ਫੁੱਟਬਾਲ ਦੇ ਸਭ ਤੋਂ ਵੱਡੇ ਮਹਾਂਕੁੰਭ ਫੀਫਾ ਵਿਸ਼ਵ ਕੱਪ-2026 ਵਿਚ ਭਾਵੇਂ ਭਾਰਤੀ ਟੀਮ ਆਪਣੀ ਜਗ੍ਹਾ ਨਹੀਂ ਬਣਾ ਸਕੀ, ਪਰ ਇਹ ਗੱਲ ਹਰ ਭਾਰਤੀ ਲਈ ਮਾਣ ਵਾਲੀ ਹੈ ਕਿ ਭਾਰਤੀ ਮੂਲ ਦੇ ਚਾਰ ਖਿਡਾਰੀ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੀ ਨੁਮਾਇੰਦਗੀ ਕਰਦੇ ਹੋਏ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਨਿਊਜ਼ੀਲੈਂਡ ਦੇ ਸਰਪ੍ਰੀਤ ਸਿੰਘ, ਕਾਂਗੋ ਦੇ ਸੈਮੂਅਲ ਮਾਉਤੋਸਾਮੀ, ਆਸਟ੍ਰੇਲੀਆ ਦੇ ਨਿਸ਼ਾਨ ਵੇਲੁਪਿੱਲੇ ਤੇ ਕਤਰ ਦੇ ਤਹਿਸੀਨ ਮੁਹੰਮਦ ਉਹ ਚਾਰ ਨਾਂਅ ਹਨ, ਜੋ ਭਾਰਤੀ ਜੜ੍ਹਾਂ ਨਾਲ ਜੁੜੇ ਹੋਣ ਦੇ ਬਾਵਜੂਦ ਦੁਨੀਆ ਦੀਆਂ ਵੱਖ-ਵੱਖ ਟੀਮਾਂ ਲਈ ਖੇਡਦੇ ਹੋਏ ਫੀਫਾ ਵਿਸ਼ਵ ਕੱਪ 'ਚ ਉਤਰਨਗੇ। ਇਹ ਸਿਰਫ਼ ਉਨ੍ਹਾਂ ਦੀ ਨਿੱਜੀ ਸਫ਼ਲਤਾ ਨਹੀਂ, ਸਗੋਂ ਦੁਨੀਆ ਭਰ ਵਿਚ ਫੈਲੇ ਭਾਰਤੀ ਪਰਿਵਾਰਾਂ ਦੀ ਮਿਹਨਤ, ਸੰਘਰਸ਼ ਤੇ ਖੇਡਾਂ ਪ੍ਰਤੀ ਸਮਰਪਨ ਦੀ ਵੀ ਵੱਡੀ ਮਿਸਾਲ ਹੈ।
ਸਰਪ੍ਰੀਤ ਸਿੰਘ-ਪੰਜਾਬੀ ਪਰਿਵਾਰ ਦਾ ਮਾਣ ਨਿਊਜ਼ੀਲੈਂਡ ਟੀਮ ਦੇ ਸਿਤਾਰੇ ਸਰਪ੍ਰੀਤ ਸਿੰਘ ਦੇ ਮਾਤਾ-ਪਿਤਾ ਪੰਜਾਬੀ ਮੂਲ ਦੇ ਹਨ। ਉਹ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਸਾਬਤ ਕਰ ਚੁੱਕਾ ਹੈ। ਯੂਰਪੀ ਕਲੱਬ ਫੁੱਟਬਾਲ 'ਚ ਖੇਡਣ ਵਾਲੇ ਸਰਪ੍ਰੀਤ ਦਾ ਵਿਸ਼ਵ ਕੱਪ ਵਿਚ ਪਹੁੰਚਣਾ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਜਰਮਨ ਲੀਗ 'ਚ ਚਮਕਣ ਵਾਲਾ ਸਰਪ੍ਰੀਤ ਸਿੰਘ ਜੋ ਆਕਲੈਂਡ ਵਿਖੇ ਜਨਮਿਆ ਮਿਡ-ਫੀਲਡਰ ਹੈ ਤੇ ਸੂਚੀ ਵਿਚ ਉਸ ਦਾ ਸਭ ਤੋਂ ਪ੍ਰਮੁੱਖ ਨਾਂਅ ਹੈ। ਸਰਪ੍ਰੀਤ ਨੇ ਸਾਲ 2018 ਵਿਚ ਮੁੰਬਈ ਵਿਖੇ ਖੇਡੇ ਗਏ ਇੰਟਰਕਾਂਟੀਨੈਂਟਲ ਕੱਪ ਦੌਰਾਨ ਭਾਰਤ ਵਿਰੁੱਧ ਵੀ ਮੈਚ ਖੇਡਿਆ ਸੀ। ਉਨ੍ਹਾਂ ਨੇ 2019 ਵਿਚ ਮਸ਼ਹੂਰ ਕਲੱਬ ਬਾਇਰਨ ਮਿਊਨਿਖ ਵਲੋਂ ਪਹਿਲਾ ਮੈਚ ਖੇਡਿਆ ਅਤੇ ਜਰਮਨੀ ਦੀ ਪਹਿਲੀ ਡਿਵੀਜ਼ਨ ਲੀਗ (ਬੁੰਡੈਸਲੀਗ) ਵਿਚ ਖੇਡਣ ਵਾਲੇ ਭਾਰਤੀ ਮੂਲ ਦੇ ਪਹਿਲੇ ਖਿਡਾਰੀ ਬਣੇ। ਉਹ 2019-2020 ਦੇ ਸੀਜ਼ਨ ਵਿਚ ਬੁੰਡੈਸਲੀਗ ਖ਼ਿਤਾਬ ਜਿੱਤਣ ਵਾਲੀ ਬਾਇਰਨ ਮਿਊਨਿਖ ਟੀਮ ਦਾ ਹਿੱਸਾ ਸਨ। ਸਰਪ੍ਰੀਤ ਪੁਰਤਗਾਲ ਦੀ ਯੂਨੀਆਓ. ਡੀ. ਲੀਰੀਆ ਤੇ ਸਰਬੀਆ ਦੀ ਸੁਪਰਲੀਗ ਟੀਮ ਐਫ.ਕੇ. ਟੀ.ਐਸ.ਸੀ. ਵਲੋਂ ਵੀ ਖੇਡ ਚੁੱਕਾ ਹੈ। ਇਸ ਸਾਲ ਫਰਵਰੀ 'ਚ ਲੱਗੀ ਸੱਟ ਕਾਰਨ ਉਹ 8 ਹਫ਼ਤੇ ਮੈਦਾਨ ਤੋਂ ਬਾਹਰ ਰਿਹਾ, ਪਰ ਅਪ੍ਰੈਲ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਉਸ ਨੇ ਨਿਊਜ਼ੀਲੈਂਡ ਦੀ 26 ਮੈਂਬਰੀ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਪੱਕੀ ਕੀਤੀ। ਉਹ ਨਿਊਜ਼ੀਲੈਂਡ ਲਈ 24 ਅੰਤਰਰਾਸ਼ਟਰੀ ਮੈਚ ਖੇਡ ਕੇ 3 ਗੋਲ ਕਰ ਚੁੱਕਾ ਹੈ ਅਤੇ 2017 ਤੇ 2019 ਦੇ ਫੀਫਾ ਅੰਡਰ-20 ਵਿਸ਼ਵ ਕੱਪ ਵਿਚ ਵੀ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਚੁੱਕਾ ਹੈ।
ਨਿਸ਼ਾਨ ਵੇਲੁਪਿੱਲੇ-ਸ੍ਰੀਲੰਕਾ-ਭਾਰਤੀ ਪਰਿਵਾਰ ਨਾਲ ਸੰਬੰਧਿਤ ਨਿਸ਼ਾਨ ਮੈਥਿਊ ਵੇਲੁਪਿੱਲੇ ਆਸਟ੍ਰੇਲੀਆਈ ਫੁੱਟਬਾਲ ਦਾ ਉੱਭਰਦਾ ਚਿਹਰਾ ਹੈ। ਆਪਣੀ ਰਫ਼ਤਾਰ ਤੇ ਗੋਲ ਕਰਨ ਦੀ ਸਮਰੱਥਾ ਕਰਕੇ ਉਹ ਪਹਿਲਾਂ ਹੀ ਪ੍ਰਸੰਸਕਾਂ ਦਾ ਚਹੇਤਾ ਬਣ ਚੁੱਕਾ ਹੈ। ਹੁਣ ਵਿਸ਼ਵ ਕੱਪ ਵਿਚ ਉਹ ਆਸਟ੍ਰੇਲੀਆ ਦੀਆਂ ਉਮੀਦਾਂ ਦਾ ਕੇਂਦਰ ਹੋਣਗੇ। ਆਪਣੇ ਪਹਿਲੇ ਹੀ ਮੈਚ ਵਿਚ ਗੋਲ ਕਰਨ ਵਾਲਾ 25 ਸਾਲਾ ਨਿਸ਼ਾਨ ਆਸਟ੍ਰੇਲੀਆ ਦੀ ਵਿਸ਼ਵ ਕੱਪ ਟੀਮ ਦੇ ਉਨ੍ਹਾਂ 17 ਖਿਡਾਰੀਆਂ 'ਚੋਂ ਇਕ ਹੈ, ਜੋ ਇਸ ਵਾਰ ਆਪਣਾ ਪਹਿਲਾ ਵਿਸ਼ਵ ਕੱਪ ਖੇਡਣਗੇ। ਨਿਸ਼ਾਨ ਦੀ ਮਾਤਾ ਐਂਗਲੋ-ਇੰਡੀਅਨ ਹੈ ਤੇ ਪਿਤਾ ਸ੍ਰੀਲੰਕਾ ਮੂਲ ਦੇ ਤਾਮਿਲ ਹਨ। ਆਸਟ੍ਰੇਲੀਆ ਦੀ ਚੋਟੀ ਦੀ ਏ-ਲੀਗ ਵਿਚ ਮੈਲਬੌਰਨ ਵਿਕਟਰੀ ਲਈ ਖੇਡਣ ਵਾਲੇ ਨਿਸ਼ਾਨ ਨੇ ਅਕਤੂਬਰ 2024 'ਚ ਚੀਨ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇੰਗ ਰਾਊਂਡ ਵਿਚ ਬਦਲਵੇਂ ਖਿਡਾਰੀ ਵਜੋਂ ਉਤਰ ਕੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਤੇ ਡੈਬਿਊ ਮੈਚ ਵਿਚ ਹੀ ਸ਼ਾਨਦਾਰ ਗੋਲ ਦਾਗਿਆ। ਉਹ ਹੁਣ ਤੱਕ ਆਸਟ੍ਰੇਲੀਆ ਲਈ 7 ਮੈਚਾਂ 'ਚ 3 ਗੋਲ ਕਰ ਚੁੱਕਾ ਹੈ ਤੇ ਇਹ ਸਾਰੇ ਗੋਲ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲਿਆਂ 'ਚ ਹੀ ਕੀਤੇ।
ਸੈਮੂਅਲ ਮਾਉਤੋਸਾਮੀ-ਕਾਂਗੋ ਦੀ ਟੀਮ ਲਈ ਖੇਡਣ ਵਾਲੇ ਸੈਮੂਅਲ ਮਾਉਤੋਸਾਮੀ ਦੀ ਕਹਾਣੀ ਵੀ ਵਿਲੱਖਣ ਹੈ। ਭਾਰਤੀ ਮੂਲ ਦੇ ਇਸ ਮਿਡਫੀਲਡਰ ਨੇ ਅਫ਼ਰੀਕੀ ਫੁੱਟਬਾਲ
ਵਿਚ ਆਪਣੀ ਪਛਾਣ ਬਣਾਈ ਅਤੇ ਹੁਣ ਉਹ ਵਿਸ਼ਵ ਕੱਪ ਦੇ ਮੰਚ 'ਤੇ ਆਪਣਾ ਜਲਵਾ ਦਿਖਾਉਣ ਲਈ ਤਿਆਰ ਹੈ। ਸੈਮੂਅਲ ਮਾਉਤੋਸਾਮੀ (ਕਾਂਗੋ) ਅਫ਼ਰੀਕੀ ਟੀਮ ਦੀ ਰੀੜ੍ਹ ਦੀ ਹੱਡੀ ਹੈ। ਫਰਾਂਸ ਵਿਚ ਜਨਮੇ 29
ਸਾਲਾ ਮਿਡ-ਫੀਲਡਰ ਸੈਮੂਅਲ ਦੇ ਪਿਤਾ ਤਾਮਿਲ ਮੂਲ ਦੇ ਹਨ ਤੇ ਮਾਤਾ ਕਾਂਗੋ ਮੂਲ ਦੀ ਹੈ। ਫੀਫਾ ਦੇ ਨਿਯਮਾਂ ਅਨੁਸਾਰ ਕੋਈ ਖਿਡਾਰੀ ਉਸੇ ਦੇਸ਼ ਲਈ ਖੇਡ ਸਕਦਾ ਹੈ, ਜਿੱਥੇ ਉਸ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਦਾ ਜਨਮ ਹੋਇਆ ਹੋਵੇ ਤੇ ਉਸ ਕੋਲ ਉਥੋਂ ਦਾ ਪਾਸਪੋਰਟ ਹੋਵੇ। ਸੈਮੂਅਲ ਇਸ ਸਮੇਂ ਯੂਨਾਨ (ਗ੍ਰੀਸ) ਦੇ ਸੁਪਰ ਲੀਗ ਕਲੱਬ ਐਟਰੋਮਿਟੋਸ ਲਈ ਖੇਡ ਰਿਹਾ ਹੈ। ਉਹ ਕਾਂਗੋ ਦੀ ਸੀਨੀਅਰ ਰਾਸ਼ਟਰੀ ਟੀਮ ਲਈ ਹੁਣ ਤੱਕ 57 ਅੰਤਰਰਾਸ਼ਟਰੀ ਮੈਚ ਖੇਡ ਕੇ ਟੀਮ ਦਾ ਅਹਿਮ ਖਿਡਾਰੀ ਬਣ ਚੁੱਕਾ ਹੈ।
ਤਹਸੀਨ ਮੁਹੰਮਦ-ਭਾਰਤੀ ਮੂਲ ਦੇ ਤਹਸੀਨ ਮੁਹੰਮਦ ਕਤਰ ਦੀ ਰਾਸ਼ਟਰੀ ਟੀਮ ਦੇ ਉੱਭਰਦੇ ਖਿਡਾਰੀਆਂ 'ਚੋਂ ਇਕ ਹੈ। ਨੌਜਵਾਨ ਉਮਰ ਵਿਚ ਹੀ ਉਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਕੋਚਾਂ ਦਾ ਭਰੋਸਾ ਜਿੱਤਿਆ ਹੈ। ਵਿਸ਼ਵ ਕੱਪ ਵਿਚ ਉਸ ਦੀ ਮੌਜੂਦਗੀ ਭਾਰਤੀ ਭਾਈਚਾਰੇ ਲਈ ਖ਼ਾਸ ਮਹੱਤਵ ਰੱਖਦੀ ਹੈ। ਤਹਸੀਨ ਮੁਹੰਮਦ ਜਮਸ਼ੇਦ ਕਤਰ ਸਟਾਰਸ ਲੀਗ ਦਾ ਨਵਾਂ ਚਮਕਦਾ ਸਿਤਾਰਾ ਹੈ। ਕਤਰ ਦੇ ਦੋਹਾ ਵਿਚ ਜਨਮੇ 19 ਸਾਲਾ (16 ਜੂਨ ਨੂੰ 20 ਸਾਲ ਦੇ ਹੋਣ ਜਾ ਰਿਹਾ) ਤਹਸੀਨ ਦੇ ਮਾਤਾ-ਪਿਤਾ ਮਲਿਆਲੀ (ਕੇਰਲ) ਮੂਲ ਦੇ ਹਨ, ਜੋ 2006 ਵਿਚ ਕੰਨੂਰ ਤੋਂ ਕਤਰ ਚਲੇ ਗਏ ਸਨ। ਤਹਸੀਨ ਦੇ ਪਿਤਾ ਜਮਸ਼ੇਦ ਕਾਲੀਕਟ ਯੂਨੀਵਰਸਿਟੀ ਦੇ ਸਾਬਕਾ ਫੁੱਟਬਾਲ ਖਿਡਾਰੀ ਰਹੇ ਹਨ। ਦੋਹਾ ਦੀ ਪ੍ਰਸਿੱਧ ਐਸਪਾਇਰ ਅਕੈਡਮੀ ਤੋਂ ਫੁੱਟਬਾਲ ਦੇ ਗੁਰ ਸਿੱਖਣ ਵਾਲੇ ਤਹਸੀਨ ਕਤਰ ਸਟਾਰਸ ਲੀਗ ਵਿਚ ਖੇਡਣ ਵਾਲੇ ਭਾਰਤੀ ਮੂਲ ਦੇ ਪਹਿਲੇ ਖਿਡਾਰੀ ਹਨ। ਇਸ ਸਮੇਂ ਅਲ-ਦੁਹੈਲ-ਐਸਸੀ ਲਈ ਖੇਡ ਰਹੇ ਇਸ ਹੋਣਹਾਰ ਖਿਡਾਰੀ ਨੇ ਸਾਲ 2024 ਵਿਚ ਅਫ਼ਗਾਨਿਸਤਾਨ ਖ਼ਿਲਾਫ਼ ਵਿਸ਼ਵ ਕੱਪ ਏਸ਼ੀਆਈ ਕੁਆਲੀਫਾਇਰ ਵਿਚ ਕਤਰ ਲਈ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਜ਼ਿੰਬਾਬਵੇ (2025) ਤੇ ਆਇਰਲੈਂਡ (2026) ਖ਼ਿਲਾਫ਼ ਦੋ ਅੰਤਰਰਾਸ਼ਟਰੀ ਦੋਸਤਾਨਾ ਮੈਚਾਂ ਵਿਚ ਵੀ ਹਿੱਸਾ ਲਿਆ ਸੀ।
ਭਾਰਤ ਲਈ ਵੱਡਾ ਸੰਦੇਸ਼
ਭਾਵੇਂ ਭਾਰਤ ਦੀ ਨੀਲੀ ਜਰਸੀ ਵਿਸ਼ਵ ਕੱਪ ਵਿਚ ਨਜ਼ਰ ਨਹੀਂ ਆਵੇਗੀ, ਪਰ ਇਨ੍ਹਾਂ ਚਾਰਾਂ ਖਿਡਾਰੀਆਂ ਦੇ ਰੂਪ ਵਿਚ ਭਾਰਤੀ ਖੂਨ ਫੀਫਾ ਵਿਸ਼ਵ ਕੱਪ 2026 ਦੇ ਮੈਦਾਨਾਂ 'ਤੇ ਦੌੜਦਾ ਜ਼ਰੂਰ ਨਜ਼ਰ ਆਵੇਗਾ। ਇਹ ਚਾਰੇ ਖਿਡਾਰੀ ਭਾਰਤੀ ਫੁੱਟਬਾਲ ਲਈ ਇਕ ਅਹਿਮ ਸੰਦੇਸ਼ ਦੇ ਰਹੇ ਹਨ ਕਿ ਜੇ ਦੇਸ਼ ਵਿਚ ਜ਼ਮੀਨੀ ਪੱਧਰ 'ਤੇ ਫੁੱਟਬਾਲ ਢਾਂਚਾ ਮਜ਼ਬੂਤ ਕੀਤਾ ਜਾਵੇ, ਸਕੂਲਾਂ ਤੇ ਅਕਾਦਮੀਆਂ ਵਿਚ ਵਧੇਰੇ ਨਿਵੇਸ਼ ਹੋਵੇ ਅਤੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲਣ ਤਾਂ ਭਾਰਤ ਦੀ ਆਪਣੀ ਟੀਮ ਵੀ ਫੀਫਾ ਵਿਸ਼ਵ ਕੱਪ ਵਿਚ ਖੇਡਦੀ ਨਜ਼ਰ ਆ ਸਕਦੀ ਹੈ। ਭਾਵੇਂ ਫੀਫਾ ਵਿਸ਼ਵ ਕੱਪ ਦੇ ਮੈਦਾਨ ਵਿਚ ਇਸ ਵਾਰ ਤਿਰੰਗਾ ਨਹੀਂ ਝੁੱਲੇਗਾ, ਪਰ ਭਾਰਤੀ ਮੂਲ ਦੇ ਇਨ੍ਹਾਂ ਚਾਰ ਖਿਡਾਰੀਆਂ ਦੀ ਮੌਜੂਦਗੀ ਹਰ ਭਾਰਤੀ ਨੂੰ ਮਾਣ ਦਾ ਅਹਿਸਾਸ ਜ਼ਰੂਰ ਕਰਾਏਗੀ। ਇਹ ਕਹਾਣੀ ਸਿਰਫ਼ ਫੁੱਟਬਾਲ ਦੀ ਨਹੀਂ, ਸਗੋਂ ਉਨ੍ਹਾਂ ਸੁਪਨਿਆਂ ਦੀ ਹੈ, ਜੋ ਸਰਹੱਦਾਂ ਤੋਂ ਪਰ੍ਹੇ ਜਾ ਕੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ। ਜਦੋਂ ਸਰਪ੍ਰੀਤ, ਸੈਮੂਅਲ, ਨਿਸ਼ਾਨ ਤੇ ਤਹਸੀਨ ਵਿਸ਼ਵ ਕੱਪ ਦੇ ਮੈਦਾਨਾਂ 'ਚ ਉਤਰਨਗੇ ਤਾਂ ਉਨ੍ਹਾਂ ਦੀ ਜਰਸੀ ਭਾਵੇਂ ਵੱਖ-ਵੱਖ ਦੇਸ਼ਾਂ ਦੀ ਹੋਵੇਗੀ, ਪਰ ਉਨ੍ਹਾਂ ਦੀਆਂ ਜੜ੍ਹਾਂ ਵਿਚ ਵਸਦਾ ਭਾਰਤ ਹਰ ਭਾਰਤੀ ਦੇ ਦਿਲ ਨੂੰ ਮਾਣ ਨਾਲ ਭਰ ਦੇਵੇਗਾ।
-ਮੋਬਾਈਲ : 98729-78781