ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

09-06-26

Ad Position 21
No active advertisement
ਅਜੀਤ ਡੈਸਕ 09-06-2026

 ਔਰਤ ਹਿੱਸੇ ਹੀ ਸਮਝੌਤੇ ਕਿਉਂ?

ਸਦੀਆਂ ਤੋਂ ਔਰਤ ਨੂੰ ਤਿਆਗ, ਸਹਿਣਸ਼ੀਲਤਾ ਅਤੇ ਸਮਰਪਣ ਦੀ ਮੂਰਤ ਵਜੋਂ ਪੇਸ਼ ਕਰਦਿਆਂ ਉਸਨੂੰ ਸਿਖਾਇਆ ਗਿਆ ਕਿ ਘਰ ਦੀ ਖ਼ੁਸ਼ਹਾਲੀ ਲਈ ਆਪਣੇ ਸੁਪਨੇ ਕੁਰਬਾਨ ਕਰ ਦੇਣਾ ਹੀ ਉਸਦਾ ਫ਼ਰਜ਼ ਹੈ।
ਇਕ ਧੀ ਹੋਣ ਦੇ ਨਾਤੇ ਉਸਨੂੰ ਆਪਣੀਆਂ ਖ਼ਾਹਿਸ਼ਾਂ ਸੀਮਤ ਕਰਨੀਆਂ ਪੈਂਦੀਆਂ ਹਨ। ਇਕ ਪਤਨੀ ਦੇ ਰੂਪ ਵਿਚ ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੁਪਨਿਆਂ ਨਾਲੋਂ ਪਰਿਵਾਰ ਦੇ ਸੁਪਨਿਆਂ ਨੂੰ ਵਧੇਰੇ ਮਹੱਤਵ ਦੇਵੇ। ਇਕ ਮਾਂ ਬਣਨ ਤੋਂ ਬਾਅਦ ਉਸਦੀ ਦੁਨੀਆ ਆਪਣੇ ਬੱਚਿਆਂ ਦੀਆਂ ਲੋੜਾਂ ਵਿਚ ਸਿਮਟ ਜਾਂਦੀ ਹੈ। ਇਨ੍ਹਾਂ ਸਾਰੀਆਂ ਭੂਮਿਕਾਵਾਂ ਵਿਚ ਉਹ ਆਪਣਾ ਫ਼ਰਜ਼ ਨਿਭਾਉਂਦੀ ਰਹਿੰਦੀ ਹੈ, ਪਰ ਕਈ ਵਾਰ ਉਸਦੇ ਮਨ ਵਿਚ ਇਕ ਚੁੱਭਦਾ ਹੋਇਆ ਸਵਾਲ ਜਨਮ ਲੈਂਦਾ ਹੈ 'ਮੇਰੇ ਹਿੱਸੇ ਸਿਰਫ਼ ਸਮਝੌਤੇ ਕਿਉਂ?' ਇਹ ਸਵਾਲ ਬਗ਼ਾਵਤ ਦਾ ਨਹੀਂ, ਸਗੋਂ ਬਰਾਬਰੀ ਅਤੇ ਸਨਮਾਨ ਦੀ ਤਲਾਸ਼ ਦਾ ਹੈ। ਔਰਤ ਇਹ ਨਹੀਂ ਚਾਹੁੰਦੀ ਕਿ ਉਸਨੂੰ ਖ਼ਾਸ ਅਧਿਕਾਰ ਮਿਲਣ, ਉਹ ਸਿਰਫ਼ ਇਹ ਚਾਹੁੰਦੀ ਹੈ ਕਿ ਉਸਦੇ ਸੁਪਨਿਆਂ, ਉਸਦੀ ਮਿਹਨਤ ਅਤੇ ਉਸਦੀ ਪਹਿਚਾਣ ਨੂੰ ਵੀ ਉਹੀ ਮਾਣ ਮਿਲੇ ਜੋ ਦੂਜਿਆਂ ਨੂੰ ਮਿਲਦਾ ਹੈ। ਉਸਦੇ ਤਿਆਗ ਨੂੰ ਉਸਦੀ ਕਮਜ਼ੋਰੀ ਨਾ ਸਮਝਿਆ ਜਾਵੇ ਅਤੇ ਉਸਦੀ ਖ਼ਾਮੋਸ਼ੀ ਨੂੰ ਉਸਦੀ ਸਹਿਮਤੀ ਨਾ ਮੰਨਿਆ ਜਾਵੇ। ਔਰਤ ਨੂੰ ਸਿਰਫ਼ ਸਮਝੌਤਿਆਂ ਦੀ ਮੂਰਤ ਨਹੀਂ, ਸਗੋਂ ਆਪਣੇ ਫ਼ੈਸਲੇ ਆਪ ਲੈਣ ਵਾਲੇ ਇਕ ਸੁਤੰਤਰ ਵਿਅਕਤੀ ਵਜੋਂ ਦੇਖਿਆ ਜਾਵੇ। ਅੱਜ ਦੀ ਔਰਤ ਦਾ ਸਵਾਲ ਇਹ ਹੈ ਕਿ ਰਿਸ਼ਤੇ ਜੇਕਰ ਸਮਝੌਤਿਆਂ 'ਤੇ ਟਿਕੇ ਹਨ, ਤਾਂ ਸਮਝੌਤੇ ਹਮੇਸ਼ਾ ਉਸਦੇ ਹਿੱਸੇ ਹੀ ਕਿਉਂ ਆਉਣ? 'ਉਹ ਘਰ ਦੀ ਨੀਂਹ ਵੀ ਹੈ, ਛੱਤ ਵੀ ਹੈ,ਫਿਰ ਉਸਦੇ ਸੁਪਨਿਆਂ ਨੂੰ ਹੀ ਕੁਰਬਾਨੀ ਦਾ ਨਾਂਅ ਕਿਉਂ?'

-ਮੰਜੂ ਰਾਇਕਾ ਸੰਗਰੂਰ

ਨਸ਼ਿਆਂ ਦਾ ਕਹਿਰ

ਪੰਜਾਬ ਵਿਚ ਨਸ਼ਿਆਂ ਦੇ ਕਹਿਰ ਨੇ ਪੰਜਾਬੀਅਤ 'ਤੇ ਮਾਣ ਕਰਨ ਵਾਲੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਡੇ ਦੁਸ਼ਮਣ ਸਮੁੱਚੇ ਪੰਜਾਬੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਰੋਗੀ ਤੇ ਹੀਣੇ ਬਣਾਉਣ 'ਤੇ ਤੁਲੇ ਹੋਏ ਹਨ। ਪੰਜਾਬ ਦਾ ਸਮੁੱਚਾ ਰਾਜਤੰਤਰ, ਅਮਨ ਕਾਨੂੰਨ ਦੀ ਵਿਵਸਥਾ ਦੇ ਜ਼ਿੰਮੇਵਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਤੇ ਮਾਪੇ ਡਰੱਗ ਮਾਫ਼ੀਆ ਦੁਆਰਾ ਚਲਾਏ ਜਾ ਰਹੇ ਨਸ਼ਾ ਤੰਤਰ ਸਾਹਮਣੇ ਬੇਵੱਸ ਹੋ ਗਏ ਜਾਪਦੇ ਹਨ । ਭੁੱਕੀ, ਗਾਂਜਾ, ਚਰਸ, ਅਫ਼ੀਮ, ਮਾਰਫੀਨ ਦੇ ਟੀਕੇ, ਹੈਰੋਇਨ, ਸਿੰਥੈਟਿਕ ਨਸ਼ੇ ਤੇ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਪੰਜਾਬ ਵਿਚ ਵਿਕਣ ਲੱਗ ਪਈਆਂ ਹਨ। ਦੋ ਚਾਰ ਖ਼ਬਰਾਂ ਰੋਜ਼ਾਨਾ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਨਾਲ ਜਾਂ ਚਿੱਟਾ ਖਾਣ ਨਾਲ ਮੌਤ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਆਉਂਦੀਆਂ ਹਨ। ਅੱਜ ਪੰਜਾਬ ਸਰਕਾਰ ਨੂੰ ਅਤੇ ਸਮੁੱਚੇ ਪੰਜਾਬ ਦੇ ਹਿਤੈਸ਼ੀ ਵਰਗ ਨੂੰ ਇਸ ਮਹਾਂਮਾਰੀ ਵਿਰੁੱਧ ਇਕਮੁੱਠ ਹੋ ਕੇ ਲੋੜੀਂਦਾ ਸੰਘਰਸ਼ ਵਿੱਢਣਾ ਚਾਹੀਦਾ ਹੈ।

-ਡਾਕਟਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ।

ਸੋਚਾਂ

ਸੋਚਾਂ ਇਕ ਅਜਿਹਾ ਸ਼ਬਦ ਹੈ ਜਿਸਨੇ ਸਾਰੀ ਦੁਨੀਆ ਨੂੰ ਕਲਾਵੇ ਵਿਚ ਲਿਆ ਹੋਇਆ ਹੈ, ਜਿਹੜਾ ਇਨਸਾਨ ਸੋਚਦਾ ਨਹੀਂ ਉਸਨੂੰ ਪਾਗਲ, ਫਕੀਰ, ਫੱਕਰ, ਸਿੱਧਾ ਆਦਿ ਕਹਿ ਦਿੱਤਾ ਜਾਂਦਾ ਹੈ। ਸੋਚ ਸਮਝ ਕੇ ਬੋਲੋ ਕਹਿਣ ਦਾ ਭਾਵ ਹੈ ਸੋਚ ਹੀ ਸਾਡਾ ਅੱਜਕਲ੍ਹ ਅਤੇ ਵਰਤਮਾਨ ਨਿਸ਼ਚਿਤ ਕਰ ਰਹੀ ਹੈ। ਅਸੀਂ ਘਰ ਦਾ ਕੂੜਾ ਤਾਂ ਰੋਜ਼ਾਨਾ ਖਾਲੀ ਕਰਦੇ ਹਾਂ ਪਰ ਸੋਚਾਂ ਦਾ ਕੂੜਾ ਉਮਰ ਦੇ ਨਾਲ ਨਾਲ ਵਧਦਾ ਜਾ ਰਿਹਾ ਹੈ ਤੇ ਸਰੀਰਕ ਬਿਮਾਰੀਆਂ ਦੇ ਰੂਪ ਵਿਚ ਇਸਦੀ ਬਦਬੂ ਵੀ ਸਾਨੂੰ ਆਣ ਲੱਗ ਜਾਂਦੀ ਹੈ। ਪਰ ਫਿਰ ਵੀ ਅਸੀਂ ਸੋਚਾਂ ਦਾ ਪਿੱਛਾ ਨਹੀਂ ਛੱਡਦੇ ਲੋਕ ਮਾੜਾ ਕਹਿ ਕੇ ਸਾਨੂੰ ਭੁੱਲ ਜਾਂਦੇ ਨੇ ਤੇ ਅਸੀਂ ਪਤਾ ਨਹੀਂ ਕਿੰਨੇ ਸਾਲ ਉਸ ਗੱਲ ਨੂੰ ਮਨ 'ਤੇ ਲਗਾ ਕੇ ਬੈਠੇ ਰਹਿੰਦੇ ਹਾਂ। ਉਹ ਲੋਕ ਬੜੇ ਖੁਸ਼ ਰਹਿੰਦੇ ਹਨ ਜੋ ਮਾੜੇ ਵਕਤ ਤੇ ਮਾੜੇ ਲੋਕਾਂ ਨੂੰ ਜਲਦੀ ਭੁੱਲ ਜਾਂਦੇ ਹਨ, ਅਸਲ ਵਿਚ ਅਜਿਹੇ ਲੋਕ ਹੀ ਜ਼ਿੰਦਗੀ ਵਿਚ ਕਾਮਯਾਬ ਹੁੰਦੇ ਹਨ। ਉਹ ਫਾਲਤੂ ਸੋਚਾਂ ਵਿਚ ਸਮਾਂ ਬਰਬਾਦ ਕਰਨ ਦੀ ਥਾਂ ਆਪਣੇ-ਆਪ ਨੂੰ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਦੇ ਯਤਨ ਵਿਚ ਰਹਿੰਦੇ ਹਨ ਤੇ ਸਫ਼ਲ ਵੀ ਹੋ ਜਾਂਦੇ ਹਨ। ਲੋੜ ਹੈ ਆਪਣੇ ਮਨ ਦੀ ਸ਼ਕਤੀ ਨੂੰ ਵਧਾਉਣ ਦੀ ਅਤੇ ਇਨ੍ਹਾਂ ਸੋਚਾਂ 'ਤੇ ਕਾਬੂ ਪਾ ਕੇ ਨਵੀਂ ਜਿੰਦਗੀ ਜਿਉਣ ਦੀ....

-ਅਮਨਪ੍ਰੀਤ ਕੌਰ
ਸਕੂਲ ਆਫ ਐਮੀਨੈਂਸ, ਛੇਹਰਟਾ, ਅੰਮ੍ਰਿਤਸਰ

ਅਲਵਿਦਾ ਬਸ਼ੀਰ ਬਦਰ ਸਾਹਿਬ

ਬੀਤੇ ਦਿਨੀਂ ਹਿੰਦੀ ਅਤੇ ਉਰਦੂ ਦੇ ਮਹਾਨ ਸ਼ਾਇਰ ਬਸ਼ੀਰ ਬਦਰ ਸਰੀਰਕ ਰੂਪ ਵਿਚ ਸਾਡੇ ਤੋਂ ਵਿਦਾ ਹੋ ਗਏ। ਪਰ ਸਾਡੇ ਜ਼ਿਹਨ ਵਿਚ ੳਨ੍ਹਾਂ ਦੀ ਆਤਮਾ ਗ਼ਜ਼ਲਾਂ ਤੇ ਸ਼ਿਅਰਾਂ ਦੇ ਰੂਪ ਵਿਚ ਹਮੇਸ਼ਾ ਜੀਵਤ ਰਹੇਗੀ। ਬਸ਼ੀਰ ਬਦਰ ਦੀ ਗ਼ਜ਼ਲ ਤੇ ਸ਼ਾਇਰੀ ਕਹਿਣ ਦੀ ਸ਼ੈਲੀ ਹਰ ਇਕ ਨੂੰ ਮੰਤਰ ਮੁਗਧ ਕਰ ਦਿੰਦੀ ਸੀ। ਉਨ੍ਹਾਂ ਨੇ ਆਪਣੀ ਸ਼ਾਇਰੀ ਵਿਚ ਪਿਆਰ, ਮੁਹੱਬਤ, ਰਾਜਨੀਤੀ ਅਤੇ ਜ਼ਿੰਦਗੀ ਦੇ ਫ਼ਲਸਫ਼ੇ ਨੂੰ ਬਹੁਤ ਖ਼ੂਬਸੂਰਤ ਢੰਗ ਨਾਲ ਸ਼ਬਦਾਂ ਵਿਚ ਪਰੋਇਆ। ਉਨ੍ਹਾਂ ਦੀ ਸ਼ਾਇਰੀ ਇਕੱਲੇ ਮੁਸ਼ਾਇਰੇ ਤੱਕ ਸੀਮਤ ਨਹੀਂ ਸੀ ਬਲਕਿ ਆਮ ਮਹਿਫ਼ਲਾਂ, ਪਾਰਟੀਆਂ, ਫਿਲਮਾਂ ਤੇ ਸੋਸ਼ਲ ਮੀਡੀਆ ਤੱਕ ਪਹੁੰਚੀ। ਉਨ੍ਹਾਂ ਦੀ ਗ਼ਜ਼ਲ ਦਾ ਹਰ ਇਕ ਸ਼ੇਅਰ ਇਕ ਮੁਕੰਮਲ ਅਫਸਾਨਾ ਬਿਆਨ ਕਰਦਾ ਸੀ। ਉਨ੍ਹਾਂ ਦੇ ਜਾਣ ਨਾਲ ਜਿੱਥੇ ਸ਼ਾਇਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਉਥੇ ਹਿੰਦੀ ਤੇ ਉਰਦੂ ਭਾਸ਼ਾ ਹੋਰ ਗਰੀਬ ਹੋ ਗਈ ਹੈ। ਆਪਣੇ ਇਸ ਤਰ੍ਹਾਂ ਜਾਣ ਬਾਰੇ ਉਹ ਪਹਿਲਾਂ ਹੀ ਇਕ ਸ਼ਿਅਰ ਵਿਚ ਬਿਆਨ ਕਰ ਗਏ ਸਨ ਕਿ 'ਉਜਾਲੇ ਅਪਨੀ ਯਾਦੋਂ ਕੇ ਹਮਾਰੇ ਪਾਸ ਰਹਿਨੇ ਦੋ, ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।'

-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਹੈੱਡ ਟੀਚਰ, ਝਬੇਲਵਾਲੀ।

Ad Position 22
No active advertisement
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ-2026 ਭਾਰਤੀ ਮੂਲ ਦੇ ਚਾਰ ਖਿਡਾਰੀ ਦਿਖਾਉਣਗੇ ਜਲਵਾ ਅਗਲੀ ਖ਼ਬਰ ਕਾਕਰੋਚਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਵੇ?
Ad Position 24
No active advertisement