15 ਸਾਲਾ ਵੈਭਵ ਸੂਰਿਆਵੰਸ਼ੀ ਪਹਿਲਾਂ ਹੀ ਆਈ.ਪੀ.ਐਲ. 'ਚ ਦੋ ਸੈਂਕੜੇ ਲਾ ਚੁੱਕਾ ਹੈ। ਉਸ ਨੂੰ ਅੰਡਰ-19 ਵਿਸ਼ਵ ਕੱਪ ਵਿਚ 'ਪਲੇਅਰ ਆਫ ਦ ਟੂਰਨਾਮੈਂਟ' ਚੁਣਿਆ ਗਿਆ ਸੀ। ਇਸ ਸਾਲ ਜਨਵਰੀ 'ਚ ਹੋਏ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਉਸ ਨੇ 175 ਦੌੜਾਂ ਦੀ ਵਿਸ਼ਵ ਪ੍ਰਸਿੱਧ ਪਾਰੀ ਖੇਡੀ। ਉਹ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਵਿਚ ਵੀ ਖੇਡ ਚੁੱਕਾ ਹੈ ਅਤੇ ਲਗਭਗ ਹਰ ਟੂਰਨਾਮੈਂਟ 'ਚ ਉਸ ਨੇ ਧਿਆਨ ਖਿੱਚਿਆ ਹੈ। ਇਹੀ ਕਾਰਨ ਹੈ ਕਿ ਪਿਛਲੇ ਸਾਲ ਦੌਰਾਨ ਨਾ ਸਿਰਫ਼ ਆਮ ਕ੍ਰਿਕਟ ਪ੍ਰਸੰਸਕਾਂ, ਸਗੋਂ ਬਹੁਤ ਸਾਰੇ ਕ੍ਰਿਕਟ ਮਾਹਿਰਾਂ (ਹਾਲਾਂਕਿ ਇਸ ਮਾਮਲੇ 'ਚ ਜਾਣਕਾਰਾਂ ਦੀ ਰਾਏ ਵੰਡੀ ਹੋਈ ਹੈ) ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਚਿਨ ਤੇਂਦੁਲਕਰ ਵਾਂਗ ਵੈਭਵ ਸੂਰਿਆਵੰਸ਼ੀ ਨੂੰ ਛੋਟੀ ਉਮਰ ਵਿਚ ਹੀ ਰਾਸ਼ਟਰੀ ਟੀਮ 'ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਕੋਲ ਇਕ ਵਿਸ਼ੇਸ਼ ਪ੍ਰਤਿਭਾ ਹੈ। ਹਾਲ ਹੀ 'ਚ ਬੀ.ਸੀ.ਸੀ.ਆਈ. ਅਧਿਕਾਰੀਆਂ ਤੋਂ ਇਸ ਮੁੱਦੇ 'ਤੇ ਕਈ ਵਾਰ ਜਨਤਕ ਤੌਰ 'ਤੇ ਸਵਾਲ ਪੁੱਛੇ ਗਏ। ਇਸ ਸਭ ਨੂੰ ਦੇਖਦੇ ਹੋਏ ਵੈਭਵ ਨੇ ਹੁਣ ਹੌਲੀ-ਹੌਲੀ ਰਾਸ਼ਟਰੀ ਟੀਮ ਵੱਲ ਆਪਣੇ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ।
ਆਈ.ਪੀ.ਐਲ. ਤੋਂ ਤੁਰੰਤ ਬਾਅਦ ਵੈਭਵ ਜੂਨ 2026 'ਚ ਸ੍ਰੀਲੰਕਾ ਵਿਖੇ ਹੋਣ ਵਾਲੀ ਏ-ਟੀਮ ਦੀ ਤਿਕੋਣੀ ਲੜੀ 'ਚ ਭਾਰਤ ਏ-ਟੀਮ ਦਾ ਹਿੱਸਾ ਹੋਵੇਗਾ। ਭਾਰਤ ਤੋਂ ਇਲਾਵਾ ਸ੍ਰੀਲੰਕਾ ਤੇ ਅਫ਼ਗਾਨਿਸਤਾਨ ਦੀਆਂ ਏ ਟੀਮਾਂ ਇਸ ਲੜੀ 'ਚ ਹਿੱਸਾ ਲੈ ਰਹੀਆਂ ਹਨ। ਵੈਭਵ ਸੂਰਿਆਵੰਸ਼ੀ ਪਿਛਲੇ ਦੋ ਸੀਜ਼ਨਾਂ ਤੋਂ ਆਈ.ਪੀ.ਐਲ. 'ਚ ਖੇਡ ਰਿਹਾ ਹੈ। ਉਸ ਨੇ ਪਹਿਲੇ ਸੀਜ਼ਨ 'ਚ ਇਕ ਸੈਂਕੜਾ ਲਾਇਆ ਸੀ ਤੇ ਇਸ ਸੀਜ਼ਨ 'ਚ ਇਕ ਹੋਰ ਸੈਂਕੜਾ ਲਾ ਚੁੱਕਾ ਹੈ। ਪਹਿਲੇ ਸੀਜ਼ਨ 'ਚ ਵੈਭਵ ਨੇ ਗੁਜਰਾਤ ਵਿਰੁੱਧ 36 ਗੇਂਦਾਂ ਵਿਚ ਸੈਂਕੜਾ ਲਗਾਇਆ ਸੀ ਤੇ ਇਸ ਸੀਜ਼ਨ 'ਚ ਉਸ ਨੇ ਹੈਦਰਾਬਾਦ ਵਿਰੁੱਧ 37 ਗੇਂਦਾਂ 'ਚ 103 ਦੌੜਾਂ ਬਣਾਈਆਂ ਸਨ। ਜਦਕਿ ਕਈ ਤਜਰਬੇਕਾਰ ਬੱਲੇਬਾਜ਼ ਸਾਲਾਂ ਤੋਂ ਖੇਡ ਰਹੇ ਹਨ, ਜਿਹੜੇ ਅਜੇ ਤੱਕ ਆਈ.ਪੀ.ਐਲ. 'ਚ ਇਕ ਸੈਂਕੜਾ ਵੀ ਨਹੀਂ ਬਣਾ ਸਕੇ। ਪਿਛਲੇ ਦੋ ਸਾਲਾਂ ਤੋਂ ਵੈਭਵ ਸੂਰਿਆਵੰਸ਼ੀ ਦੁਨੀਆ ਭਰ ਦੇ ਕ੍ਰਿਕਟ ਪ੍ਰਸੰਸਕਾਂ ਨੂੰ ਲਗਾਤਾਰ ਆਪਣੀ ਖੇਡ ਦੇ ਦੀਵਾਨੇ ਬਣਾ ਰਿਹਾ ਹੈ।
ਵੈਭਵ ਨੇ 12 ਸਾਲ ਦੀ ਉਮਰ 'ਚ ਰਣਜੀ ਵਿਚ ਡੈਬਿਊ ਕੀਤਾ ਸੀ। 2024 'ਚ ਉਸ ਨੇ ਮੁੰਬਈ ਤੇ ਛੱਤੀਸਗੜ੍ਹ ਖ਼ਿਲਾਫ਼ ਦੋ ਫਸਟ-ਕਲਾਸ ਮੈਚਾਂ 'ਚ 31 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਸਚਿਨ ਤੇਂਦੁਲਕਰ ਤੇ ਯੁਵਰਾਜ ਸਿੰਘ ਦੋਵਾਂ ਦਾ ਫਸਟ-ਕਲਾਸ ਡੈਬਿਊ ਰਿਕਾਰਡ ਤੋੜ ਦਿੱਤਾ ਸੀ। ਸਚਿਨ ਤੇਂਦੁਲਕਰ ਨੇ 15 ਸਾਲ ਦੀ ਉਮਰ 'ਚ ਤੇ ਯੁਵਰਾਜ ਨੇ 18 ਸਾਲ ਦੀ ਉਮਰ 'ਚ ਆਪਣਾ ਘਰੇਲੂ ਫਸਟ-ਕਲਾਸ ਡੈਬਿਊ ਕੀਤਾ ਸੀ। ਇਸ ਦੌਰਾਨ 13 ਸਾਲ ਦੀ ਉਮਰ 'ਚ ਵੈਭਵ ਨੇ ਆਸਟ੍ਰੇਲੀਆ ਖ਼ਿਲਾਫ਼ ਅੰਡਰ-19 ਯੂਥ ਟੈਸਟ ਸੀਰੀਜ਼ ਵਿਚ ਸਿਰਫ਼ 58 ਗੇਂਦਾਂ 'ਚ ਸੈਂਕੜਾ ਲਾ ਕੇ ਸਨਸਨੀ ਪੈਦਾ ਕਰ ਦਿੱਤੀ ਸੀ। ਵੈਭਵ ਨੇ ਲਿਸਟ ਏ ਦੇ 50 ਓਵਰਾਂ ਵਾਲੇ ਹੁਣ ਤੱਕ 8 ਮੈਚ ਖੇਡੇ ਹਨ, ਜਿਨ੍ਹਾਂ 'ਚ 44.12 ਦੀ ਔਸਤ ਅਤੇ 164.95 ਦੇ ਸਟ੍ਰਾਈਕ ਰੇਟ ਨਾਲ 353 ਦੌੜਾਂ ਬਣਾਈਆਂ ਹਨ। ਉਸ ਦਾ ਸਰਬੋਤਮ ਸਕੋਰ 190 ਰਿਹਾ ਹੈ। ਉਹ ਇਸ ਫਾਰਮੈਟ 'ਚ ਵੀ ਇਕ ਸੈਂਕੜਾ ਤੇ ਇਕ ਅਰਧ ਸੈਂਕੜਾ ਲਾ ਚੁੱਕਾ ਹੈ।
ਇੰਨੀ ਛੋਟੀ ਉਮਰ ਵਿਚ ਵੈਭਵ ਨੇੇ ਜਿਸ ਤਰ੍ਹਾਂ ਆਤਮਵਿਸ਼ਵਾਸ, ਤਕਨੀਕ ਤੇ ਹਮਲਾਵਰ ਕ੍ਰਿਕਟ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨਾਲ ਉਸ ਨੇ ਹੁਣ ਤੱਕ ਦੁਨੀਆ ਭਰ ਦੇ ਕ੍ਰਿਕਟ ਪ੍ਰਸੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜ਼ਿਆਦਾਤਰ ਲੋਕ ਇਹੀ ਉਮੀਦ ਕਰਦੇ ਹਨ ਕਿ ਉਹ ਭਾਰਤੀ ਟੀਮ ਵਿਚ ਸ਼ਾਮਿਲ ਹੋ ਕੇ ਆਪਣੀ ਚਮਕ ਨੂੰ ਹੋਣ ਵਧਾਏਗਾ ਅਤੇ ਭਾਰਤੀ ਕ੍ਰਿਕਟ ਲਈ ਇਕ ਸ਼ਾਨਦਾਰ ਭਵਿੱਖ ਬਣੇਗਾ। ਹਾਲਾਂਕਿ ਵੈਭਵ ਸੂਰਿਆਵੰਸ਼ੀ ਨੂੰ ਅਜੇ ਸੀਨੀਅਰ ਅੰਤਰਰਾਸ਼ਟਰੀ ਕ੍ਰਿਕਟ ਵਿਚ ਪਰਖਿਆ ਜਾਣਾ ਬਾਕੀ ਹੈ, ਪਰ ਹੁਣ ਤੱਕ ਉਸ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਸਚਿਨ ਤੇਂਦੁਲਕਰ ਵਰਗਾ ਬੱਲੇਬਾਜ਼ ਮਿਲ ਸਕਦਾ ਹੈ ਜਾਂ ਸ਼ਾਇਦ ਉਸ ਤੋਂ ਵੀ ਜ਼ਿਆਦਾ ਹਮਲਾਵਰ ਅਤੇ ਦੌੜਾਂ ਲਈ ਭੁੱਖਾ। ਹਾਲਾਂਕਿ ਸੀਨੀਅਰ ਟੀਮ ਲਈ ਵੈਭਵ ਦੀ ਪ੍ਰੀਖਿਆ ਅਜੇ ਬਾਕੀ ਹੈ, ਪਰ ਹੁਣ ਤੱਕ ਉਸ ਨੇ ਜਿਸ ਤਰ੍ਹਾਂ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਦੇਖ ਕੇ ਤਾਂ ਇਹੀ ਲਗਦਾ ਹੈ ਕਿ ਸ਼ਾਇਦ ਸਾਨੂੰ ਸਚਿਨ ਵਰਗਾ ਜਾਂ ਕਿਹਾ ਜਾਵੇ ਕਿ ਸਚਿਨ ਤੋਂ ਵੀ ਵੱਧ ਹਮਲਾਵਰ ਖੇਡ ਵਾਲਾ ਬੱਲੇਬਾਜ਼ ਮਿਲ ਗਿਆ ਹੈ।
-ਇਮੇਜ ਰਿਫਲੈਕਸ਼ਨ ਸੈਂਟਰ।