ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਆਈ.ਪੀ.ਐੱਲ.-2026 ਕੋਹਲੀ ਦੇ ਜਲਵੇ ਨਾਲ ਆਰ. ਸੀ. ਬੀ. ਫਿਰ ਬਣੀ ਚੈਂਪੀਅਨ

Ad Position 21
No active advertisement
ਅਜੀਤ ਡੈਸਕ 09-06-2026

ਅਹਿਮਦਾਬਾਦ ਵਿਚ 31 ਮਈ 2026 ਨੂੰ ਗੁਜਰਾਤ ਟਾਈਟਨਜ਼ (ਜੀ.ਟੀ.) ਖ਼ਿਲਾਫ਼ ਆਈ.ਪੀ.ਐੱਲ.-2026 ਦੇ ਫਾਈਨਲ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਕਪਤਾਨ ਰਜਤ ਪਾਟੀਦਾਰ ਨੇ ਕਿਹਾ ਸੀ ਕਿ ਉਹ ਆਈ.ਪੀ.ਐੱਲ. 2025 ਦੀ ਜਿੱਤ ਦਾ ਬਚਾਅ ਕਰਨ ਲਈ ਨਹੀਂ ਆਏ ਪਰ ਉਨ੍ਹਾਂ ਦੀ ਟੀਮ ਦੀ ਸੋਚ ਖ਼ਿਤਾਬ ਜਿੱਤਣ ਦੀ ਹੈ। ਇਹ ਆਤਮ ਵਿਸ਼ਵਾਸ ਮੈਦਾਨ 'ਤੇ ਸਹੀ ਸਾਬਤ ਹੋਇਆ। ਇਕ ਪਾਸੇ ਆਰ.ਸੀ.ਬੀ. ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਤੇ ਰਜਤ ਪਾਟੀਦਾਰ ਨੂੰ ਜੀ.ਟੀ. ਦੇ ਮੁਹੰਮਦ ਸਿਰਾਜ ਤੇ ਕਾਗਿਸੋ ਰਬਾਡਾ ਦੀਆਂ ਤੇਜ਼ ਗੇਂਦਾਂ ਦਾ ਸਾਹਮਣਾ ਕਰਨਾ ਪਿਆ, ਜੋ ਇਸ ਸੀਜ਼ਨ ਵਿਚ ਪਾਵਰਪਲੇ 'ਚ ਅਕਸਰ ਹੀ ਮੈਚ ਖ਼ਤਮ ਕਰ ਰਹੇ ਸਨ, ਉੱਥੇ ਹੀ ਦੂਜੇ ਪਾਸੇ ਜੀ.ਟੀ. ਦੀ ਸਲਾਮੀ ਜੋੜੀ ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ, ਜੋ ਲਗਾਤਾਰ ਸੈਂਕੜਾ ਦੀ ਸਾਂਝੇਦਾਰੀ ਬਣਾ ਰਹੇ ਸਨ, ਨੂੰ ਭੁਵਨੇਸ਼ਵਰ ਕੁਮਾਰ ਤੇ ਹੇਜ਼ਲਵੁੱਡ ਦੀ ਘਾਤਕ ਗੇਂਦਬਾਜ਼ੀ ਤੋਂ ਬਚਣਾ ਸੀ। ਦਿਲਚਸਪ ਸੰਭਾਵਨਾਵਾਂ ਨਾਲ ਭਰਪੂਰ ਇਸ ਮੁਕਾਬਲੇ ਨੂੰ ਆਰ.ਸੀ.ਬੀ. ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਆਖਰ ਜਿੱਤ ਲਿਆ। ਇਸ ਤਰ੍ਹਾਂ ਜਿਹੜੀ ਟੀਮ ਲੰਮੇ ਸਮੇਂ ਤੋਂ ਇਸ ਖ਼ਿਤਾਬ ਲਈ ਸੰਘਰਸ਼ ਕਰਦੀ ਰਹੀ ਸੀ, ਉਸ ਨੇ ਲਗਾਤਾਰ ਦੂਜੀ ਵਾਰ ਆਈ.ਪੀ.ਐੱਲ. ਟਰਾਫੀ ਆਪਣੇ ਨਾਂਅ ਕਰ ਲਈ।
ਹਾਲਾਂਕਿ ਇਸ ਸੀਜ਼ਨ ਵਿਚ ਗੇਂਦਬਾਜ਼ਾਂ ਲਈ ਸੰਘਰਸ਼ ਹੀ ਰਿਹਾ ਕਿਉਂਕਿ ਟੀਮਾਂ ਲਗਾਤਾਰ 200-250 ਦੌੜਾਂ ਬਣਾ ਰਹੀਆਂ ਸਨ ਤੇ ਪਿੱਛਾ ਕਰਦਿਆਂ ਟੀਮਾਂ ਜਿੱਤ ਵੀ ਰਹੀਆਂ ਸਨ। ਪਰ ਜਿੱਥੇ ਗੇਂਦਬਾਜ਼ਾਂ ਨੂੰ ਥੋੜ੍ਹੀ ਜਿਹੀ ਵੀ ਮਦਦ ਮਿਲੀ, ਉੱਥੇ ਬੱਲੇਬਾਜ਼ਾਂ ਨੂੰ ਸੰਘਰਸ਼ ਕਰਨ ਪਿਆ। ਫਾਈਨਲ 'ਚ ਵੀ ਕੁਝ ਅਜਿਹਾ ਹੀ ਹੋਇਆ। ਜੀ.ਟੀ. ਦੇ ਬੱਲੇਬਾਜ਼ ਵਾਸ਼ਿੰਗਟਨ ਸੁੰਦਰ (50 ਨਾਬਾਦ) ਨੂੰ ਛੱਡ ਕੇ ਹੋਰ ਕਿਸੇ ਦੀ ਨਹੀਂ ਚੱਲੀ ਤੇ 20 ਓਵਰਾਂ 'ਚ 8 ਵਿਕਟਾਂ 'ਤੇ ਸਿਰਫ਼ 155 ਦੌੜਾਂ ਹੀ ਬਣੀਆਂ। ਆਰ.ਸੀ.ਬੀ. ਵਲੋਂ ਰਸਿਕ ਸਲਾਮ (3/27), ਭੁਵਨੇਸ਼ਵਰ ਕੁਮਾਰ (2/29) ਤੇ ਹੇਜ਼ਲਵੁੱਡ (2/37) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਹਾਲਾਂਕਿ ਪਿੱਚ ਆਰ.ਸੀ.ਬੀ. ਦੇ ਬੱਲੇਬਾਜ਼ਾਂ ਲਈ ਵੀ ਮੁਸ਼ਕਿਲ ਸੀ, ਪਰ ਵੈਂਕਟੇਸ਼ ਅਈਅਰ ਦੀਆਂ ਸਿਰਫ਼ 16 ਗੇਂਦਾਂ 'ਤੇ 32 ਦੌੜਾਂ ਨੇ ਕਾਫ਼ੀ ਹੱਦ ਤੱਕ ਮੈਚ ਆਪਣੀ ਟੀਮ ਦੇ ਹੱਕ ਵਿਚ ਕਰ ਦਿੱਤਾ ਤੇ ਫਿਰ ਜਦੋਂ ਵਿਰਾਟ ਕੋਹਲੀ ਮੂਡ 'ਚ ਹੁੰਦੇ ਹਨ ਤਾਂ ਕੋਈ ਵੀ ਟੀਚਾ ਪਹੁੰਚ ਤੋਂ ਬਾਹਰ ਨਹੀਂ ਹੁੰਦਾ। ਕੋਹਲੀ 75 ਦੌੜਾਂ ਬਣਾ ਕੇ ਨਾਬਾਦ ਰਿਹਾ, ਜਿਸ 'ਚ 9 ਚੌਕੇ, 3 ਛੱਕੇ ਤੇ 178.57 ਦਾ ਸਟ੍ਰਾਈਕ ਰੇਟ ਸ਼ਾਮਿਲ ਸੀ। ਆਰ.ਸੀ.ਬੀ. ਨੇ 18 ਓਵਰਾਂ ਵਿਚ 161 ਦੌੜਾਂ ਬਣਾ ਕੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੋਹਲੀ ਹੀ ਫਾਈਨਲ ਦੇ ਹੀਰੋ ਰਹੇ। ਕੋਹਲੀ ਨੇ ਇਕ ਹੀ ਗੇਂਦਬਾਜ਼ ਖ਼ਿਲਾਫ਼ ਆਈ.ਪੀ.ਐਲ. ਦੇ ਇਕ ਸੀਜ਼ਨ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਤੋੜ ਦਿੱਤਾ। ਕੋਹਲੀ ਨੇ 2026 ਦੇ ਆਈ.ਪੀ.ਐਲ. 'ਚ ਜੀ.ਟੀ. ਖ਼ਿਲਾਫ਼ ਚਾਰ ਮੈਚ ਖੇਡੇ ਤੇ ਰਬਾਡਾ ਦੀਆਂ ਗੇਂਦਾਂ 'ਤੇ ਕੁੱਲ 88 ਦੌੜਾਂ ਬਣਾਈਆਂ, ਜਦਕਿ ਰਬਾਡਾ ਉਸ ਨੂੰ ਸਿਰਫ ਇਕ ਵਾਰ ਆਊਟ ਕਰ ਸਕਿਆ। ਕੋਹਲੀ ਨੇ ਦੱਖਣੀ ਅਫਰੀਕਾ ਦੇ ਇਸ ਤੇਜ਼ ਗੇਂਦਬਾਜ਼ ਵਿਰੁੱਧ 14 ਚੌਕੇ ਤੇ 4 ਛੱਕੇ ਲਾਏ। ਇਹ ਇਸ ਲਿਹਾਜ਼ ਤੋਂ ਵੱਡੀ ਉਪਲਬਧੀ ਹੈ ਕਿ ਰਬਾਡਾ ਨੇ ਇਸ ਸੀਜ਼ਨ 'ਚ ਸਭ ਤੋਂ ਵੱਧ 29 ਵਿਕਟਾਂ ਲਈਆਂ ਤੇ 'ਪਰਪਲ ਕੈਪ' ਆਪਣੇ ਨਾਂਅ ਕੀਤੀ। ਫਾਈਨਲ ਵਿਚ ਤਾਂ ਕੋਹਲੀ ਨੇ ਰਬਾਡਾ ਦੀਆਂ ਸਿਰਫ਼ 6 ਗੇਂਦਾਂ 'ਤੇ 25 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਰਬਾਡਾ ਇਕਲੌਤਾ ਗ਼ੈਰ-ਭਾਰਤੀ ਗੇਂਦਬਾਜ਼ ਹੈ, ਜਿਸ ਨੇ ਟੀ-20 ਕ੍ਰਿਕਟ ਵਿਚ ਕੋਹਲੀ ਨੂੰ ਪੰਜ ਵਾਰ ਆਊਟ ਕੀਤਾ ਹੈ। ਫਾਈਨਲ ਵਿਚ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਲਈ ਕੋਹਲੀ ਨੂੰ 'ਪਲੇਅਰ ਆਫ਼ ਦ ਮੈਚ' ਪੁਰਸਕਾਰ ਦਿੱਤਾ ਗਿਆ। ਅਨਿਲ ਕੁੰਬਲੇ ਤੋਂ ਬਾਅਦ ਕੋਹਲੀ ਆਈ.ਪੀ.ਐਲ. ਫਾਈਨਲ ਵਿਚ ਇਹ ਸਨਮਾਨ ਜਿੱਤਣ ਵਾਲਾ ਦੂਜਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਅਨਿਲ ਕੁੰਬਲੇ ਨੇ 38 ਸਾਲ ਦੀ ਉਮਰ 'ਚ ਇਹ ਪੁਰਸਕਾਰ ਜਿੱਤਿਆ ਸੀ, ਜਦਕਿ ਕੋਹਲੀ ਨੇ 37 ਸਾਲ ਦੀ ਉਮਰ 'ਚ ਇਹ ਪੁਰਸਕਾਰ ਜਿੱਤਿਆ। ਇਹ ਵੀ ਖ਼ਾਸ ਹੈ ਕਿ ਆਈ.ਪੀ.ਐਲ. ਦੇ ਇਤਿਹਾਸ 'ਚ ਕਿਸੇ ਨੇ ਵੀ ਕੋਹਲੀ ਤੋਂ ਵੱਧ 'ਪਲੇਅਰ ਆਫ਼ ਦ ਮੈਚ' ਪੁਰਸਕਾਰ ਨਹੀਂ ਜਿੱਤੇ। ਇਹ ਉਸ ਦਾ 22ਵਾਂ ਪੁਰਸਕਾਰ ਸੀ। ਉਸ ਤੋਂ ਬਾਅਦ ਰੋਹਿਤ ਸ਼ਰਮਾ ਹੈ, ਜਿਸ ਨੇ 21 'ਪਲੇਅਰ ਆਫ਼ ਦ ਮੈਚ' ਪੁਰਸਕਾਰ ਜਿੱਤੇ ਹਨ।

Ad Position 22
No active advertisement
ਪਿਛਲੀ ਖ਼ਬਰ ਮੱਕੀ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਜ਼ਰੂਰੀ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ-2026 ਭਾਰਤੀ ਮੂਲ ਦੇ ਚਾਰ ਖਿਡਾਰੀ ਦਿਖਾਉਣਗੇ ਜਲਵਾ
Ad Position 24
No active advertisement