ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪ੍ਰਦੇਸ 'ਚ ਪੰਜਾਬ ਦਾ ਮਹਾਂਕੁੰਭ ਅਮਿਟ ਯਾਦਾਂ ਛੱਡ ਗਿਆ ਗ੍ਰਿਫ਼ਥ ਦਾ 28ਵਾਂ ਖੇਡ ਮੇਲਾ

Ad Position 21
No active advertisement
ਅਜੀਤ ਡੈਸਕ 16-06-2026

ਜੂਨ ਮਹੀਨੇ ਦੀਆਂ ਨਿੱਘੀਆਂ ਧੁੱਪਾਂ 'ਚ ਜਦੋਂ ਆਸਟ੍ਰੇਲੀਆ ਦੇ ਗ੍ਰਿਫ਼ਥ ਸ਼ਹਿਰ ਦੀ ਧਰਤੀ 'ਤੇ ਹਜ਼ਾਰਾਂ ਪੰਜਾਬੀ ਇਕੱਠੇ ਹੋਏ ਤਾਂ ਇਕ ਪਲ ਲਈ ਇੰਝ ਮਹਿਸੂਸ ਹੋਇਆ ਜਿਵੇਂ ਪੰਜਾਬ ਦਾ ਕੋਈ ਵੱਡਾ ਜੋੜ ਮੇਲਾ ਪ੍ਰਦੇਸ ਆ ਵਸਿਆ ਹੋਵੇ। 6 ਤੇ 7 ਜੂਨ ਨੂੰ ਕਰਵਾਏ ਗਏ 28ਵੇਂ ਸ਼ਹੀਦੀ ਖੇਡ ਮੇਲੇ ਨੇ ਨਾ ਸਿਰਫ਼ ਖੇਡ ਪ੍ਰੇਮੀਆਂ ਨੂੰ ਖਿੱਚਿਆ, ਸਗੋਂ ਪੰਜਾਬੀ ਸੱਭਿਆਚਾਰ, ਸਿੱਖ ਵਿਰਾਸਤ ਤੇ ਭਾਈਚਾਰਕ ਸਾਂਝ ਦੀ ਅਜਿਹੀ ਤਸਵੀਰ ਪੇਸ਼ ਕੀਤੀ, ਜਿਸ ਨੂੰ ਵੇਖ ਕੇ ਹਰ ਪੰਜਾਬੀ ਦਾ ਮਨ ਮਾਣ ਨਾਲ ਭਰ ਗਿਆ। ਕਈ ਸਾਲਾਂ ਬਾਅਦ ਮਿਲਣ ਵਾਲੇ ਦੋਸਤ ਗਲੇ ਮਿਲ ਰਹੇ ਸਨ। ਰਿਸ਼ਤੇਦਾਰ ਇਕ-ਦੂਜੇ ਦਾ ਹਾਲ-ਚਾਲ ਪੁੱਛ ਰਹੇ ਸਨ। ਪੰਜਾਬ ਦੇ ਪਿੰਡਾਂ ਦੀਆਂ ਗੱਲਾਂ ਹੋ ਰਹੀਆਂ ਸਨ। ਅਸਲ 'ਚ ਇਹ ਮੇਲਾ ਖੇਡਾਂ ਨਾਲੋਂ ਵੱਧ ਲੋਕਾਂ ਦੇ ਮਿਲਾਪ ਦਾ ਸਾਧਨ ਬਣ ਗਿਆ ਸੀ। ਜੇ ਇਸ ਮੇਲੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਦੀ ਗੱਲ ਕੀਤੀ ਜਾਵੇ ਤਾਂ ਉਹ ਲੰਗਰਾਂ ਦੀ ਬਹੁਤਾਤ ਸੀ। ਖ਼ਾਸ ਤੌਰ 'ਤੇ ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਛਾਉਣੀ (ਪਲੰਪਟਨ) ਦਾ ਲੰਗਰ ਸਭ ਤੋਂ ਵੱਧ ਚਰਚਾ 'ਚ ਰਿਹਾ। ਕਬੱਡੀ ਹਮੇਸ਼ਾ ਤੋਂ ਪੰਜਾਬੀਆਂ ਦੀ ਮਾਂ ਖੇਡ ਰਹੀ ਹੈ ਤੇ ਗ੍ਰਿਫ਼ਥ ਦਾ ਮੇਲਾ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਸੀ। ਦੋ ਦਿਨਾਂ ਦੌਰਾਨ 24 ਮੈਚ ਖੇਡੇ ਗਏ। ਪਹਿਲੇ ਦਿਨ 10 ਤੇ ਦੂਜੇ ਦਿਨ 14 ਮੁਕਾਬਲੇ ਹੋਏ। ਖੇਡ ਦਾ ਰੋਮਾਂਚ ਇਸ ਕਦਰ ਸੀ ਕਿ ਜਦੋਂ ਕੋਈ ਧਾਵੀ ਸ਼ਾਨਦਾਰ ਅੰਕ ਲੈ ਕੇ ਮੁੜਦਾ ਜਾਂ ਕੋਈ ਜਾਫੀ ਦਮਦਾਰ ਜੱਫਾ ਲਾਉਂਦਾ ਤਾਂ ਦਰਸ਼ਕਾਂ ਵਲੋਂ ਤੁਰੰਤ ਡਾਲਰਾਂ ਦੇ ਐਲਾਨ ਹੋਣ ਲਗਦੇ। ਘਾਹ ਵਾਲੇ ਮੈਦਾਨ 'ਤੇ ਹੋ ਰਹੇ ਇਹ ਮੁਕਾਬਲੇ ਪੁਰਾਣੇ ਪੰਜਾਬੀ ਪਿੰਡਾਂ ਦੀਆਂ ਯਾਦਾਂ ਤਾਜ਼ਾ ਕਰ ਰਹੇ ਸਨ। ਕਬੱਡੀ ਦੇ ਨਾਲ-ਨਾਲ ਫੁੱਟਬਾਲ ਤੇ ਰੱਸਾਕਸ਼ੀ ਦੇ ਮੁਕਾਬਲਿਆਂ ਨੇ ਵੀ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਗ੍ਰਿਫ਼ਥ ਵਾਈਟ ਅਤੇ ਗ੍ਰਿਫ਼ਥ ਬਲੈਕਸ ਵਿਚਾਲੇ ਹੋਏ ਮੁਕਾਬਲਿਆਂ 'ਚ ਗ੍ਰਿਫ਼ਥ ਬਲੈਕਸ ਦੀ ਟੀਮ ਨੇ ਬਾਜ਼ੀ ਮਾਰੀ। ਰੱਸਾਕਸ਼ੀ ਦੇ ਮੁਕਾਬਲੇ ਦੌਰਾਨ ਦਰਸ਼ਕਾਂ ਦਾ ਜੋਸ਼ ਦੇਖਣ ਵਾਲਾ ਸੀ। ਔਰਤਾਂ ਲਈ ਕਰਵਾਈ ਗਈ ਕੁਰਸੀ ਮੱਲਣ ਦੀ ਖੇਡ ਵੀ ਖੂਬ ਚਰਚਾ 'ਚ ਰਹੀ। ਮੇਲੇ ਦਾ ਇਕ ਬਹੁਤ ਹੀ ਸੁੰਦਰ ਦ੍ਰਿਸ਼ ਰਿਹਾ ਜਦੋਂ ਨੌਜਵਾਨਾਂ ਦਾ ਇਕ ਗਰੁੱਪ ਦਸਤਾਰਾਂ ਸਜਾ ਰਿਹਾ ਸੀ। ਇਸ ਦੌਰਾਨ ਕਈ ਗੋਰੇ ਵੀ ਦਿਲਚਸਪੀ ਨਾਲ ਸ਼ਾਮਿਲ ਹੋਏ। ਭਾਈ ਸ਼ੇਰਇੰਦਰ ਸਿੰਘ ਦੀ ਅਗਵਾਈ ਹੇਠ ਲਗਾਈ ਗਈ ਸਿੱਖ ਇਤਿਹਾਸ ਤੇ 1984 ਦੇ ਸ਼ਹੀਦਾਂ ਦੀ ਪ੍ਰਦਰਸ਼ਨੀ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। ਸ਼ਹੀਦਾਂ ਦੀਆਂ ਤਸਵੀਰਾਂ ਮੁਫ਼ਤ ਵੰਡੀਆਂ ਗਈਆਂ। ਮੇਲੇ 'ਚ ਲੱਗੇ ਪੁਸਤਕ ਸਟਾਲਾਂ 'ਤੇ ਵੀ ਖਾਸੇ ਲੋਕ ਵੇਖਣ ਨੂੰ ਮਿਲੇ। ਮੇਲੇ ਦੌਰਾਨ ਮੈਨੂੰ ਆਪਣੇ ਇਲਾਕੇ ਦੇ ਕਈ ਜਾਣੂ ਮਿਲੇ। ਕੁਝ ਅਜਿਹੇ ਲੋਕ ਵੀ ਮਿਲੇ ਜਿਨ੍ਹਾਂ ਨੂੰ ਮੈਂ ਸਾਲਾਂ ਤੋਂ ਨਹੀਂ ਮਿਲਿਆ ਸੀ।
ਸਮਾਗਮ ਦੇ ਅੰਤ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਪ੍ਰਬੰਧਕ ਕਮੇਟੀ ਨੇ ਦੁਨੀਆ ਭਰ ਤੋਂ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ।
ਗ੍ਰਿਫ਼ਥ ਦਾ ਇਹ 28ਵਾਂ ਸ਼ਹੀਦੀ ਖੇਡ ਮੇਲਾ ਕੇਵਲ ਦੋ ਦਿਨਾਂ ਦਾ ਸਮਾਗਮ ਨਹੀਂ ਸੀ। ਇਹ ਪੰਜਾਬੀਅਤ, ਸਿੱਖੀ, ਖੇਡਾਂ, ਸੇਵਾ ਤੇ ਭਾਈਚਾਰੇ ਦੀ ਇਕ ਜੀਵੰਤ ਮਿਸਾਲ ਸੀ। ਇਹ ਮੇਲਾ ਆਪਣੇ ਪਿੱਛੇ ਅਣਗਿਣਤ ਯਾਦਾਂ ਛੱਡ ਗਿਆ ਤੇ ਇਹ ਸੁਨੇਹਾ ਦੇ ਗਿਆ ਕਿ ਭਾਵੇਂ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਣ, ਉਹ ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ ਤੇ ਆਪਣੀ ਪਛਾਣ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ।

-ਗ੍ਰਿਫ਼ਥ (ਆਸਟ੍ਰੇਲੀਆ)।
ਵਟਸਐਪ : 98152-82282

Ad Position 22
No active advertisement
ਪਿਛਲੀ ਖ਼ਬਰ ਜਦੋਂ ਭਾਰਤ ਨੇ ਖ਼ੁਦ ਠੁਕਰਾਇਆ ਫੀਫਾ ਵਿਸ਼ਵ ਕੱਪ ਖੇਡਣ ਦਾ ਮੌਕਾ ਅਗਲੀ ਖ਼ਬਰ ਵੈਭਵ ਦੇ ਕੌਮੀ ਟੀਮ ਵੱਲ ਵਧਦੇ ਕਦਮ
Ad Position 24
No active advertisement