19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੁਰਸਕਾਰ ਤੇ ਸਤਿਕਾਰ ਸਮੇਂ ਸਿਰ ਕਿਉਂ ਨਹੀਂ?

Ad Position 21
No active advertisement
ਅਜੀਤ ਡੈਸਕ 07-04-2026

ਜਦੋਂ 2001 'ਚ ਉੱਡਣੇ ਸਿੱਖ ਮਿਲਖਾ ਸਿੰਘ ਨੂੰ 'ਅਰਜੁਨ ਪੁਰਸਕਾਰ' ਦੇਣ ਦਾ ਐਲਾਨ ਹੋਇਆ ਤਾਂ ਕਾਫ਼ੀ ਵਿਵਾਦ ਛਿੜ ਗਿਆ। ਮਿਲਖਾ ਸਿੰਘ ਨੇ ਇਹ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਸਿਰਫ਼ ਭਾਰਤ ਦੇ ਨਹੀਂ, ਸਗੋਂ ਏਸ਼ੀਆ ਦਾ ਸਰਬੋਤਮ ਦੌੜਾਕ ਰਹੇ ਹਨ। ਉਹ ਕੌਮਾਂਤਰੀ ਪੱਧਰ ਦੇ 80 ਮੁਕਾਬਲਿਆਂ 'ਚ ਦੌੜਦੇ 77 ਵਾਰੀ ਜੇਤੂ ਰਹੇ। ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਦੌੜਾਕਾਂ ਨੂੰ ਹਰਾ ਕੇ ਨਵੇਂ ਰਿਕਾਰਡ ਕਾਇਮ ਕੀਤੇ। ਉਸ ਸਮੇਂ ਉਨ੍ਹਾਂ ਕਿਹਾ, 'ਮੈਂ ਹਰ ਪੁਰਸਕਾਰ ਦਾ ਸਤਿਕਾਰ ਕਰਦਾ ਹਾਂ ਪਰ ਰਾਜਨੀਤਕਾਂ ਤੇ ਭ੍ਰਿਸ਼ਟ ਸਿਸਟਮ ਨੇ ਪੁਰਸਕਾਰਾਂ ਦਾ ਮਜ਼ਾਕ ਬਣਾ ਦਿੱਤਾ ਹੈ। ਅੱਜ 33-34 ਸਾਲਾਂ ਬਾਅਦ ਇਹ ਪੁਰਸਕਾਰ ਮੇਰੇ ਮੇਚ ਦਾ ਨਹੀਂ ਰਿਹਾ। ਮੈਨੂੰ ਤਾਂ 'ਪਦਮਸ੍ਰੀ' ਤੋਂ ਵੱਡਾ ਪੁਰਸਕਾਰ ਦੇਣ ਦਾ ਹੱਕ ਸੀ। ਮਿਲਖਾ ਸਿੰਘ ਦੇ ਇਸ ਫ਼ੈਸਲੇ ਨੂੰ ਏਸ਼ੀਆਈ ਖਿਡਾਰੀ ਪ੍ਰਦੁਮਣ ਸਿੰਘ ਤੇ ਉਲੰਪੀਅਨ ਮੁੱਕੇਬਾਜ਼ ਗੁਰਚਰਨ ਸਿੰਘ ਨੇ ਵੀ ਸਹੀ ਠਹਿਰਾਇਆ ਸੀ।
ਏਸ਼ੀਆ ਦੇ ਸਰਬੋਤਮ ਗੋਲਾ ਤੇ ਡਿਸਕਸ ਸੁਟਾਵੇ ਭਗਤਾ ਭਾਈਕੇ ਦੇ ਪ੍ਰਦੁਮਣ ਸਿੰਘ ਨੂੰ ਵੀ ਇਹ ਪੁਰਸਕਾਰ ਸਾਲ 2000 'ਚ ਦਿੱਤਾ ਗਿਆ। ਪੂਰਾ ਇਕ ਦਹਾਕਾ ਪ੍ਰਦੁਮਣ ਸਿੰਘ ਦੀ ਏਸ਼ੀਆ 'ਚ ਚੜ੍ਹਤ ਰਹੀ। ਉਸ ਨੇ ਕਈ ਤਗਮੇ ਜਿੱਤੇ। ਉਹ ਅਧਰੰਗ ਤੋਂ ਪੀੜਤ ਮੌਤ ਨਾਲ ਲੜਦਾ ਮੰਜੇ 'ਤੇ ਪਿਆ ਸੀ। ਉਸ ਦਾ ਕਹਿਣਾ ਸੀ, 'ਅਰਜੁਨ ਪੁਰਸਕਾਰ' ਮਿਲਣ ਦੀ ਮੈਨੂੰ ਕੋਈ ਖੁਸ਼ੀ ਨਹੀਂ ਪਰ ਪੁਰਸਕਾਰ ਨਾਲ ਮਿਲਣ ਵਾਲੇ ਡੇਢ ਲੱਖ ਰੁਪਏ ਦੀ ਰਕਮ ਕਰਕੇ ਮੈਂ ਇਸ ਨੂੰ ਸਵੀਕਾਰ ਕੀਤਾ, ਕਿਉਂਕਿ ਪੈਸਿਆਂ ਨਾਲ ਮੇਰੀ ਬਿਮਾਰੀ ਦਾ ਇਲਾਜ ਹੋਣਾ ਹੈ।' ਉਦੋਂ ਉਸ ਨੂੰ ਐਲਾਨੀ ਗਈ ਪੈਨਸ਼ਨ ਵੀ ਨਹੀਂ ਮਿਲਦੀ ਸੀ। ਉਨ੍ਹਾਂ ਇਹ ਵੀ ਕਿਹਾ, 'ਇਹ ਪੁਰਸਕਾਰ ਤਾਂ ਪੱਤਰਕਾਰਾਂ ਦੇ ਨਾਂਅ ਹੈ, ਜਿਨ੍ਹਾਂ ਨੇ ਮੇਰੀ ਦੁੱਖ ਭਰੀ ਕਹਾਣੀ ਛਾਪ ਕੇ ਸਰਕਾਰਾਂ ਨੂੰ ਮੇਰਾ ਚੇਤਾ ਕਰਾਇਆ।' ਪ੍ਰਸਿੱਧ ਮੁੱਕੇਬਾਜ਼ ਰਾਜ ਕੁਮਾਰ ਸਾਗਵਾਨ ਨੇ ਵੀ ਸੰਘਰਸ਼ ਕਰਕੇ 'ਅਰਜੁਨ ਪੁਰਸਕਾਰ' ਲਿਆ। ਡਿਸਕਸ ਥ੍ਰੋਅ 'ਚ ਏਸ਼ੀਆਈ ਚੈਂਪੀਅਨ ਤੇ ਬੈਕਾਂਕ ਏਸ਼ੀਆਈ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ ਅਨਿਲ ਕੁਮਾਰ ਨੇ ਵੀ ਉਸ ਸਮੇਂ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਸੀ, 'ਮੈਂ 18 ਕੌਮਾਂਤਰੀ ਤੇ 25 ਕੌਮੀ ਤਗਮੇ ਜਿੱਤੇ ਹਨ ਪਰ ਮੈਥੋਂ ਮਾੜੇ ਪ੍ਰਦਰਸ਼ਨ ਵਾਲੇ ਪੁਰਸਕਾਰ ਲੈ ਚੁੱਕੇ ਹਨ।'
ਉਨ੍ਹਾਂ ਨੇ ਇਸ ਸੰਬੰਧੀ ਕੇਂਦਰੀ ਮੰਤਰੀ ਉਮਾ ਭਾਰਤੀ ਨੂੰ ਇਕ ਚਿੱਠੀ ਵੀ ਲਿਖੀ ਸੀ। ਬਾਹਰਲੇ ਮੁਲਕ ਆਪਣੇ ਖਿਡਾਰੀਆਂ ਨੂੰ ਦੇਸ਼ ਦਾ ਸਰਮਾਇਆ ਸਮਝਦੇ ਹਨ। ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੁੰਦਾ ਹੈ। ਪਰ ਸਾਡੇ ਦੇਸ਼ 'ਚ ਤਾਂ ਖਿਡਾਰੀਆਂ ਦੀ ਸਥਿਤੀ ਮਾੜੀ ਹੈ। ਚਾਰੇ ਪਾਸਿਓਂ ਬੇਰੁਖੀ ਦਾ ਸਤਾਇਆ ਉਲੰਪੀਅਨ ਮੁੱਕੇਬਾਜ਼ ਗੁਰਚਰਨ ਸਿੰਘ ਅਚਾਨਕ ਗਾਇਬ ਹੋ ਕੇ ਸ਼ਿਕਾਗੋ (ਅਮਰੀਕਾ) ਜਾ ਵਸਿਆ ਸੀ। ਸਿਡਨੀ ਉਲੰਪਿਕ 'ਚ ਉਸ ਦਾ ਲਾਜਵਾਬ ਪ੍ਰਦਰਸ਼ਨ ਸੀ। ਉਸ ਦਾ ਕਹਿਣਾ ਸੀ, 'ਮੈਂ ਜਦੋਂ ਸਿਡਨੀ ਉਲੰਪਿਕ 'ਚ ਖੇਡ ਕੇ ਵਾਪਸ ਦਿੱਲੀ ਏਅਰਪੋਰਟ 'ਤੇ ਉਤਰਿਆ ਤਾਂ ਮੈਨੂੰ ਸਨਮਾਨ ਦੇਣ ਦੀ ਥਾਂ ਅਪਮਾਨ ਦਾ ਜ਼ਹਿਰ ਪਿਲਾਇਆ ਗਿਆ। ਮੇਰਾ ਪ੍ਰਦਰਸ਼ਨ ਐਨਾ ਵੀ ਮਾੜਾ ਨਹੀਂ ਸੀ।' ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਨੇ ਬੈਕਾਂਕ ਏਸ਼ੀਅਨ ਗੇਮਜ਼-1988 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਪਰੋਕਤ ਖਿਡਾਰੀਆਂ ਦੀ ਹੱਡ ਬੀਤੀ ਇਹੀ ਦਰਸਾਉਂਦੀ ਹੈ ਕਿ ਸਾਡੇ ਦੇਸ਼ 'ਚ ਖੇਡ ਪ੍ਰਬੰਧ ਚੰਗੇ ਨਹੀਂ ਹਨ। ਖਿਡਾਰੀਆਂ ਦੀ ਚੋਣ ਜਾਂ ਪੁਰਸਕਾਰਾਂ ਦੀ ਚੋਣ ਰਾਜਨੀਤੀ ਤੇ ਭਾਈ-ਭਤੀਜਾਵਾਦ ਦੇ ਦਬਦਬੇ ਹੇਠ ਕੀਤੀ ਜਾਂਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਖਿਡਾਰੀਆਂ ਨੂੰ ਸਮੇਂ ਸਿਰ ਪੁਰਸਕਾਰ ਤੇ ਸਤਿਕਾਰ ਦੇਣ ਵੱਲ ਧਿਆਨ ਦੇਣ।

-ਤਹਿ-ਸੁਨਾਮ (ਸੰਗਰੂਰ)।
ਮੋਬਾਈਲ : 94631-28483

Ad Position 22
No active advertisement
ਪਿਛਲੀ ਖ਼ਬਰ ਖੇਡਾਂ ਦਾ ਧੁਰਾ ਹਨ ਚਰਿੱਤਰ ਤੇ ਅਨੁਸ਼ਾਸਨ ਅਗਲੀ ਖ਼ਬਰ 07-04-26
Ad Position 24