ਅੰਮ੍ਰਿਤਸਰ, 13 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਵਿਦਿਆ ਭਵਨ ਅੰਮ੍ਰਿਤਸਰ ਦੁਆਰਾ ਲੋਕ ਭਲਾਈ ਅਤੇ ਸਮਾਜ ਸੇਵਾ ਲਈ ਸ਼ੁਰੂ ਕੀਤੇ ਗਏ ਭਾਵਨਜ਼ ਹੈਲਥ ਕੇਅਰ ਔਨ ਵਹੀਲਜ਼ ਪ੍ਰੋਜੈਕਟ ਦੇ ਹਿੱਸੇ ਵਜੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰਣਜੀਤ ਐਵੀਨਿਊ-ਸੀ ਬਲਾਕ, ਫੈਜ਼ਪੁਰਾ ਦੇ ਪਿੱਛੇ ਮੋਬਾਈਲ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਦਾ ਉਦਘਾਟਨ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ। ਪਹਿਲੇ ਦਿਨ ਹੀ ਇਲਾਕੇ ਦੇ ਕਈ ਮਰੀਜ਼ਾਂ ਨੇ ਡਾਕਟਰੀ ਜਾਂਚ ਕੀਤੀ ਅਤੇ ਡਾਕਟਰੀ ਸਲਾਹ ਅਤੇ ਜ਼ਰੂਰੀ ਦਵਾਈਆਂ ਪ੍ਰਾਪਤ ਕੀਤੀਆਂ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਦਰਵਾਜ਼ਿਆਂ ‘ਤੇ ਪਹੁੰਚਾਉਣਾ ਇਕ ਸ਼ਲਾਘਾਯੋਗ ਅਤੇ ਲੋਕ-ਪੱਖੀ ਪਹਿਲਕਦਮੀ ਹੈ। ਉਨ੍ਹਾਂ ਭਾਰਤੀ ਵਿਦਿਆ ਭਵਨ, ਅੰਮ੍ਰਿਤਸਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਲਾਭ ਪਹੁੰਚਾਏਗਾ ਜੋ ਵੱਖ-ਵੱਖ ਕਾਰਨਾਂ ਕਰਕੇ ਹਸਪਤਾਲ ਨਹੀਂ ਪਹੁੰਚ ਸਕਦੇ। ਭਾਰਤੀ ਵਿਦਿਆ ਭਵਨ ਅੰਮ੍ਰਿਤਸਰ ਦੇ ਚੇਅਰਮੈਨ ਅਵਿਨਾਸ਼ ਮਹੇਂਦਰੂ ਨੇ ਕਿਹਾ ਕਿ ਮੋਬਾਈਲ ਹਸਪਤਾਲ ਦਾ ਉਦੇਸ਼ ਸਮਾਜ ਦੇ ਹਰ ਵਰਗ ਨੂੰ ਮਿਆਰੀ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਹਸਪਤਾਲ ਰੋਜ਼ਾਨਾ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਨਿਰਧਾਰਤ ਖੇਤਰਾਂ ‘ਚ ਸੇਵਾਵਾਂ ਪ੍ਰਦਾਨ ਕਰੇਗਾ। ਇਹ ਸੇਵਾ ਫੈਜ਼ਪੁਰਾ ਵਿਚ ਸੋਮਵਾਰ ਅਤੇ ਵੀਰਵਾਰ ਨੂੰ, ਪਾਤਰਾ ਮਿੱਲ-ਬਟਾਲਾ ਰੋਡ ਖੇਤਰ ਵਿਚ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਅਤੇ ਇਸਲਾਮਾਬਾਦ ਭਵਨ-2 ਸਕੂਲ (ਗੇਟ ਨੰਬਰ 22) ਖੇਤਰ ‘ਚ ਬੁੱਧਵਾਰ ਅਤੇ ਸ਼ਨੀਵਾਰ ਨੂੰ ਉਪਲੱਬਧ ਹੋਵੇਗੀ। ਇਸ ਪ੍ਰੋਜੈਕਟ ਨਾਲ ਵੱਡੀ ਗਿਣਤੀ ‘ਚ ਲੋਕਾਂ ਨੂੰ ਲਾਭ ਹੋਵੇਗਾ। ਇਸ ਮੌਕੇ ਭਾਰਤੀ ਵਿਦਿਆ ਭਵਨ ਦੇ ਅਧਿਕਾਰੀ, ਸਕੂਲ ਪ੍ਰਬੰਧਨ, ਪਤਵੰਤੇ ਅਤੇ ਸਥਾਨਕ ਨਿਵਾਸੀ ਮੌਜੂਦ ਸਨ।