ਕਈ ਖੇਡ ਕੋਚਾਂ ਤੇ ਖਿਡਾਰੀਆਂ ਵਲੋਂ ਅਨੁਸ਼ਾਸਨ ਅਤੇ ਜ਼ਾਬਤਾ ਭੰਗ ਕਰਨ ਦੀਆਂ ਖ਼ਬਰਾਂ ਖੇਡ ਜਗਤ ਨੂੰ ਅਕਸਰ ਨਿਰਾਸ਼ ਕਰਦੀਆਂ ਰਹੀਆਂ ਹਨ। ਪਿਛਲੇ ਦਿਨੀਂ ਅਜਿਹੀਆਂ ਹੀ ਦੋ ਘਟਨਾਵਾਂ ਖੇਡ ਕੋਚਾਂ ਨਾਲ ਜੁੜੀਆਂ ਹੋਈਆਂ ਮੀਡੀਆ 'ਚ ਆਈਆਂ। ਦੋਵੇਂ ਘਟਨਾਵਾਂ ਹਰਿਆਣਾ ਸੂਬੇ ਦੀਆਂ ਹਨ। ਪਹਿਲੀ ਘਟਨਾ ਇਕ ਰਾਸ਼ਟਰੀ ਪੱਧਰ ਦੇ ਸ਼ੂਟਿੰਗ ਕੋਚ ਨਾਲ ਜੁੜੀ ਹੋਈ ਹੈ, ਜਿਸ ਨੂੰ ਆਪਣੀ ਹੀ ਸ਼ਾਗਿਰਦ ਨਾਲ ਜਬਰ-ਜਨਾਹ ਦੇ ਕੇਸ 'ਚ ਨਾਮਜ਼ਾਦ ਕੀਤਾ ਗਿਆ। ਲੜਕੀ ਨਾਬਾਲਗ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਸ ਕੋਚ ਕੋਲੋਂ ਸ਼ੂਟਿੰਗ ਸਿੱਖ ਰਹੀ ਸੀ। ਦੂਜੀ ਘਟਨਾ 'ਚ ਇਕ ਜੂਨੀਅਰ ਹਾਕੀ ਕੋਚ 'ਤੇ ਇਕ ਨਾਬਾਲਗ ਹਾਕੀ ਖਿਡਾਰਨ ਨੇ ਵੀ ਅਜਿਹਾ ਹੀ ਦੋਸ਼ ਲਾਇਆ। ਇਸ ਦਾ ਪਤਾ ਉਸ ਸਮੇਂ ਲੱਗਾ ਜਦ ਉਕਤ ਖਿਡਾਰਨ ਗਰਭਵਤੀ ਹੋ ਗਈ ਤੇ ਗੱਲ ਉਸ ਦੀ ਜਾਨ 'ਤੇ ਬਣ ਆਈ। ਇਸ ਪਿੱੱਛੋਂ ਜਦ ਉਸ ਦੇ ਘਰਦਿਆਂ ਨੂੰ ਪਤਾ ਲੱਗਾ ਤਾਂ ਗੱਲ ਪੁਲਿਸ ਤੱਕ ਪਹੁੰਚ ਗਈ। ਉਕਤ ਦੋਵੇਂ ਘਟਨਾਵਾਂ ਨੂੰ ਵਿਚਾਰਨ ਤੋਂ ਬਾਅਦ ਕਿਸੇ ਖੇਡ ਕੋਚ ਜਾਂ ਖਿਡਾਰੀ ਨੂੰ ਇਹ ਚੇਤੇ ਕਰਵਾਉਣ ਦੀ ਲੋੜ ਹੈ ਕਿ ਖੇਡਾਂ ਇਕ ਅਜਿਹਾ ਵਣਜ ਹਨ, ਜਿਨ੍ਹਾਂ ਨੂੰ ਕਰਨ ਤੇ ਕਰਾਉਣ ਲਈ ਕਿਸੇ ਵੀ ਖਿਡਾਰੀ ਤੇ ਉਸ ਦੇ ਕੋਚ ਲਈ ਚਰਿੱਤਰਵਾਨ ਅਤੇ ਅਨੁਸ਼ਾਸਿਤ ਹੋਣ ਦੀ ਹਰ ਵੇਲੇ ਲੋੜ ਹੁੰਦੀ ਹੈ। ਇਹ ਦੋਵੇਂ ਗੁਣ ਖਿਡਾਰੀ ਤੇ ਕੋਚ ਲਈ ਬੜੇ ਅਹਿਮ ਮੰਨੇ ਜਾਂਦੇ ਹਨ, ਜਿਨ੍ਹਾਂ ਨੂੰ ਖੇਡਾਂ ਦਾ ਧੁਰਾ ਕਿਹਾ ਜਾਂਦਾ ਹੈ। ਜਿੱਥੇ ਕਿਸੇ ਖਿਡਾਰੀ ਦਾ ਜ਼ਾਬਤੇ 'ਚ ਰਹਿਣਾ ਉਸ ਦੇ ਖੇਡ ਪ੍ਰਦਰਸ਼ਨ ਤੇ ਸ਼ਖ਼ਸੀਅਤ ਨੂੰ ਉਚਾਈ ਵੱਲ ਲਿਜਾਂਦਾ ਹੈ, ਉੱਥੇ ਹੀ ਖੇਡ ਕੋਚ ਦਾ ਚੰਗਾ ਚਰਿੱਤਰ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ, ਜਿਸ ਨਾਲ ਖਿਡਾਰੀਆਂ ਦੀ ਆਸਥਾ ਆਪਣੇ ਖੇਡ ਕੋਚ ਵੱਲ ਹੋ ਵਧਦੀ ਹੈ, ਜਦਕਿ ਅਨੁਸ਼ਾਸਨ ਭੰਗ ਕਰਨ ਵਾਲਾ ਤੇ ਮਾੜੇ ਚਰਿੱਤਰ ਵਾਲਾ ਖਿਡਾਰੀ ਜਾਂ ਕੋਚ ਜਿੱਥੇ ਆਪਣੇ ਲਈ ਕੋਈ ਪ੍ਰੇਸ਼ਾਨੀ ਸਹੇੜਦਾ ਹੈ, ਉੱਥੇ ਉਹ ਦੂਜਿਆਂ ਲਈ ਵੀ ਅੜਿੱਕੇ ਪਾਉਂਦਾ ਹੈ, ਜਿਸ ਕਾਰਨ ਖੇਡ ਖੇਤਰ ਬਦਨਾਮ ਹੋ ਹੁੰਦਾ ਹੈ।
ਖੇਡਾਂ ਦਾ ਧੁਰਾ ਨਿਰੋਲ ਖਿਡਾਰੀ ਤੇ ਕੋਚ ਦੇ ਅਨੁਸ਼ਾਸਨ ਅਤੇ ਚਰਿੱਤਰ 'ਤੇ ਹੀ ਖੜ੍ਹਾ ਹੁੰਦਾ ਹੈ। ਉੱਚ ਖੇਡ ਪ੍ਰਦਰਸ਼ਨ ਤੇ ਵੱਡੀ ਖੇਡ ਪ੍ਰਾਪਤੀ ਖਿਡਾਰੀ ਤੇ ਕੋਚ ਦੇ ਅਨੁਸ਼ਾਸਨਬੱਧ ਤੇ ਚਰਿੱਤਰਵਾਨ ਹੋਣ ਦਾ ਹੀ ਸਾਰਥਕ ਨਤੀਜਾ ਹੁੰਦਾ ਹੈ। ਖੇਡਾਂ ਤੇ ਖਿਡਾਰੀ ਸਾਡੇ ਸਮਾਜ ਦਾ ਮਹੱਤਵਪੂਰਨ ਅੰਗ ਹਨ। ਖਿਡਾਰੀ ਜਿੱਥੇ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ, ਉੱਥੇ ਉਹ ਸਾਡੀ ਨਵੀਂ ਪੀੜ੍ਹੀ ਲਈ ਵੀ ਨਾਇਕ ਬਣਦੇ ਹਨ। ਖਿਡਾਰੀਆਂ ਲਈ 'ਰੋਲ ਮਾਡਲ' ਬਣਨ ਵਾਲੇ ਕੋਚ ਹੀ ਜੇ ਅਜਿਹੀਆਂ ਹਰਕਤਾਂ ਕਰਨ ਤਾਂ ਉਹ ਆਪਣਾ ਪੇਸ਼ਾ ਤਾਂ ਬਰਬਾਦ ਕਰ ਹੀ ਲੈਂਦੇ ਹਨ, ਨਾਲ ਹੀ ਖਿਡਾਰੀਆਂ ਦਾ ਭਵਿੱਖ ਵੀ ਤਬਾਹ ਕਰ ਦਿੰਦੇ ਹਨ। ਇਸ ਤੋਂ ਇਲਾਵਾ ਉਹ ਹੋਰ ਕੋਚਾਂ ਦੇ ਪੇਸ਼ੇ 'ਤੇ ਵੀ ਸ਼ੱਕ ਦੀ ਸਥਿਤੀ ਪੈਦਾ ਕਰ ਦਿੰਦੇ ਹਨ। ਇਸ ਲਈ ਉਸ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਖੇਡਾਂ ਵਿਚ ਅਨੁਸ਼ਾਸਨ ਤੇ ਜ਼ਾਬਤਾ ਹੀ ਉਸ ਦਾ ਮਾਣ-ਸਤਿਕਾਰ ਵਧਾਏਗਾ।
-ਸਰਕਾਰੀ ਕਾਲਜ, ਮਾਨਸਾ। ਮੋਬਾਈਲ : 94176-65241