13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ’ਚ ਸ਼ਰਾਰਤੀ ਅਨਸਰਾਂ ਵਲੋਂ ਗੰਧਲੀ ਰਾਜਨੀਤੀ ਸ਼ੁਰੂ, ਵੱਖ-ਵੱਖ ਵਾਰਡਾਂ ’ਚ ਉਮੀਦਵਾਰਾਂ ਵਲੋਂ ਲਗਾਏ ਫਲੈਕਸ ਪਾੜੇ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਹੁਸ਼ਿਆਰਪੁਰ, 29 ਜੂਨ (ਨਰਿੰਦਰ ਸਿੰਘ ਬੱਡਲਾ)-ਪਿਛਲੇ ਕੁੱਝ ਸਮੇਂ ਤੋਂ ਸਾਫ਼ ਸੁਥਰੀ ਰਾਜਨੀਤੀ ’ਚ ਗੰਧਲਾਪਣ ਆਉਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਚੱਲਦਿਆਂ ਵਿਰੋਧੀ ਧਿਰਾਂ ਵਲੋਂ ਦੂਜੀ ਧਿਰ ਨੂੰ ਮਾਨਸਿਕ ਤੌਰ ’ਤੇ ਠੇਸ ਪਹੁੰਚਾਉਣ ਲਈ ਅਜਿਹੇ ਕੰਮ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੈ। ਅਜਿਹੀ ਹੀ ਇਕ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ’ਚ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ ਅਤੇ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਰਾਤ ਦੇ ਹਨੇਰੇ ’ਚ ਕਾਂਗਰਸੀ ਤੇ ਅਕਾਲੀ ਉਮੀਦਵਾਰਾਂ ਦੀਆਂ ਫਲੈਕਸਾਂ ਤੋਂ ਉਮੀਦਵਾਰਾਂ ਦੀਆਂ ਫ਼ੋਟੋਆਂ ਪਾੜ ਕੇ ਹੋਛੀ ਰਾਜਨੀਤੀ ਦਾ ਮੁਜ਼ਾਹਰਾ ਕੀਤਾ। ਜਿਥੇ ਇਕ ਪਾਸੇ ਉਮੀਦਵਾਰਾਂ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ, ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰਾਂ ਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਗੰਧਲੀ ਰਾਜਨੀਤੀ ਕਰਨ ਦਾ ਸਿਲਸਿਲਾ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਪ੍ਰਚਾਰ ਲਈ ਲਗਾਏ ਗਏ ਫਲੈਕਸ ਬੋਰਡਾਂ ਅਤੇ ਹੋਰਡਿੰਗਜ਼ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਬੀਤੀ ਰਾਤ ਪਾੜ ਦਿੱਤਾ ਗਿਆ। ਜਿਸ ਨੂੰ ਲੈ ਕੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮੁਹੱਲਾ ਸੁਤੈਹਰੀ ਖ਼ੁਰਦ ਵਾਰਡ ਨੰਬਰ 31 ਤੋਂ ਚੋਣ ਲੜ ਰਹੇ ਉਮੀਦਵਾਰ ਨਵਜੋਤ ਕਟੋਚ ਦੇ ਪਤੀ ਗੁਰਦੀਪ ਕਟੋਚ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਅਨੀਤਾ ਦੇਵੀ ਪਤੀ ਜਗਦੀਪ ਸਿੰਘ ਭੱਟੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਗਾਈਆਂ ਚੋਣ ਫਲੈਕਸਾਂ ਨੂੰ ਦੇਰ ਰਾਤ ਸ਼ਰਾਰਤੀ ਅਨਸਰਾਂ ਵਲੋਂ ਪਾੜ ਦਿੱਤਾ ਗਿਆ। ਇਸ ਸੰਬੰਧੀ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਉਨ੍ਹਾਂ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਬੌਖਲਾ ਗਈਆਂ ਹਨ ਅਤੇ ਹੁਣ ਅਜਿਹੀਆਂ ਨੀਵੀਂਆਂ ਹਰਕਤਾਂ ’ਤੇ ਉਤਰ ਆਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵਿਕਾਸ ਦੇ ਨਾਂਅ ’ਤੇ ਵੋਟਾਂ ਪਾਉਣੀਆ ਹਨ ਨਾ ਕਿ ਧੱਕੇਸ਼ਾਹੀ ਨਾਲ। ਇਸੇ ਤਰ੍ਹਾਂ ਦੀ ਦੂਜੀ ਘਟਨਾ ਮੁਹੱਲਾ ਰਿਸ਼ੀ ਨਗਰ ਵਾਰਡ ਨੰਬਰ-32 ਤੋਂ ਸਾਹਮਣੇ ਆਈ ਹੈ, ਜਿਥੇ ਚੋਣ ਮੈਦਾਨ ਵਿਚ ਉੱਤਰੇ ਕਾਂਗਰਸ ਪਾਰਟੀ ਦੀ ਉਮੀਦਵਾਰ ਅਲਕਾ ਦੇ ਪਤੀ ਲਵ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵਲੋਂ ਲਗਾਏ ਹੋਏ ਫਲੈਕਸਾਂ ਨੂੰ ਬੁਰੀ ਤਰ੍ਹਾਂ ਪਾੜ ਕੇ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਸਖ਼ਤ ਵਿਰੋਧ ਜਿਤਾਉਂਦਿਆਂ ਕਿਹਾ ਕਿ ਲੋਕਤੰਤਰ ਦੇ ਇਸ ਤਿਉਹਾਰ ’ਚ ਅਜਿਹੀ ਗੰਧਲੀ ਸਿਆਸਤ ਦੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣ ਲੜਨੀ ਹੈ ਤਾਂ ਕੀਤੇ ਹੋਏ ਵਿਕਾਸ ਅਤੇ ਆਪਣੇ ਦਮ ’ਤੇ ਲੜੀ ਜਾਵੇ ਨਾ ਕਿ ਅਜਿਹੀ ਹੋਛੀ ਰਾਜਨੀਤੀ ਕਰਕੇ। ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਨਾਲ ਲੋਕਾਂ ਦੇ ਮਨਾਂ ’ਚ ਉਨ੍ਹਾਂ ਮਾਣ ਸਨਮਾਨ ਹੋਰ ਵਧ ਜਾਵੇਗਾ ਅਤੇ ਉਹ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ। ਇਸ ਮੌਕੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਪਹਿਚਾਣ ਕੀਤੀ ਜਾਵੇ ਤੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Ad Position 22
No active advertisement
ਪਿਛਲੀ ਖ਼ਬਰ ਮੋਟਰਾਂ ਨੂੰ ਮਿਲ ਰਹੀ ਮਾੜੀ ਬਿਜਲੀ ਸਪਲਾਈ ਖ਼ਿਲਾਫ਼ ਕਿਸਾਨਾਂ ਵਲੋਂ ਸਬ-ਸਟੇਸ਼ਨ ਸੂਸ ਵਿਖੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਰਖਾ ਰੁੱਤ 'ਚ ਸ਼ਹਿਦ ਮੱਖੀ ਕਟੁੰਬਾਂ ਦੀ ਸੰਭਾਲ
Ad Position 24