ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੇ ਖੇਤੀ ਵਿਚ ਵੱਡੀਆਂ ਪੁਲਾਂਘਾਂ ਪੁੱਟੀਆ ਹਨ ਪਰ ਇਸ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵੀ ਉੱਭਰ ਕੇ ਸਾਹਮਣੇ ਆਈਆਂ, ਜਿਸ ਕਾਰਨ ਫ਼ਸਲਾਂ ਦੀ ਚੰਗੀ ਪੈਦਾਵਾਰ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਮੁਨਾਫ਼ੇ ਵਿਚ ਵਾਧਾ ਨਹੀਂ ਹੋ ਰਿਹਾ। ਪਰਿਵਾਰਾਂ ਵਿਚ ਵੰਡੀਆਂ ਕਰਕੇ ਛੋਟੀਆਂ ਹੋ ਰਹੀਆਂ ਖੇਤੀ ਜੋਤਾਂ, ਖੇਤੀ ਮਸ਼ੀਨਰੀ ਤੇ ਵਧ ਰਹੀ ਨਿਰਭਰਤਾ, ਨਵੀਂ-ਨਵੀਂ ਕਿਸਮ ਦੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਅਤੇ ਮੌਸਮ ਦੀ ਖਲਬਲੀ ਕਾਰਨ ਛੋਟੀ ਕਿਰਸਾਨੀ ਮੁਸ਼ਕਿਲ ਵਿਚ ਆ ਗਈ ਹੈ। ਆਮਦਨੀ ਵਧਾਉਣ ਲਈ ਖੇਤੀ ਦੇ ਨਾਲ-ਨਾਲ ਹੋਰ ਕਿੱਤਿਆਂ ਨੂੰ ਅਪਣਾਉਣਾ ਸਮੇਂ ਦੀ ਮੰਗ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੱਖ-ਵੱਖ ਪਲੇਟਫਾਰਮਾਂ 'ਤੇ ਕਈ ਤਰ੍ਹਾਂ ਦੇ ਸਹਾਇਕ ਧੰਦੇ ਜਿਵੇਂ ਕਿ ਪਸ਼ੂ ਪਾਲਣ, ਪੋਲਟਰੀ, ਮੱਛੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ, ਖੁੰਬਾਂ ਦੀ ਕਾਸ਼ਤ, ਸ਼ਹਿਦ ਦੀਆਂ ਮੱਖੀਆਂ ਪਾਲਣ ਆਦਿ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਮਿਹਨਤ ਤੇ ਲਗਨ ਦੀ ਬਦੌਲਤ ਇਨਸਾਨ ਆਪਣੇ ਹਰ ਸੁਪਨੇ ਨੂੰ ਪੂਰਾ ਕਰ ਸਕਦਾ ਹੈ। ਇਸ ਲੇਖ ਵਿਚ ਅਜਿਹੇ ਹੀ ਇਕ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਤੋਂ ਸਿਖਲਾਈ ਲੈ ਕੇ ਡੇਅਰੀ ਪਾਲਣ, ਬੱਕਰੀ ਪਾਲਣ ਤੇ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰਕੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ। ਇਸ ਹਿੰਮਤੀ ਕਿਸਾਨ ਦਾ ਨਾਂਅ ਗੁਰਨਾਮ ਸਿੰਘ ਪੁੱਤਰ ਪੂਰਨ ਸਿੰਘ ਹੈ, ਜੋ ਪਿੰਡ ਅਬਲਖੈਰ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਇਸ ਕੋਲ ਪਿਤਾ ਪੁਰਖੀ ਜ਼ਮੀਨ ਸਿਰਫ਼ 2 ਏਕੜ ਹੈ। ਕਈ ਸਾਲਾਂ ਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਫਸੇ ਹੋਣ ਦੇ ਬਾਵਜੂਦ ਇਸ ਕਿਸਾਨ ਨੂੰ ਕੁਝ ਹੋਰ ਕੰਮ ਕਰਨ ਦੀ ਤਾਂਘ ਸੀ, ਤਾਂ ਜੋ ਆਪਣੀ ਆਮਦਨੀ ਵਧਾ ਸਕੇ। ਇਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਅਤੇ ਸਲਾਹ ਮੁਤਾਬਿਕ ਪਸ਼ੂ ਪਾਲਣ (ਸਾਲ 2016) ਦੀ ਸਿਖਲਾਈ ਲੈਣ ਪਿੱਛੋਂ ਡੇਅਰੀ (2017-18) ਦਾ ਕੰਮ ਸ਼ੁਰੂ ਕਰ ਲਿਆ। ਮੌਜੂਦਾ ਸਮੇਂ ਵਿਚ ਇਨ੍ਹਾਂ ਕੋਲ ਕੁੱਲ 32 ਪਸ਼ੂ ਹਨ, ਜਿਨ੍ਹਾਂ ਵਿਚ ਦੁੱਧ ਦਿੰਦੀਆਂ 16 ਗਾਵਾਂ (ਐਚ.ਐਫ), 5 ਗੱਭਣ ਪਸ਼ੂ, 5 ਵਹਿੜੀਆਂ, 6 ਛੋਟੀਆਂ ਕੱਟੀਆਂ-ਵੱਛੀਆਂ ਹਨ। ਅਣਥੱਕ ਮਿਹਨਤ ਸਦਕਾ ਉਨ੍ਹਾਂ ਦੇ ਫਾਰਮ 'ਤੇ ਕੁੱਲ ਦੁੱਧ ਉਤਪਾਦਨ 1.5-2 ਕੁਇੰਟਲ ਪ੍ਰਤੀ ਦਿਨ ਹੈ, ਜਿਸ ਦੀ ਔਸਤ 10-15 ਲਿਟਰ ਪ੍ਰਤੀ ਪਸ਼ੂ ਬਣਦੀ ਹੈ। ਦੁੱਧ ਤੋਂ ਵਧੀਆ ਮੁਨਾਫ਼ਾ ਲੈਣ ਲਈ ਰੋਜ਼ਾਨਾ ਸਵੇਰੇ-ਸ਼ਾਮ ਨੇੜਲੇ ਪੈਂਦੇ ਸ਼ਹਿਰ ਗੁਰਦਾਸਪੁਰ ਵਿਚ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰਦੇ ਹਨ, ਜਿੱਥੋਂ ਕਿ 50-55 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਰੇਟ ਮਿਲ ਜਾਂਦਾ ਹੈ। ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਿਰਧਾਰਤ ਸਮੇਂ 'ਤੇ ਟੀਕਾਕਰਨ, ਅੰਦਰੂਨੀ ਤੇ ਬਾਹਰੀ ਪ੍ਰਜੀਵੀਆਂ ਤੋਂ ਰਹਿਤ ਕਰਨਾ ਉਹ ਬਹੁਤ ਜ਼ਰੂਰੀ ਸਮਝਦੇ ਹਨ। ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਅਰਾਮਦਾਇਕ ਵਾਤਾਵਰਨ ਵਿਚ ਰੱਖਣ ਲਈ ਖੁੱਲ੍ਹੇ ਸ਼ੈੱਡ, ਜਿਸ ਵਿਚ ਪੱਖੇ, ਕੂਲਰ, ਫੁਹਾਰੇ, ਪੀਣ ਵਾਲੇ ਪਾਣੀ ਅਤੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਸਾਫ਼ ਤੇ ਮਿਆਰੀ ਦੁੱਧ ਪੈਦਾ ਕਰਨ ਲਈ ਦੁੱਧ ਚੋਣ ਵਾਲੀ ਮਸ਼ੀਨ ਵੀ ਰੱਖੀ ਹੋਈ ਹੈ। ਉਨ੍ਹਾਂ ਨੇ ਗੋਬਰ ਦੀ ਸੁਚੱਜੀ ਵਰਤੋਂ ਵਾਸਤੇ ਗੋਬਰ ਗੈਸ ਪਲਾਂਟ ਵੀ ਲਗਵਾਇਆ ਹੋਇਆ ਹੈ, ਜਿੱਥੋਂ ਰੋਜ਼ਾਨਾ ਘਰੇਲੂ ਗੈਸ ਦੀ ਪੂਰਤੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਖੇਤਾਂ ਵਿਚ ਵਰਤਣ ਵਾਸਤੇ ਸਲਰੀ ਵੀ ਪ੍ਰਾਪਤ ਹੁੰਦੀ ਹੈ। ਪਸ਼ੂਆਂ ਵਾਸਤੇ ਖ਼ੁਰਾਕ ਘਰੇਲੂ ਪੱਧਰ 'ਤੇ ਤਿਆਰ ਕੀਤੀ ਜਾਂਦੀ ਹੈ, ਤਾਂ ਜੋ ਸਸਤਾ ਤੇ ਵਧੀਆ ਦੁੱਧ ਪੈਦਾ ਕੀਤਾ ਜਾ ਸਕੇ। ਇਸ ਵਲੋਂ ਆਪਣੇ ਫਾਰਮ 'ਤੇ ਹਰੇ ਚਾਰੇ ਦਾ ਆਚਾਰ ਤਿਆਰ ਕਰਨ ਲਈ ਇਕ ਟੋਆ (ਸਾਈਲੇਜ ਪਿੱਟ) ਬਣਾਇਆ ਹੋਇਆ ਹੈ, ਜੋ ਕਿ ਸਸਤੇ ਤੇ ਵਧੀਆ ਗੁਣਵੱਤਾ ਵਾਲੇ ਦੁੱਧ ਉਤਪਾਦਨ ਲਈ ਇਕ ਵਰਦਾਨ ਹੈ। ਵਧੀਆ ਨਸਲ ਦੇ ਸਾਨ੍ਹ ਦੇ ਟੀਕੇ ਨਾਲ ਮਨਸੂਈ ਗਰਭਦਾਨ ਕਰਵਾ ਕੇ ਨਸਲ ਸੁਧਾਰ ਕਰਕੇ ਵੱਧ ਮੁਨਾਫ਼ਾ ਕਮਾ ਰਿਹਾ ਹੈ। ਉਨ੍ਹਾਂ ਦੀ ਹੱਥੀਂ ਕੰਮ ਕਰਨ ਦੀ ਆਦਤ ਕਰਕੇ ਇਹ ਕਿਸਾਨ ਆਪਣੀ 2 ਏਕੜ ਦੀ ਖੇਤੀ ਵੀ ਆਪ ਕਰਦਾ ਹੈ ਅਤੇ ਪਸ਼ੂਆਂ ਦਾ ਕੰਮ ਵੀ ਆਪ ਦੇਖਦਾ ਹੈ। ਇਸ ਕੰਮ ਵਾਸਤੇ ਇਨ੍ਹਾਂ ਦਾ ਬੇਟਾ ਇਨ੍ਹਾਂ ਦੀ ਸਹਾਇਤਾ ਕਰਦਾ ਹੈ।
ਡੇਅਰੀ ਦੇ ਨਾਲ-ਨਾਲ ਵੱਧ ਮੁਨਾਫ਼ੇ ਵਾਸਤੇ ਇਸ ਉੱਦਮੀ ਕਿਸਾਨ ਨੇ ਦੇਸੀ ਮੁਰਗੀਆਂ (300) ਵੀ ਰੱਖੀਆਂ ਹੋਈਆ ਹਨ, ਕਿਉਂਕਿ ਦੇਸੀ ਆਂਡਿਆਂ ਦੀ ਕੀਮਤ ਬਾਜ਼ਾਰ ਵਿਚ ਦੁੱਗਣੀ ਹੈ। ਇਹ ਕਿਸਾਨ ਗਰਮੀਆਂ ਵਿਚ ਆਂਡੇ 10 ਰੁਪਏ ਪ੍ਰਤੀ ਆਂਡਾ ਤੇ ਸਰਦੀਆਂ ਵਿਚ 15 ਰੁਪਏ ਪ੍ਰਤੀ ਆਂਡਾ ਵੇਚਦਾ ਹੈ। ਆਂਡੇ ਵੇਚਣ ਵਾਸਤੇ ਇਸ ਨੂੰ ਕੋਈ ਖੇਚਲ ਨਹੀਂ ਕਰਨੀ ਪੈਂਦੀ, ਕਿਉਂਕਿ ਆਂਢ-ਗੁਆਂਢ ਦੇ ਲੋਕ ਹੀ ਆਂਡੇ ਖਰੀਦ ਲੈਂਦੇ ਹਨ। ਕਈ ਵਾਰ ਤਾਂ ਐਵੇਂ ਵੀ ਹੋ ਜਾਂਦਾ ਕਿ ਆਂਡੇ ਘੱਟ ਤੇ ਗਾਹਕ ਜ਼ਿਆਦਾ ਹੋ ਜਾਂਦੇ ਹਨ। ਇੱਥੋਂ ਤੱਕ ਕਿ ਲੋਕ ਆਂਡਿਆਂ ਦੀ ਵਧੇਰੇ ਕੀਮਤ ਵੀ ਅਦਾ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਸ ਤੋਂ ਉਤਸ਼ਾਹਿਤ ਹੋ ਕੇ ਹੁਣ ਉਹ ਮੁਰਗੀਆਂ ਦੀ ਗਿਣਤੀ ਵਧਾੳੇਣ ਦੀ ਤਿਆਰੀ ਕਰ ਰਿਹਾ ਹੈ। ਇਹ ਕਿਸਾਨ ਮੁਰਗੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਿਰਧਾਰਤ ਸਮੇਂ 'ਤੇ ਟੀਕਾਕਰਨ ਕਰਾਉਣਾ ਨਹੀਂ ਭੁੱਲਦਾ। ਆਂਡਿਆਂ ਦੇ ਨਾਲ-ਨਾਲ ਇਹ ਕਿਸਾਨ ਮੀਟ ਵਾਸਤੇ ਵੀ ਕੁੱਕੜ-ਕੁੱਕੜੀਆਂ ਵੇਚਦਾ ਹੈ।
ਪਿਛਲੇ ਇਕ ਸਾਲਾਂ ਤੋਂ ਇਹ ਕਿਸਾਨ ਬੱਕਰੀ ਪਾਲਣ ਦਾ ਕੰਮ ਵੀ ਕਰ ਰਿਹਾ ਹੈ, ਕਿਉਂਕਿ ਬੱਕਰੀ ਪਾਲਣ ਦਾ ਕਿੱਤਾ ਵੀ ਬਹੁਤ ਲਾਭਦਾਇਕ ਅਤੇ ਘੱਟ ਖ਼ਰਚੇ ਵਾਲਾ ਹੈ, ਜਿਸ ਕਾਰਨ ਬਹੁਤ ਸਾਰੇ ਕਿਸਾਨ ਇਸ ਕਿੱਤੇ ਨੂੰ ਤਰਜੀਹ ਦੇ ਰਹੇ ਹਨ। ਗੁਰਨਾਮ ਸਿੰਘ ਕੋਲ ਬੀਟਲ ਕਿਸਮ ਦੀਆਂ 10-15 ਬੱਕਰੀਆਂ ਹਨ। ਉਨ੍ਹਾਂ ਦੱਸਿਆ ਕਿ ਬੀਟਲ ਕਿਸਮ ਦੀ ਕੀਮਤ ਬਾਕੀ ਨਸਲ ਦੀਆਂ ਬੱਕਰੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਅਤੇ ਇਹ ਕਿਸਮ ਦੁੱਧ ਵੀ ਜ਼ਿਆਦਾ ਦਿੰਦੀ ਹੈ। ਇਹ ਕਿਸਾਨ ਬੱਕਰੀਆਂ ਦਾ ਦੁੱਧ ਵੇਚਣ ਦੇ ਨਾਲ-ਨਾਲ ਮੀਟ ਵੀ ਵੇਚਦਾ ਹੈ।
ਗੁਰਨਾਮ ਸਿੰਘ ਨੇ ਦੱਸਿਆ ਕਿ ਸਫ਼ਲਤਾ ਇੰਨੀ ਸੌਖੀ ਨਹੀਂ ਹਾਸਿਲ ਨਹੀਂ ਕੀਤੀ ਜਾਂਦੀ। ਇਸ ਲਈ ਸਾਨੂੰ ਸਖ਼ਤ ਮਿਹਨਤ ਵੀ ਕਰਨੀ ਪੈਂਦੀ ਹੈ ਅਤੇ ਕਈ ਵਾਰ ਮੁਸਕਿਲਾਂ ਦਾ ਸਾਹਮਣਾ ਕਰਦੇ ਹੋਏ ਘਾਟਾ ਵੀ ਝੱਲਣਾ ਪੈਂਦਾ ਹੈ ਪਰ ਹੌਸਲਾ ਨਾ ਹਾਰ ਕੇ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਫਿਰ ਕਾਮਯਾਬ ਹੋਇਆ ਜਾ ਸਕਦਾ ਹੈ। ਆਪਣੀ ਇਸ ਅਣਥੱਕ ਮਿਹਨਤ ਅਤੇ ਕਾਮਯਾਬੀ ਸਦਕਾ ਇਸ ਕਿਸਾਨ ਨੇ ਕਈ ਇਨਾਮ ਆਪਣੀ ਝੋਲੀ ਵਿਚ ਪਵਾਏ ਹਨ। ਉਨ੍ਹਾਂ ਨੇ ਸਤੰਬਰ 2023 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਗੁਰਦਾਸਪੁਰ ਵਿਖੇ ਲਗਾਏ ਗਏ ਕਿਸਾਨ ਮੇਲੇ ਵਿਚ 'ਅਗਾਂਹਵਧੂ ਕਿਸਾਨ' ਵਜੋਂ ਇਨਾਮ ਪ੍ਰਾਪਤ ਕੀਤਾ। ਇਸ ਸਫ਼ਲਤਾ ਦਾ ਸਿਹਰਾ ਉਹ ਆਪਣੇ ਪਰਿਵਾਰ ਦੇ ਸਹਿਯੋਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੀ ਤਕਨੀਕੀ ਸਲਾਹ ਨੂੰ ਦਿੰਦਾ ਹੈ। ਇਹ ਕਿਸਾਨ ਆਪਣੇ ਆਲੇ-ਦੁਆਲੇ ਦੇ ਛੋਟੀ ਕਿਰਸਾਨੀ ਲਈ ਰਾਹ ਦਸੇਰਾ ਹੈ।
-ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ।