ਅੰਮ੍ਰਿਤਸਰ, 14 ਜੂਨ (ਹਰਮਿੰਦਰ ਸਿੰਘ)-ਬੀਤੇ ਦਿਨ ਅੰਮ੍ਰਿਤਸਰ ਪੁਲਿਸ ਵਲੋਂ ਬਰਾਮਦ ਕੀਤੀ 30 ਕਿਲੋਗ੍ਰਾਮ ਹੈਰੋਇਨ ਮਾਮਲੇ ਵਿਚ ਅੰਮ੍ਰਿਤਸਰ ਪੁਲਿਸ ਨੂੰ ਇਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਮਾਮਲੇ ‘ਤੇ ਅਗਲੀ ਕਾਰਵਾਈ ਕਰਦੇ ਇਕ ਨਾਬਾਲਗ ਸਮੇਤ ਦੋ ਹੋਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 5.041 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਭਿਸ਼ੇਕ ਉਰਫ਼ ਅਭੀ ਉਰਫ਼ ਭਿੰਡੀ (25), ਜੋ ਕਿ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਹੈ ਅਤੇ ਇਕ ਨਾਬਾਲਗ ਵਜੋਂ ਹੋਈ ਹੈ। ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ, ਜਿਸ ਵਿਰੁੱਧ ਅਸਲਾ ਐਕਟ, ਐਨਡੀਪੀਐਸ ਐਕਟ, ਖੋਹ ਅਤੇ ਹਮਲਾ ਨਾਲ ਸਬੰਧਤ ਅਪਰਾਧਾਂ ਤਹਿਤ ਪਹਿਲਾਂ ਵੀ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਛੇ ਵਿਅਕਤੀਆਂ ਗੌਤਮ, ਕਬੀਰ ਉਰਫ਼ ਕਾਕੂ, ਸਮੀਰ ਉਰਫ਼ ਸਭਰਵਾਲ, ਗੁਰਪ੍ਰੀਤ ਉਰਫ਼ ਕੀਦਾ ਅਤੇ ਦੋ ਨਾਬਾਲਗਾਂ ਦੇ ਕਬਜ਼ੇ ਵਿਚੋਂ 30.045 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ । ਇਸ ਮਾਮਲੇ ਦੀ ਅਗਲੀ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੁਬਈ ਸਥਿਤ ਇਕ ਤਸਕਰ ਨਾਲ ਜੁੜੇ ਹੋਏ ਸਨ, ਜੋ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਦੀ ਸਪਲਾਈ ਵਿਚ ਸਹਾਇਤਾ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨੈੱਟਵਰਕ ਵਿਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ ਜਾਂਚ ਕੀਤੀ ਗਈ। ਜਾਂਚ ਦੌਰਾਨ ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਮੁਲਜ਼ਮ ਕਬੀਰ ਉਰਫ਼ ਕਾਕੂ ਦੇ ਕਬਜ਼ੇ ਵਿਚੋਂ 2.006 ਕਿਲੋਗ੍ਰਾਮ ਵਾਧੂ ਹੈਰੋਇਨ ਬਰਾਮਦ ਕੀਤੀ ਹੈ ਅਤੇ ਉਸਦੇ ਬਿਆਨ ‘ਤੇ ਉਸਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਇਕ ਵੱਖਰੀ ਕਾਰਵਾਈ ‘ਚ ਪੁਲਿਸ ਟੀਮਾਂ ਨੂੰ ਇਸ ਮਾਡਿਊਲ ਦੇ ਇਕ ਸੰਚਾਲਕ, ਜਿਸਦੀ ਪਛਾਣ ਵੰਸ਼ਦੀਪ ਸਿੰਘ ਵਜੋਂ ਹੋਈ ਹੈ, ਦੇ ਹਾਦਸੇ ਬਾਰੇ ਜਾਣਕਾਰੀ ਮਿਲੀ, ਜਿਸਦੀ ਪਛਾਣ ਗ੍ਰਿਫ਼ਤਾਰ ਮੁਲਜ਼ਮ ਅਭਿਸ਼ੇਕ ਨੇ ਕੀਤੀ ਹੈ। ਜਿਸ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਗਈਆਂ। ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਸਦੇ ਐਕਟਿਵਾ ਸਕੂਟਰ ਦੀ ਤਲਾਸ਼ੀ ਦੌਰਾਨ, ਪੁਲਿਸ ਨੇ 3.035 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮ ਵੰਸ਼ਦੀਪ ਸਿੰਘ 2 ਫਰਵਰੀ, 2025 ਨੂੰ ਕੇਂਦਰੀ ਜੇਲ੍ਹ, ਅੰਮ੍ਰਿਤਸਰ ਤੋਂ ਜ਼ਮਾਨਤ ‘ਤੇ ਬਾਹਰ ਆਇਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਵਲੋਂ ਤੰਦਰੁਸਤ ਐਲਾਨੇ ਜਾਣ ਤੋਂ ਬਾਅਦ ਦੋਸ਼ੀ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕੀਤਾ ਜਾਵੇਗਾ।
ਮਾਮਲਾ 30 ਕਿਲੋ ਹੈਰੋਇਨ ਬਰਾਮਦਗੀ ਦਾ-ਇਕ ਨਾਬਾਲਹ ਸਮੇਤ ਦੋ ਹੋਰ ਸਾਥੀ ਗ੍ਰਿਫ਼ਤਾਰ,5 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ
ਅਜੀਤ ਡੈਸਕ
16-06-2026