ਹਰੀ ਕ੍ਰਾਂਤੀ/ਫ਼ਸਲਾਂ ਦਾ ਵੱਧ ਝਾੜ ਤੇ ਘੱਟ ਮਿਹਨਤ ਕਰਨ ਨਾਲ ਪੰਜਾਬ 'ਚੋਂ ਕੁਦਰਤੀ ਪੈਦਾਵਾਰ ਦਾ ਬਹੁਤ ਵੱਡਾ ਹਿੱਸਾ ਖ਼ਤਮ ਹੋ ਗਿਆ ਹੈ, ਜਿਨ੍ਹਾਂ ਦਾ ਗਾਹੇ-ਬਗਾਹੇ ਇਨਸਾਨਾਂ ਨੂੰ ਬਹੁਤ ਵੱਡਾ ਲਾਭ ਹੁੰਦਾ ਸੀ। ਇਹ ਲਾਭ ਸਿੱਧੇ ਤੇ ਅਸਿੱਧੇ ਦੋਨੋਂ ਹੀ ਤਰ੍ਹਾਂ ਦੇ ਢੰਗਾਂ ਨਾਲ ਹੋ ਰਿਹਾ ਸੀ। ਰੇਤਲੀਆਂ/ਕੱਲਰ ਵਾਲੀਆਂ ਤੇ ਹੋਰ ਕਿਸਮ ਦੀਆਂ ਜ਼ਮੀਨਾਂ ਅੰਦਰ ਘਾਹ ਦੇ ਰੂਪ 'ਚ ਅਜਿਹੀਆਂ ਜੜੀਆਂ ਬੂਟੀਆਂ ਦੀ ਪੈਦਾਵਾਰ ਹੁੰਦੀ ਸੀ, ਜਿਨ੍ਹਾਂ ਦੀ ਪੰਜਾਬ ਦੇ ਲੋਕ ਮੌਸਮ ਮੁਤਾਬਿਕ ਆਪਣੇ ਘਰਾਂ 'ਚ ਵਰਤੋਂ ਕਰਕੇ ਜਾਂ ਫਿਰ ਉਨ੍ਹਾਂ ਨੂੰ ਜਮ੍ਹਾਂ ਕਰਕੇ ਲੋੜ ਸਮੇਂ ਵਰਤਦੇ ਸਨ। ਇਸ ਤਰ੍ਹਾਂ ਦੀਆਂ ਕੁਦਰਤੀ ਰੂਪ 'ਚ ਉੱਗਦੀਆਂ ਬਨਸਪਤੀਆਂ ਨਾਲ ਪਿੰਡਾਂ ਦੇ ਲੋਕਾਂ ਦੀ ਸਿਹਤ ਤੰਦਰੁਸਤ ਰਹਿੰਦੀ ਸੀ। ਪੰਜਾਬ ਦੇ ਵੱਡੀ ਗਿਣਤੀ ਜ਼ਮੀਨੀ ਹਿੱਸੇ 'ਚੋਂ ਚਿੱਬੜਾਂ ਦੀਆਂ ਵੇਲਾਂ ਖਤਮ ਹੋ ਚੁੱਕੀਆਂ ਹਨ, ਕਿਉਕਿ ਝੋਨੇ ਦੀ ਕਾਸ਼ਤ ਕਰਨ ਅਤੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੇ ਚੱਕਰ 'ਚ ਟਿੱਬਿਆਂ ਵਾਲੀਆਂ ਜ਼ਮੀਨਾਂ ਖ਼ਤਮ ਹੋ ਚੁੱਕੀਆਂ ਹਨ, ਜਿੱਥੇ ਗੁਵਾਰਾ/ਮੂੰਗਫਲੀ ਵਰਗੀਆਂ ਫ਼ਸਲਾਂ ਦੀ ਕਾਸ਼ਤ ਹੁੰਦੀ ਸੀ ਤੇ ਇਨ੍ਹਾਂ ਫ਼ਸਲਾਂ ਦੇ ਨਾਲ ਹੀ ਚਿੱਬੜ ਬਗੈਰਾ ਸਮੇਤ ਹੋਰ ਕਈ ਕੁਦਰਤੀ ਬਨਸਪਤੀਆਂ ਪੈਦਾ ਹੁੰਦੀਆਂ ਸਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰਾ ਨਾਨਕਾ ਪਿੰਡ ਸ਼ਹਿਰ 'ਚ ਹੋਣ ਕਰਕੇ ਅਸੀਂ ਟਿੱਬਿਆਂ 'ਚੋਂ ਚਿੱਬੜ ਚੁਗ ਕੇ ਨਾਨਕੇ ਘਰ ਦੇ ਕੇ ਆਉਂਦੇ ਸੀ ਤੇ ਉਹ ਚਿੱਬੜਾਂ ਦੀ ਚਟਣੀ ਬਣਾ ਕੇ ਵੀ ਖਾਂਦੇ ਸਨ। ਪੇਂਡੂ ਖੇਤਰਾਂ 'ਚ ਪੌਸ਼ਟਿਕ ਭੋਜਨ ਵਜੋਂ ਜਾਣੀਆਂ ਜਾਂਦੀਆਂ ਇਨ੍ਹਾਂ ਕੁਦਰਤੀ ਵਸਤੂਆਂ ਨੂੰ ਔਰਤਾਂ ਕਰਵਾ ਚੌਥ ਤੇ ਝੱਕਰੀਆਂ ਆਦਿ ਦੇ ਵਰਤਾਂ ਵੇਲੇ ਵੀ ਮਹੱਤਵ ਦਿੰਦੀਆਂ ਸਨ। ਭਾਵੇਂ ਹਰ ਤਰ੍ਹਾਂ ਦੇ ਫ਼ਲ ਬਾਜ਼ਾਰੀ ਰੂਪ 'ਚ ਮੌਜੂਦ ਹਨ ਪਰ ਗਵਾਰੇ ਦੀਆਂ ਫਲੀਆਂ, ਚਿੱਬੜ ਤੇ ਬੇਰਾਂ ਤੋਂ ਬਿਨਾਂ ਇਹ ਤਿਉਹਾਰ ਊਣੇ ਹੀ ਸਮਝੇ ਜਾਂਦੇ ਹਨ। ਪਿੰਡਾਂ 'ਚ ਕਿਤੇ ਨਾ ਕਿਤੇ ਚਿੱਬੜ, ਗਵਾਰਾ ਫਲੀ ਤੇ ਬੇਰ ਆਦਿ ਮਿਲ ਜਾਂਦੇ ਹਨ ਪਰ ਸ਼ਹਿਰਾਂ 'ਚ ਤਿਉਹਾਰਾਂ ਮੌਕੇ ਇਹ ਸਮਾਨ ਪੈਕਿੰਗ ਹੋ ਕੇ ਫਲਾਂ ਦੀਆਂ ਦੁਕਾਨਾਂ 'ਤੇ ਆ ਜਾਂਦਾ ਹੈ, ਜਿੱਥੋਂ 10 ਕੁ ਰੁਪਏ ਦੀ ਥੈਲੀ ਖਰੀਦ ਕੇ ਔਰਤਾਂ ਆਪਣਾ ਤਿਉਹਾਰ ਪੂਰਾ ਕਰਦੀਆਂ ਹਨ।
ਬਾੜਾਂ 'ਤੇ ਲੱਗਣ ਵਾਲੇ ਬਾੜੀ ਕਰੇਲਿਆਂ ਦੀਆਂ ਵੇਲਾਂ ਦੇ ਵੀ ਅਜਿਹੇ ਹਾਲਾਤ ਹਨ। ਹੁਣ ਪੰਜਾਬ ਦੇ ਬਹੁਤੇ ਹਿੱਸਿਆਂ ਅੰਦਰ ਬਾੜੀ ਕਰੇਲੇ ਰਾਜਸਥਾਨ/ਹਰਿਆਣਾ ਆਦਿ ਤੋਂ ਮੰਡੀਆਂ 'ਚ ਆ ਰਹੇ ਹਨ। ਜਿਹੜੇ ਬਾੜੀ ਕਰੇਲੇ ਕਿਸੇ ਵੇਲੇ ਪੰਜਾਬ ਦੇ ਟਿੱਬਿਆਂ 'ਚ ਲਹਿਰਾਂ/ਬਹਿਰਾਂ ਲਾਉਂਦੇ ਸਨ, ਹੁਣ ਉਹ ਦੂਸਰੇ ਰਾਜਾਂ 'ਚੋਂ ਆ ਕੇ ਪੰਜਾਬ ਦੀਆਂ ਸਬਜ਼ੀ ਮੰਡੀਆਂ 'ਚ 2 ਸੌ ਰੁਪਏ ਪ੍ਰਤੀ ਕਿੱਲੋ ਤੱਕ ਵੀ ਵਿਕਦੇ ਹਨ। ਇਕ ਹੋਰ ਬਨਸਪਤੀ ਕੌੜ ਤੂੰਬੇ ਦੀਆਂ ਵੇਲਾਂ ਵੀ ਬਹੁਤੀਆਂ ਥਾਵਾਂ 'ਤੋਂ ਵਿਕਾਸ ਦੇ ਨਾਂਅ 'ਤੇ ਖ਼ਤਮ ਹੋ ਚੁੱਕੀਆਂ ਹਨ। ਪਿੰਡਾਂ ਵਾਲੇ ਲੋਕਾਂ ਲਈ ਇਹ ਬਨਸਪਤੀ ਕਿਸੇ ਵੈਦ ਤੋਂ ਘੱਟ ਨਹੀਂ ਸੀ, ਜਿਹੜੀ ਗਰਮੀ ਦੇ ਮੌਸਮ 'ਚ ਆਮ ਹੀ ਰੇਤਲੀਆਂ ਜ਼ਮੀਨਾਂ 'ਚੋਂ ਮਿਲ ਜਾਂਦੀ ਸੀ ਤੇ ਸਾਡੇ ਪੁਰਾਣੇ ਬਜ਼ੁਰਗ ਕੌੜ ਤੂੰਬੇ ਨੂੰ ਕੱਟ ਕੇ ਲੂਣ ਆਦਿ ਪਾ ਕੇ ਸਕਾਉਣ ਤੋਂ ਬਾਅਦ ਇਸ ਦੀ ਅਜਿਹੀ ਫੱਕੀ ਬਣਾਉਂਦੇ ਸਨ ਕਿ ਇਨਸਾਨ ਤਾਂ ਕੀ, ਕਈ ਵਾਰ ਬਿਮਾਰ ਪਸ਼ੂ ਨੂੰ ਵੀ ਦੇ ਦਿੱਤੀ ਜਾਂਦੀ ਸੀ। ਹੁਣ ਵੀ ਬਹੁਤੇ ਪਰਿਵਾਰ ਕੌੜ ਤੂੰਬੇ (ਕਈ ਲੋਕ ਇਸ ਨੂੰ ਕੌੜ ਤੂੰਮੇ ਕਹਿੰਦੇ ਹਨ) ਦਾ ਆਚਾਰ ਆਦਿ ਬਣਾਉਣ ਲਈ ਰਾਜਸਥਾਨ 'ਚੋਂ ਮੰਗਵਾਉਦੇ ਹਨ ਜਾਂ ਫਿਰ ਕੌੜ ਤੂੰਬੇ ਵੇਚਣ ਆਏ ਲੋਕਾਂ ਕੋਲੋਂ ਖਰੀਦ ਲੈਂਦੇ ਹਨ। ਡਾਕਟਰੀ ਵਿਗਿਆਨ ਇਸ ਬਨਸਪਤੀ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਦੱਸ ਰਹੀ ਹੈ। ਜਿੱਥੇ ਕਿਤੇ ਕੌੜ ਤੂੰਬੇ ਦੀਆਂ ਵੇਲਾਂ ਦੇ ਅੰਸ਼ ਪਏ ਹੁੰਦੇ ਹਨ, ਉੱਥੇ ਇਹ ਬਨਸਪਤੀ ਆਪਣੇ ਸਮੇਂ ਮੁਤਾਬਿਕ ਖ਼ੁਦ ਹੀ ਉੱਗ ਪੈਂਦੀ ਹੈ। ਜ਼ਖ਼ਮਾਂ ਨੂੰ ਧੋਣ ਤੇ ਬੰਨ੍ਹਣ ਵਾਲੀ ਬਨਸਪਤੀ ਅਸਰਗੰਂਦ/ ਸਮਾਲੂ/ ਅਮਰਵੇਲ/ ਪੱਥਰ ਚੱਟ ਆਦਿ ਸਮੇਤ ਅਜਿਹੀਆਂ ਬੂਟੀਆਂ ਸਨ, ਜਿਨ੍ਹਾਂ ਦਾ ਸਰੀਰਕ ਜ਼ਖ਼ਮਾਂ ਨੂੰ ਬਹੁਤ ਲਾਭ ਹੁੰਦਾ ਸੀ। ਛਮਕ ਨਮੋਲੀ, ਪਿਆਜੀ, ਕੰਡਿਆਈ ਆਦਿ ਸਮੇਤ ਬਹੁਤ ਵੱਡੀ ਗਿਣਤੀ 'ਚ ਕੁਦਰਤੀ ਬਨਸਪਤੀ ਖਤਮ ਹੋ ਚੁੱਕੀ ਹੈ। ਵਿਗਿਆਨਕ ਖੋਜਾਂ ਮੁਤਾਬਿਕ ਤਕਰੀਬਨ 118 ਕਿਸਮ ਦੀਆਂ ਬਨਸਪਤੀਆਂ ਅਲੋਪ ਹੋ ਚੁੱਕੀਆਂ ਹਨ। ਬਾਕੀ ਦੀਆਂ ਸੰਭਾਲ ਨਾ ਹੋਣ ਕਰਕੇ ਅਲੋਪ ਹੋਣ ਦੇ ਕਿਨਾਰੇ ਖੜ੍ਹੀਆਂ ਹਨ। ਪਸ਼ੂਆਂ ਦੇ ਹਰੇ ਚਾਰੇ ਵਜੋਂ ਵਰਤੇ ਜਾਂਦੇ ਬਨਸਪਤੀ ਦੇ ਪੌਦੇ ਪੱਖੜਾ, ਗੜਦੱਬ, ਡੀਲਾ ਕਈ ਤਰ੍ਹਾਂ ਦੀਆਂ ਵੇਲਾਂ ਖਤਮ ਹੋਣ ਕਿਨਾਰੇ ਹਨ। ਕੁਝ ਕੁ ਕੁਦਰਤੀ ਬਨਸਪਤੀ ਹਰਿਆਣੇ ਤੇ ਰਾਜਸਥਾਨ ਨਾਲ ਲਗਦੇ ਪੰਜਾਬ ਦੇ ਖੇਤਾਂ 'ਚ ਵੇਖਣ ਨੂੰ ਮਿਲਦੀ ਹੈ, ਜਿਸ 'ਚ ਛਮਕ ਨਿਮੋਲੀ ਵੀ ਸ਼ਾਮਿਲ ਹੈ। ਕਿਸਾਨਾਂ ਨੇ ਫ਼ਸਲਾਂ ਦੀ ਗੁੱਡ-ਗੁਡਾਈ ਅਤੇ ਵੱਟਾਂ-ਡੌਲਿਆਂ ਦੀ ਛਾਂਗ/ਛਗਾਈ ਕਰਨ ਦੀ ਬਜਾਏ ਘਾਹ ਮਾਰਨ ਵਾਲੀ ਦਵਾਈ ਦੀ ਢੋਲੀ ਆਪਣੀ ਪਿੱਠ 'ਤੇ ਚੁੱਕ ਲਈ ਹੈ, ਜਿਹੜੀ ਚੰਗੇ-ਮਾੜੇ ਨੂੰ ਵੇਖੇ ਬਿਨਾਂ ਹੀ ਹਰ ਤਰ੍ਹਾਂ ਦੇ ਘਾਹ ਦਾ ਖ਼ਾਤਮਾ ਕਰ ਰਹੀ ਹੈ। ਇਸ ਤਰ੍ਹਾਂ ਹੋਣ ਨਾਲ ਜਿੱਥੇ ਕੀਮਤੀ ਬਨਸਪਤੀ ਖਤਮ ਹੋਈ ਹੈ, ਉੱਥੇ ਖੇਤਾਂ ਦੇ ਬੰਨੇ/ਵੱਟਿਆਂ 'ਚ ਸੀਰੀਆਂ/ਪਾਲੀਆਂ ਦਾ ਹਿੱਸਾ ਵੀ ਖਤਮ ਹੋ ਚੁੱਕਾ ਹੈ, ਜਿੱਥੋਂ ਉਹ ਆਪਣੇ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕਰਦੇ ਸਨ। ਦੂਸਰਾ ਮਨਰੇਗਾ ਯੋਜਨਾ ਦੇ ਨਾਂਅ 'ਤੇ ਸੜਕਾਂ ਕੰਢੇ ਖੜ੍ਹੇ ਘਾਹ/ਫੂਸ ਦੀ ਸਫ਼ਾਈ ਕਰਨ ਲਈ ਮਜ਼ਦੂਰ ਲਾ ਦਿੱਤੇ ਜਾਂਦੇ ਹਨ, ਜਿਹੜੇ ਸੜਕਾਂ ਦੇ ਕਿਨਾਰਿਆਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਦੇ ਹਨ, ਜਿਸ ਨਾਲ ਘਾਹ/ਫੂਸ ਤੇ ਕੁਦਰਤੀ ਬਨਸਪਤੀ ਖਤਮ ਹੋਣ ਦੇ ਨਾਲ ਹੀ ਖੁੱਲ੍ਹੇਆਮ ਫਿਰ ਰਹੇ ਪਸ਼ੂਆਂ ਦਾ ਹਰਾ ਚਾਰਾ ਵੀ ਖਤਮ ਹੋ ਰਿਹਾ ਹੈ। ਖੇਤਾਂ ਦੀਆਂ ਵੱਟਾਂ, ਨਹਿਰਾਂ ਦੇ ਕੰਢਿਆਂ ਨੇੜਿਉਂ ਕਿਸਾਨਾਂ ਨੇ ਦਵਾਈ ਛਿੜਕ ਕੇ ਸਾਰਾ ਕੁਝ ਖ਼ਤਮ ਕਰ ਦਿੱਤਾ ਤੇ ਸੜਕਾਂ ਕੰਢੇ ਮਨਰੇਗਾ ਯੋਜਨਾ ਨੇ ਆਪਣਾ ਕੁਹਾੜਾ ਫੇਰ ਦਿੱਤਾ। ਮਤਲਬ ਕਿ ਪੰਜਾਬ ਦੇ ਖੇਤਾਂ 'ਚੋਂ ਬਹੁਤ ਕੁਝ ਅਜਿਹਾ ਬਿਨਾਂ ਸੋਚੇ-ਸਮਝੇ ਖ਼ਤਮ ਕਰ ਦਿੱਤਾ ਗਿਆ ਹੈ, ਜਿਸ ਦਾ ਇਨਸਾਨ ਦੇ ਨਾਲ ਪਸ਼ੂ/ਪੰਛੀਆਂ ਨੂੰ ਵੀ ਲਾਭ ਸੀ, ਜਿਸ ਨੂੰ ਬਚਾਉਣ ਲਈ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ।
-ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲ੍ਹਾ ਪਟਿਆਲਾ।
ਮੋਬਾਈਲ : 98761-01698