨਾਲ ਵੀ ਰੌਬਿੰਗ ਬੰਦ ਨਾ ਹੋਵੇ ਤਾਂ ਰੌਬਿੰਗ ਕਰ ਰਹੇ ਕਟੁੰਬ ਨੂੰ ਲੱਭ ਕੇ ਰਾਤ ਸਮੇਂ ਘੱਟੋ-ਘੱਟ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਲਿਜਾਣਾ ਚਾਹੀਦਾ ਹੈ। ਜੇ ਹਾਈਵ ਨੂੰ ਦੂਰ ਲਿਜਾਣ ਦਾ ਪ੍ਰਬੰਧ ਨਾ ਹੋਵੇ ਤਾਂ ਚੋਰੀ ਹੋ ਰਹੇ ਤੇ ਚੋਰੀ ਕਰ ਰਹੇ ਕਟੁੰਬਾਂ ਦੀ ਆਪਸ 'ਚ ਜਗ੍ਹਾ ਬਦਲਣ ਨਾਲ ਵੀ ਰੌਬਿੰਗ ਬੰਦ ਕੀਤੀ ਜਾ ਸਕਦੀ ਹੈ।
-ਪ੍ਰਿੰਸੀਪਲ ਪਸਾਰ ਵਿਗਿਆਨੀ (ਕੀਟ ਵਿਗਿਆਨ),
ਪੀ.ਏ.ਯੂ. ਲੁਧਿਆਣਾ। ਮੋਬਾਈਲ : 8146400248

Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ’ਚ ਸ਼ਰਾਰਤੀ ਅਨਸਰਾਂ ਵਲੋਂ ਗੰਧਲੀ ਰਾਜਨੀਤੀ ਸ਼ੁਰੂ, ਵੱਖ-ਵੱਖ ਵਾਰਡਾਂ ’ਚ ਉਮੀਦਵਾਰਾਂ ਵਲੋਂ... ਅਗਲੀ ਖ਼ਬਰ ਮੱਕੀ ਦਾ ਰਕਬਾ ਵਧਾਓ ਤੇ ਪਾਣੀ ਬਚਾਓ
Ad Position 24
No active advertisement