ਬਾਲਿਆਂਵਾਲੀ, 7 ਅਪ੍ਰੈਲ (ਕੁਲਦੀਪ ਮਤਵਾਲਾ)-ਨੇੜਲੇ ਪਿੰਡ ਭੂੰਦੜ ਵਿਖੇ ਇਕ ਵੈਨ 'ਤੇ ਮੋਟਰ ਸਾਈਕਲ ਦੀ ਹੋਈ ਟੱਕਰ 'ਚ ਮੋਟਰ ਸਾਈਕਲ ਚਾਲਕ ਦੀ ਮੌਤ ਹੋਣ ਦੀ ਖ਼ਬਰ ਹੈ | ਪੁਲਿਸ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਧਿਰ ਦੇ ਹਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਭੂੰਦੜ ਨੇ ਇਸ ਕੇਸ ਦੇ ਤਫ਼ਤੀਸ਼ੀ ਅਧਿਕਾਰੀ ਏ.ਐੱਸ.ਆਈ ਜਗਜੀਤ ਸਿੰਘ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 6 ਅਪ੍ਰੈਲ ਨੂੰ ਵਕਤ ਕਰੀਬ ਦੁਪਹਿਰ ਦਾ ਹੋਵੇਗਾ ਕਿ ਮੈਂ ਅਤੇ ਮੇਰਾ ਰਿਸ਼ਤੇਦਾਰ ਲਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਢਿੱਲਵਾਂ (ਬਰਨਾਲਾ) ਆਪੋ-ਆਪਣੇ ਆਪਣੇ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਰਾਮਪੁਰਾ ਸ਼ਹਿਰ ਵੱਲ ਜਾ ਰਹੇ ਸੀ ਜਦਕਿ ਮੈਂ ਆਪਣੇ ਮੋਟਰ ਸਾਈਕਲ ਤੇ ਉਸ ਦੇ ਪਿੱਛੇ ਹੀ ਰਾਮਪੁਰਾ ਨੂੰ ਜਾ ਰਿਹਾ ਸੀ, ਜਦੋਂ ਅਸੀ ਪਿੰਡ ਭੂੰਦੜ ਵਿਖੇ ਰਾਮਪੁਰਾ ਰੋਡ 'ਤੇ ਬਣੀ ਦਾਣਾ ਮੰਡੀ ਲੰਘੇ ਤਾਂ ਸਾਹਮਣੇ ਤੋਂ ਆ ਰਹੀ ਇਕ ਵੈਨ ਨੇ ਮੇਰੇ ਸਾਲੇ ਲਖਵਿੰਦਰ ਸਿੰਘ ਦੇ ਮੋਟਰ ਸਾਈਕਲ 'ਚ ਟੱਕਰ ਮਾਰ ਦਿੱਤੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ | ਜਿਸ ਨੂੰ ਅਸੀਂ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ 'ਚ ਲੈ ਕੇ ਗਏ | ਜਿੱਥੇ ਲਖਵਿੰਦਰ ਦੀ ਜ਼ੇਰੇ ਇਲਾਜ ਮੌਤ ਹੋ ਗਈ | ਤਫ਼ਤੀਸ਼ੀ ਅਧਿਕਾਰੀ ਨੇ ਡਰਾਇਵਰ ਗੁਰਪ੍ਰੀਤ ਸਿੰਘ ਵਾਸੀ ਢੱਡੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਬਰਜ਼ਮਾਨਤ ਰਿਹਾਅ ਕਰ ਦਿੱਤਾ ਹੈ |