ਭਾਵੇਂ ਏਸ਼ਿਆਈ ਖੇਡਾਂ ਦਾ ਆਗਾਜ਼ ਸਾਲ 1951 ਵਿਚ ਹੋਇਆ, ਪੰ੍ਰਤੂ ਏਸ਼ਿਆਈ ਹਾਕੀ ਅਰਥਾਤ ਏਸ਼ਿਆਈ ਦੇਸ਼ਾਂ ਦੇ ਹਾਕੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਸਾਲ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਸਮੇਂ ਹੋਈ | ਉਦੋਂ ਤੋਂ ਹੀ ਏਸ਼ਿਆਈ ਖੇਡਾਂ ਉਲੰਪਿਕ ਖੇਡਾਂ ਵਾਂਗ ਹਰ ਚਾਰ ਸਾਲ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਹਨ |
ਟੋਕੀਓ 1958 ਤੋਂ ਹਾਂਗਜ਼ੋਉ-2023 ਤੱਕ ਏਸ਼ਿਆਈ ਹਾਕੀ ਮੁਕਾਬਲੇ 17 ਵਾਰ ਕਰਵਾਏ ਜਾ ਚੁੱਕੇ ਹਨ | ਸ਼ੁਰੂ ਵਿਚ ਇਸ ਪ੍ਰਤੀਯੋਗਤਾ ਵਿਚ ਕੇਵਲ 5 ਏਸ਼ਿਆਈ ਟੀਮਾਂ ਨੇ ਭਾਗ ਲਿਆ ਸੀ, ਪੰ੍ਰਤੂ ਅੱਜ ਏਸ਼ੀਆ ਮਹਾਂਦੀਪ ਵਿਚ 16 ਦੇਸ਼ਾਂ ਦੀਆਂ ਟੀਮਾਂ ਹਾਕੀ ਖੇਡਦੀਆਂ ਹਨ-ਭਾਰਤ, ਪਾਕਿਸਤਾਨ, ਦੱਖਣੀ ਕੋਰੀਆ, ਮਲੇਸ਼ੀਆ, ਚੀਨ, ਜਪਾਨ, ਸਿੰਗਾਪੁਰ, ਥਾਈਲੈਂਡ, ਹਾਂਗਕਾਂਗ, ਚੀਨੀ-ਤੈਪਈ, ਬੰਗਲਾਦੇਸ਼, ਸ੍ਰੀਲੰਕਾ, ਈਰਾਨ, ਓਮਾਨ, ਉਜ਼ਬੇਕਿਸਤਾਨ ਅਤੇ ਕਜ਼ਾਕਿਸਤਾਨ |
ਏਸ਼ਿਆਈ ਹਾਕੀ ਦੀ ਝਲਕ ਉਲੰਪਿਕ ਹਾਕੀ ਵਿਚ ਵੀ ਦੇਖੀ ਜਾ ਸਕਦੀ ਹੈ | ਅਸਲ ਵਿਚ ਏਸ਼ਿਆਈ ਹਾਕੀ ਤੋਂ ਬਿਨਾਂ ਉਲੰਪਿਕ ਹਾਕੀ ਅਧੂਰੀ ਮੰਨੀ ਜਾਂਦੀ ਹੈ | ਉਦਾਹਰਨ ਦੇ ਤੌਰ 'ਤੇ 1928 ਤੋਂ 2024 ਤੱਕ 23 ਵਾਰ ਉਲੰਪਿਕ ਹਾਕੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚੋਂ ਏਸ਼ਿਆਈ ਦੇਸ਼ਾਂ ਨੇ ਸਭ ਤੋਂ ਵੱਧ 11 ਵਾਰ ਸੋਨ ਤਗਮੇ ਜਿੱਤ ਕੇ (ਭਾਰਤ 8 ਵਾਰ ਅਤੇ ਪਾਕਿਸਤਾਨ 3 ਵਾਰ) ਏਸ਼ਿਆਈ ਹਾਕੀ ਦੀ ਸਰਵਸ੍ਰੇਸ਼ਠਤਾ ਕਾਇਮ ਰੱਖੀ ਹੈ | ਏਸ਼ਿਆਈ ਦੇਸ਼ਾਂ ਦੇ ਮੁਕਾਬਲੇ 'ਚ ਜਰਮਨੀ ਨੇ 4 ਵਾਰ, ਨੀਦਰਲੈਂਡਜ਼ ਨੇ 3 ਵਾਰ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਗ੍ਰੇਟ ਬਿ੍ਟੇਨ , ਬੈਲਜੀਅਮ ਤੇ ਅਰਜਨਟੀਨਾ ਨੇ ਕੇਵਲ ਇਕ-ਇਕ ਵਾਰ ਉਲੰਪਿਕ ਗੋਲਡ ਮੈਡਲ ਜਿੱਤਿਆ ਹੈ |
ਏਸ਼ਿਆਈ ਹਾਕੀ ਦੀ ਸਰਵਸ੍ਰੇਸ਼ਠਤਾ ਹੇਠਾਂ ਦਰਸਾਏ ਤੱਥਾਂ 'ਤੇ ਵੀ ਆਧਾਰਿਤ ਹੈ:
1. ਏਸ਼ੀਆ ਮਹਾਂਦੀਪ ਦੇ 16 ਦੇਸ਼ਾਂ ਵਿਚ ਹਾਕੀ ਖੇਡੀ ਜਾਂਦੀ ਹੈ, ਜਦਕਿ ਯੂਰਪ ਵਿਚ 11, ਅਫਰੀਕਾ ਵਿਚ 7 ਅਮਰੀਕਾ ਵਿਚ 5 ਅਤੇ ਓਸ਼ੀਨੀਆਂ (ਆਸਟ੍ਰੇਲੀਆ) ਵਿਚ 3 ਦੇਸ਼ ਹੀ ਹਾਕੀ ਖੇਡਦੇ ਹਨ |
2. 1932 ਦੀਆਂ ਲਾਸ ਏਾਜਲਸ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਏਸ਼ਿਆਈ ਦੇਸ਼ ਭਾਰਤ ਨੇ ਅਮਰੀਕਾ ਨੂੰ 24-1 ਦੇ ਰਿਕਾਰਡ ਸਕੋਰ ਨਾਲ ਹਰਾਇਆ, ਇਹ ਵਿਸ਼ਵ ਰਿਕਾਰਡ ਅਜੇ ਤੱਕ ਬਰਕਰਾਰ ਹੈ |
3. 'ਹਾਕੀ ਦਾ ਜਾਦੂਗਰ' ਵਿਸ਼ਵ ਦਾ 'ਨੰਬਰ ਇਕ' ਹਾਕੀ ਖਿਡਾਰੀ ਧਿਆਨ ਚੰਦ ਏਸ਼ੀਆ ਦੇ ਭਾਰਤ ਦੇਸ਼ ਵਿਚ ਹੀ ਪੈਦਾ ਹੋਇਆ |
4. 1952 ਦੀਆਂ ਹੈਲਸਿੰਕੀ ਉਲੰਪਿਕ ਖੇਡਾਂ ਦੇ ਪਾਈਨਲ ਵਿਚ ਭਾਰਤ (ਏਸ਼ੀਆ) ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੇ ਭਾਰਤ ਦੇ ਕੁੱਲ 6 ਗੋਲਾਂ 'ਚੋਂ 5 ਗੋਲ ਕੀਤੇ ਸਨ, ਜੋ ਕਿ ਸੰਸਾਰ ਭਰ ਵਿਚ ਕਿਸੇ ਇਕ ਵਿਅਕਤੀ ਵਿਸ਼ੇਸ਼ ਦਾ ਸਰਬਉੱਚ ਰਿਕਾਰਡ ਹੈ |
5. ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਕੇ.ਡੀ. ਸਿੰਘ ਬਾਬੂ ਪਹਿਲੇ ਭਾਰਤੀ ਖਿਡਾਰੀ ਸਨ, ਜਿਨ੍ਹਾਂ ਨੂੰ ਖੇਡਾਂ ਦੇ ਖੇਤਰ ਵਿਚ 'ਹੈਲਮਸ ਟਰਾਫੀ' ਜਿਹਾ ਵਿਸ਼ਵ ਦਾ ਅਤਿ ਉੱਚ ਸਨਮਾਨ ਨਸੀਬ ਹੋਇਆ |
6. ਪਾਕਿਸਤਾਨ ਦੇ 'ਡ੍ਰੈਗ ਫਲਿੱਕ ਮਾਸਟਰ' ਸੋਹੇਲ ਅੱਬਾਸ ਨੇ 1998 ਤੋਂ 2012 ਤੱਕ ਖੇਡੇ 315 ਅੰਤਰਰਾਸ਼ਟਰੀ ਮੈਚਾਂ 'ਚ 348 ਗੋਲ ਕਰਕੇ ਵਿਸ਼ਵ ਰਿਕਾਰਡ ਬਣਾਇਆ, ਜੋ ਅੱਜ ਵੀ ਕਾਇਮ ਹੈ |
20ਵੀਆਂ ਏਸ਼ਿਆਈ ਖੇਡਾਂ ਅਤੇ 17ਵੇਂ ਏਸ਼ਿਆਈ ਹਾਕੀ ਮੁਕਾਬਲੇ : ਇਥੇ ਇਹ ਜ਼ਿਕਰਯੋਗ ਹੈ ਕਿ 20ਵੀਆਂ ਏਸ਼ਿਆਈ ਖੇਡਾਂ ਅਤੇ 18ਵੇਂ ਏਸ਼ਿਆਈ ਹਾਕੀ ਮੁਕਾਬਲੇ 19 ਸਤੰਬਰ ਤੋਂ 4 ਅਕਤੂਬਰ, 2026 ਤੱਕ ਜਪਾਨ ਦੇ ਸ਼ਹਿਰ ਆਈਚੀ-ਨਾਗੋਆ ਵਿਖੇ ਕਰਵਾਏ ਜਾ ਰਹੇ ਹਨ | ਏਸ਼ਿਆਈ ਹਾਕੀ ਦੀ ਸਰਵਸ੍ਰੇਸ਼ਠਤਾ ਲਈ ਇਹੋ ਆਸ ਕਰਦੇ ਹਾਂ ਕਿ ਭਾਰਤੀ ਟੀਮ ਇਨ੍ਹਾਂ ਖੇਡਾਂ 'ਚ 'ਗੋਲਡ ਮੈਡਲ' ਜਿੱਤ ਕੇ 2028 'ਚ ਹੋਣ ਵਾਲੀਆਂ ਲਾਸ ਏਾਜਲਸ ਉਲੰਪਿਕ ਖੇਡਾਂ ਵਿਚ ਸਿੱਧਾ ਪ੍ਰਵੇਸ਼ ਪ੍ਰਾਪਤ ਕਰੇ |
-2101/7, ਮੋਹਾਲੀ |
ਮੋਬਾਈਲ : 99140-22101