ਅੰਮ੍ਰਿਤਸਰ, 13 ਜੁਲਾਈ (ਹਰਮਿੰਦਰ ਸਿੰਘ)- ਸਕੂਲਾਂ ਵਾਲਿਆਂ ਵਲੋਂ ਵਿਦਿਆਰਥੀਆਂ ਕੋਲੋਂ ਜਨਮ ਸੰਬੰਧੀ ਡਿਜੀਟਲ ਸਰਟੀਫਕੇਟ ਮੰਗਣ ਅਤੇ ਵੋਟਾਂ ਸੰਬੰਧੀ ਚਲ ਰਹੇ ਐੱਸ. ਆਈ. ਆਰ. ਦੇ ਕੰਮ ਦੇ ਕਾਰਨ ਜਨਮ ਸਰਟੀਫਕੇਟ ਪ੍ਰਾਪਤ ਕਰਨ ਲਈ ਵੱਡੇ ਪੱਧਰ ‘ਤੇ ਅਰਜੀਆਂ ਆ ਰਹੀਆਂ ਹਨ। ਇਹ ਅਰਜੀਆਂ ਔਸਤ ਨਾਲੋਂ 10 ਗੁਣਾ ਵਧੇਰੇ ਆ ਰਹੀਆਂ ਹਨ ਪਰ ਕਈ ਤਕਨੀਕੀ ਕਾਰਨਾਂ ਅਤੇ ਅਮਲੇ ਦੀ ਕਮੀ ਕਾਰਨ ਅਰਜੀਆਂ ਦਾ ਨਿਪਟਾਰਾ ਪੂਰੀ ਤਰ੍ਹਾਂ ਨਾਲ ਨਾ ਹੋਣ ਕਰਕੇ ਹਰ ਰੋਜ਼ 700 -800 ਅਰਜੀਆਂ ਲੰਬਿਤ ਰਹਿ ਜਾਂਦੀਆਂ ਹਨ। ਜੋ ਵੱਧ ਕੇ 20 ਹਾਜਾਰ ਦੇ ਕਰੀਬ ਪਈਆਂ ਹਨ । ਇਸ ਸੰਬੰਧ ਵਿਚ ਨਿਗਮ ਦੇ ਜਨਮ ਅਤੇ ਮੌਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਆਮ ਤੌਰ ‘ਤੇ ਹਰ ਰੋਜ 100 ਤੋਂ 150 ਦੇ ਕਰੀਬ ਅਰਜੀਆਂ ਆਉਂਦੀਆਂ ਸਨ ਪਰ ਇਸ ਵੇਲੇ 1400-1500 ਅਰਜੀਆਂ ਰੋਜ਼ ਆ ਰਹੀਆਂ ਹਨ। ਜਦੋਂ ਕਿ 450 ਤੋਂ 500 ਅਰਜੀਆਂ ਦਾ ਹੀ ਹਰ ਰੋਜ਼ ਨਿਪਟਾਰਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਮੁਲਾਜ਼ਮਾਂ ਵਲੋਂ ਇਸ ਬੋਝ ਨੂੰ ਘਟਾਉਣ ਲਈ ਵਧੇਰੇ ਸਮੇਂ ਤੱਕ ਕੰਮ ਕੀਤਾ ਜਾ ਰਿਹਾ ਹੈ। ਇਥੋਂ ਤੱਕ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਕ ਸਮੇਂ ਇਹ ਅਰਜੀਆਂ 24 ਹਜਾਰ ਤੋਂ ਵਧੇਰੇ ਹੋ ਗਈਆਂ ਸਨ ਪਰ ਹੁਣ 20 ਹਜਾਰ ਦੇ ਕਰੀਬ ਅਰਜੀਆਂ ਵਿਚਾਰ ਅਧੀਨ ਹਨ। ਉਨ੍ਹਾਂ ਦੱਸਿਆ ਕਿ ਪੋਰਟਲ ਦੀ ਸਪੀਡ ਵੀ ਆਮ ਨਾਲੋਂ ਬਹੁਤ ਘੱਟ ਹੈ ਅਤੇ ਜ਼ਿਆਦਾ ਵਾਰ ਪੋਰਟਲ ਬੰਦ ਰਹਿਣ ਕਰਕੇ ਵੀ ਸਮੱਸਿਆ ਵੱਧ ਰਹੀ ਹੈ। ਇਸ ਸੰਬੰਧ ਵਿਚ ਮੇਅਰ ਜਤਿੰਦਰ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਪੂਰੇ ਪੰਜਾਬ ‘ਚ ਹੈ। ਪੋਰਟਲ ਇਕੱਲਾ ਨਗਰ ਨਿਗਮ ਦਾ ਪ੍ਰਭਾਵਿਤ ਨਹੀਂ ਹੋ ਰਿਹਾ ਪੂਰੇ ਪੰਜਾਬ ‘ਚ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਸਕੂਲਾਂ ਵਲੋਂ ਇਕ ਦਮ ਡਿਜੀਟਲ ਸਰਟੀਫਕੇਟ ਮੰਗੇ ਜਾਣ ਕਰਕੇ ਅਰਜੀਆਂ ਜਿਆਦਾ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੋਰਟਲ ਦੀ ਸਮੱਸਿਆ ਸੰਬੰਧੀ ਚੰਡੀਗੜ੍ਹ ਗੱਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਨਮ ਮੌਤ ਵਿਭਾਗ ਦੇ ਕੰਮ ‘ਚ ਤੇਜ਼ੀ ਲਿਆਉਣ ਲਈ ਮੁਲਾਜ਼ਮਾਂ ਨੂੰ ਤਿੰਨ ਹੋਰ ਲੈਪਟਾਪ ਦਿੱਤੇ ਜਾ ਰਹੇ ਹਨ।