ਅੰਮ੍ਰਿਤਸਰ, 13 ਜੁਲਾਈ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਐਲੂਮਨੀ ਸੁਸਾਇਟੀ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ 10ਵੀਂ ਤੋਂ 12ਵੀਂ ਜਮਾਤ ਦੇ ਸੀ.ਕੇ.ਡੀ. ਵਿਦਿਆਰਥੀਆਂ ਨੂੰ ਏ.ਆਈ. (ਆਰਟੀਫਿਸ਼ਲ ਇੰਟੈਲੀਜੈਸ) ਦੀਆਂ ਨਵੀਆਂ ਸੰਭਾਵਨਾਵਾ, ਇਸਦੀ ਸੁਰੱਖਿਅਤ ਵਰਤੋਂ ਅਤੇ ਭਵਿੱਖ ਵਿਚ ਇਸ ਦੀ ਵੱਧ ਰਹੀ ਮਹੱਤਤਾ ਬਾਰੇ ਜਾਣੂੰ ਕਰਵਾਉਣਾ ਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਵਿਸ਼ੇਸ਼ ਤੌਰ ‘ਤੇ ਪੁੱਜੇ ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਅੱਜ ਦੇ ਡਿਜੀਟਲ ਯੁੱਗ ਵਿਚ ਏ.ਆਈ. ਦੇ ਗਿਆਨ ਨੂੰ ਹਰ ਵਿਦਿਆਰਥੀ ਲਈ ਲਾਜ਼ਮੀ ਕਰਾਰ ਦਿੰਦਿਆਂ ਕਿਹਾ ਕਿ ਏ.ਆਈ. ਨੌਕਰੀਆਂ ਖਤਮ ਕਰਨ ਲਈ ਨਹੀਂ ਸਗੋਂ ਨਵੀਆਂ ਸੰਭਾਵਨਾਵਾਂ ਅਤੇ ਰੁਜ਼ਗਾਰ ਦੇ ਨਵੇਂ ਖੇਤਰ ਪੈਦਾ ਕਰਨ ਵਾਲੀ ਤਕਨਾਲੋਜੀ ਹੈ ਤੇ ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਨਵੀਂ ਸੋਚ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਵਿਕਸਤ ਕਰਦੇ ਹਨ। ਸੈਮੀਨਾਰ ਦੇ ਰਿਸੋਰਸਪਰਸਨ ਬਿਨਵੰਤ ਖੁਰਾਣਾ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਨੂੰ ਲਾਈਵ ਡੈਮੋ ਰਾਹੀਂ ਏ.ਆਈ. ਦੀ ਬੁਨਿਆਦੀ ਕਾਰਜ ਪ੍ਰਣਾਲੀ ਸਮਝਾਈ ਅਤੇ ਏ.ਆਈ. ਦੀ ਮਦਦ ਨਾਲ ਕੰਪਨੀ ਬ੍ਰਾਂਡ ਬਣਾਉਣਾ, ਏ.ਆਈ.ਟੂਲਸ ਅਤੇ ਵਰਕ ਫਲੋਅ ਦੀ ਵਰਤੋਂ, ਏ.ਆਈ. ਰਾਹੀਂ ਵੀਡੀਓ ਅਤੇ ਪ੍ਰੈਜ਼ੈਂਟੇਸ਼ਨ ਤਿਆਰ ਕਰਨ ਦੇ ਤਰੀਕੇ ਬਾਬਤ ਵਿਸਥਾਰਪੂਰਵਕ ਦੱਸਿਆ। ਇਸ ਮੌਕੇ ਏ.ਆਈ. ਦੀ ਮਦਦ ਨਾਲ ਤਿਆਰ ਕੀਤੀਆਂ ਲਘੂ ਫ਼ਿਲਮਾਂ, ਵਰਚੂਅਲ ਖੇਡਾਂ ਅਤੇ ਰੋਬੋਟ ਦੇ ਲਾਈਵ ਡੈਮੋ ਦਾ ਵਿਲੱਖਣ ਅਨੁਭਵ ਵੀ ਕਰਵਾਇਆ ਗਿਆ। ਪ੍ਰਸਿੱਧ ਬੁੱਧੀਜੀਵੀ ਡਾ: ਆਰ.ਐੱਸ. ਬਾਵਾ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦਿਆਂ ਅਜੋਕੇ ਯੁੱਗ ਵਿਚ ਨਿਰੰਤਰ ਸਿੱਖਦੇ ਰਹਿਣ ਅਤੇ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਅੱਪਡੇਟ ਰੱਖਣ ਲਈ ਪ੍ਰੇਰਿਤ ਕੀਤਾ । ਐਲੂਮਨੀ ਸੁਸਾਇਟੀ ਦੇ ਪ੍ਰਧਾਨ ਪ੍ਰਭਜੀਤ ਸਿੰਘ ਅਰੋੜਾ ਨੇ ਕਿਹਾ ਕਿ ਸੁਸਾਇਟੀ ਵਲੋਂ ਆਉਣ ਵਾਲੇ ਸਮੇਂ ਵਿਚ ਅਜਿਹੇ ਨਵੀਨ, ਕਰੀਅਰ ਕੇਂਦਰਿਤ ਅਤੇ ਤਕਨੀਕੀ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ । ਇਸ ਮੌਕੇ ਐਲੂਮਨੀ ਸੁਸਾਇਟੀ ਵਲੋਂ ਵੱਖ-ਵੱਖ ਅਕੈਡਮੀਆਂ ਤੋਂ ਪੁੱਜੇ ਬਿਨਵੰਤ ਖੁਰਾਣਾ, ਆਸ਼ਿਮਾ ਖੁਰਾਣਾ ਅਤੇ ਡਾ: ਬਾਵਾ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਐਜੂਕੇਸ਼ਲ ਉਰਮਿੰਦਰ ਕੌਰ, ਸਕੂਲ ਮੈਂਬਰ ਇੰਚਾਰਜ ਏ. ਪੀ. ਸਿੰਘ ਮਾਨ ਤੇ ਮਨਮੋਹਨ ਸਿੰਘ ਮਜੀਠਾ ਰੋਡ, ਪ੍ਰਭਜੋਤ ਸਿੰਘ ਸੇਠੀ, ਸਾਗਰਜੀਤ ਸਿੰਘ ਕਟਾਰੀਆ, ਤਰਿੰਦਰ ਸਿੰਘ, ਰੂਬੀਨਾ ਸਿੰਘ, ਡਾ. ਪ੍ਰਭਜੋਤ ਕੌਰ, ਰਛਪਾਲ ਸਿੰਘ, ਵਨਿੰਦਰ ਬਖਸ਼ੀ, ਪ੍ਰਿੰਸੀਪਲ ਜਸਪਾਲ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿਚ ਸੀ.ਕੇ.ਡੀ. ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ। ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਮੀਤੂ ਮਿਨੋਚਾ ਨੇ ਐਲੂਮਨੀ ਸੁਸਾਇਟੀ ਦੇ ਸੀ.ਕੇ.ਡੀ. ਤੇ ਐਲੂਮਨੀ ਅਹੁਦੇਦਾਰਾਂ ਅਤੇ ਰਿਸੋਰਸ ਪਰਸਨਸ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।