14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਹਰਮਨਪ੍ਰੀਤ ਕੌਰ ਦੀ ਕਪਤਾਨੀ ਨੇ ਰਚਿਆ ਨਵਾਂ ਇਤਿਹਾਸ

ਹਰਮਨਪ੍ਰੀਤ ਕੌਰ ਦੀ ਕਪਤਾਨੀ ਨੇ ਰਚਿਆ ਨਵਾਂ ਇਤਿਹਾਸ

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

 

ਕ੍ਰਿਕਟ ਦੇ ਮੈਦਾਨ ਵਿਚ ਕੁਝ ਪਲ ਅਜਿਹੇ ਹੁੰਦੇ ਹਨ, ਜੋ ਸਿਰਫ਼ ਇਕ ਮੈਚ ਦੀ ਜਿੱਤ ਜਾਂ ਹਾਰ ਤੱਕ ਸੀਮਤ ਨਹੀਂ ਰਹਿੰਦੇ, ਸਗੋਂ ਇਤਿਹਾਸ ਦਾ ਹਿੱਸਾ ਬਣ ਜਾਂਦੇ ਹਨ | ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਅਜਿਹਾ ਹੀ ਇਕ ਇਤਿਹਾਸਕ ਪਲ ਆਪਣੇ ਨਾਂਅ ਕੀਤਾ ਹੈ | 5 ਸਤੰਬਰ 2026 ਨੂੰ  ਦੁਬਈ 'ਚ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਗਏ ਮਹਿਲਾ ਏਸ਼ੀਆ ਕੱਪ ਦੇ ਮੁਕਾਬਲੇ 'ਚ ਮੈਦਾਨ 'ਤੇ ਉਤਰਦਿਆਂ ਹੀ ਹਰਮਨਪ੍ਰੀਤ 150 ਟੀ-20 ਕੌਮਾਂਤਰੀ ਮੈਚਾਂ ਵਿਚ ਕਪਤਾਨੀ ਕਰਨ ਵਾਲੀ ਪਹਿਲੀ ਕ੍ਰਿਕਟਰ ਬਣ ਗਈ | ਇਹ ਰਿਕਾਰਡ ਮਹਿਲਾ ਤੇ ਪੁਰਸ਼ ਦੋਵਾਂ ਦੀ ਕੌਮਾਂਤਰੀ ਟੀ-20 ਕ੍ਰਿਕਟ ਨੂੰ  ਮਿਲਾ ਕੇ ਹੈ | ਇਹ ਉਪਲਬਧੀ ਅਚਾਨਕ ਨਹੀਂ ਮਿਲੀ, ਇਸ ਦੇ ਪਿੱਛੇ ਹਰਮਨਪ੍ਰੀਤ ਦਾ ਲੰਮਾ ਕ੍ਰਿਕਟ ਸਫ਼ਰ, ਸਾਲਾਂ ਦੀ ਮਿਹਨਤ, ਲਗਾਤਾਰ ਅਭਿਆਸ ਤੇ ਟੀਮ ਦੀ ਜ਼ਿੰਮੇਵਾਰੀ ਨਿਭਾਉਣ ਦਾ ਜਜ਼ਬਾ ਹੈ | ਉਸ ਨੇ 2009 'ਚ ਆਪਣਾ ਟੀ-20 ਕੌਮਾਂਤਰੀ ਸਫ਼ਰ ਸ਼ੁਰੂ ਕੀਤਾ ਸੀ | ਜੂਨ 2026 'ਚ ਉਹ 200 ਟੀ-20 ਕੌਮਾਂਤਰੀ ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਵੀ ਬਣੀ ਸੀ |
ਉਸ ਦੀ ਕਪਤਾਨੀ ਦਾ ਸਫ਼ਰ ਦਿਲਚਸਪ ਹੈ | ਉਸ ਨੇ ਪਹਿਲੀ ਵਾਰ 2012 'ਚ ਪਾਕਿਸਤਾਨ ਵਿਰੁੱਧ ਮਹਿਲਾ ਏਸ਼ੀਆ ਕੱਪ ਦੇ ਮੈਚ ਵਿਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ | ਉਸ ਸਮੇਂ ਕਪਤਾਨ ਮਿਤਾਲੀ ਰਾਜ ਤੇ ਉਪ-ਕਪਤਾਨ ਝੂਲਨ ਗੋਸਵਾਮੀ ਦੀ ਗ਼ੈਰ-ਹਾਜ਼ਰੀ 'ਚ ਉਸ ਨੂੰ  ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲੀ | ਲਗਭਗ ਡੇਢ ਦਹਾਕੇ ਬਾਅਦ ਉਸੇ ਪਾਕਿਸਤਾਨੀ ਟੀਮ ਵਿਰੁੱਧ 150 ਟੀ-20 ਮੈਚਾਂ ਦੀ ਕਪਤਾਨੀ ਦਾ ਮੁਕਾਮ ਹਾਸਲ ਕਰਨਾ ਉਸ ਦੇ ਸਫ਼ਰ ਨੂੰ  ਹੋਰ ਵੀ ਖ਼ਾਸ ਬਣਾਉਂਦਾ ਹੈ | ਕਪਤਾਨ ਬਣਨਾ ਸਿਰਫ਼ ਮੈਦਾਨ ਵਿਚ ਟਾਸ ਕਰਨ ਜਾਂ ਟੀਮ ਦੀ ਅਗਵਾਈ ਕਰਨ ਦਾ ਨਾਂਅ ਹੀ ਨਹੀਂ, ਇਕ ਕਪਤਾਨ ਨੂੰ  ਹਰ ਮੈਚ ਵਿਚ ਹਾਲਾਤ ਅਨੁਸਾਰ ਫ਼ੈਸਲੇ ਲੈਣੇ ਪੈਂਦੇ ਹਨ | ਕਦੇ ਗੇਂਦਬਾਜ਼ 'ਤੇ ਭਰੋਸਾ ਕਰਨਾ ਪੈਂਦਾ ਹੈ, ਕਦੇ ਨੌਜਵਾਨ ਖਿਡਾਰੀਆਂ ਨੂੰ  ਮੌਕਾ ਦੇਣਾ ਪੈਂਦਾ ਹੈ ਤੇ ਕਈ ਵਾਰ ਮੁਸ਼ਕਿਲ ਹਾਲਾਤ ਵਿਚ ਟੀਮ ਦਾ ਹੌਸਲਾ ਕਾਇਮ ਰੱਖਣਾ ਪੈਂਦਾ ਹੈ | ਹਰਮਨਪ੍ਰੀਤ ਨੇ ਲੰਮੇ ਸਮੇਂ ਤੱਕ ਇਹ ਜ਼ਿੰਮੇਵਾਰੀ ਨਿਭਾਅ ਕੇ ਆਪਣੀ ਅਗਵਾਈ ਦੀ ਸਮਰੱਥਾ ਸਾਬਤ ਕੀਤੀ ਹੈ | ਹਰਮਨਪ੍ਰੀਤ ਦੀ 150ਵੀਂ ਕਪਤਾਨੀ ਵਾਲਾ ਮੁਕਾਬਲਾ ਭਾਰਤ ਲਈ ਯਾਦਗਾਰ ਰਿਹਾ | ਇਸ ਮੈਚ ਵਿਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ | ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਪਾਕਿਸਤਾਨੀ ਬੱਲੇਬਾਜ਼ੀ 'ਤੇ ਦਬਾਅ ਬਣਾਇਆ | ਪਾਕਿਸਤਾਨ ਦੀ ਪੂਰੀ ਟੀਮ 55 ਦੌੜਾਂ 'ਤੇ ਢੇਰ ਹੋ ਗਈ | ਇਹ ਪਾਕਿਸਤਾਨੀ ਮਹਿਲਾ ਟੀਮ ਦਾ ਟੀ-20 ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਘੱਟ ਸਕੋਰ ਸੀ | ਭਾਰਤ ਨੂੰ  ਜਿੱਤ ਲਈ ਸਿਰਫ਼ 56 ਦੌੜਾਂ ਦਾ ਟੀਚਾ ਮਿਲਿਆ | ਭਾਰਤੀ ਟੀਮ ਨੇ ਤਿੰਨ ਵਿਕਟਾਂ ਗੁਆ ਕੇ ਇਹ ਟੀਚਾ 8.4 ਓਵਰਾਂ 'ਚ ਹਾਸਲ ਕਰ ਲਿਆ | ਹਰਮਨਪ੍ਰੀਤ ਨੇ ਆਪਣੀ 150ਵੀਂ ਕਪਤਾਨੀ ਵਾਲੇ ਮੈਚ ਨੂੰ  ਜਿੱਤ ਨਾਲ ਯਾਦਗਾਰ ਬਣਾਇਆ ਤੇ ਮੈਚ ਦੀ ਸਮਾਪਤੀ ਵੀ ਉਸ ਦੇ ਛੱਕੇ ਨਾਲ ਹੋਈ | 150ਵੇਂ ਮੈਚ ਦੀ ਕਪਤਾਨੀ ਤੋਂ ਪਹਿਲਾਂ ਹਰਮਨਪ੍ਰੀਤ ਦੀ ਅਗਵਾਈ 'ਚ ਭਾਰਤ ਨੇ 149 ਟੀ-20 ਕੌਮਾਂਤਰੀ ਮੈਚਾਂ 'ਚ 86 ਜਿੱਤਾਂ ਦਰਜ ਕੀਤੀਆਂ ਸਨ ਤੇ 57 ਮੈਚਾਂ 'ਚ ਹਾਰ ਮਿਲੀ, ਇਕ ਮੈਚ ਬਰਾਬਰ ਰਿਹਾ ਤੇ ਪੰਜ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ | ਉਸ ਦੀ ਇਹ ਪ੍ਰਾਪਤੀ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਕ੍ਰਿਕਟਰ ਨੇ ਚਾਹੇ ਉਹ ਪੁਰਸ਼ ਹੋਵੇ ਜਾਂ ਮਹਿਲਾ, 150 ਟੀ-20 ਕੌਮਾਂਤਰੀ ਮੈਚਾਂ ਵਿਚ ਕਪਤਾਨੀ ਨਹੀਂ ਕੀਤੀ | ਹਰਮਨਪ੍ਰੀਤ ਨੇ ਆਪਣੇ ਨਾਂਅ ਇਕ ਅਜਿਹਾ ਰਿਕਾਰਡ ਕਰ ਲਿਆ ਹੈ, ਜਿਸ ਨੂੰ  ਹਾਸਿਲ ਕਰਨਾ ਅਸਾਨ ਨਹੀਂ ਹੋਵੇਗਾ | ਹਰਮਨਪ੍ਰੀਤ ਦੀ ਕਾਮਯਾਬੀ ਪੰਜਾਬ ਤੇ ਭਾਰਤ ਦੀਆਂ ਉਨ੍ਹਾਂ ਧੀਆਂ ਲਈ ਵੀ ਵੱਡਾ ਸੁਨੇਹਾ ਹੈ, ਜੋ ਖੇਡ ਖੇਤਰ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੀਆਂ ਹਨ | ਉਸ ਦੀ ਕਹਾਣੀ ਦੱਸਦੀ ਹੈ ਕਿ ਕਿਸੇ ਵੀ ਖੇਤਰ ਵਿਚ ਵੱਡੀ ਮੰਜ਼ਿਲ ਹਾਸਲ ਕਰਨ ਲਈ ਹੌਸਲਾ ਤੇ ਮਿਹਨਤ ਸਭ ਤੋਂ ਵੱਡੇ ਹਥਿਆਰ ਹਨ |
-ਬਰਨਾਲਾ | ਮੋਬਾਈਲ : 9417163426

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਹਾਕੀ ਦੀ ਸਰਵਸ੍ਰੇਸ਼ਠਤਾ ਅਗਲੀ ਖ਼ਬਰ ਵੱਖਰਾ ਖੇਤੀ ਮਾਡਲ ਹੈ ਸੋਹਨਗੜ੍ਹ ਫਾਰਮ 'ਵਰਸਿਟੀ
Ad Position 24