ਬਠਿੰਡਾ, 7 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਅਧਿਆਪਕਾਂ ਉਪਰ ਜਬਰੀ ਥੋਪੇ ਗਏ ਟੈੱਟ ਦੇ ਖ਼ਿਲਾਫ਼ ਅਧਿਆਪਕ ਜਥੇਬੰਦੀਆਂ ਵਲੋਂ ਬਠਿੰਡਾ 'ਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਡੈਮੋਕਰੇਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਡੀ.ਟੀ.ਐਫ. (ਵਿਕਰਮਦੇਵ) ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੋਆਣਾ, ਜੀ.ਟੀ. ਯੂ. ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਤੇ ਬੀ.ਐਡ. ਅਧਿਆਪਕ ਫ਼ਰੰਟ ਦੇ ਆਗੂ ਰਾਜਵੀਰ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸਿੱਖਿਆ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਟੈੱਟ ਦੇ ਖ਼ਿਲਾਫ਼ ਅਦਾਲਤ ਵਿਚ ਰਿਵਿਊ ਪਟੀਸ਼ਨ ਪਾਵੇਗੀ ਅਤੇ ਵਿਧਾਨ ਸਭਾ 'ਚ ਇਸ ਦੇ ਖ਼ਿਲਾਫ਼ ਮਤਾ ਪਾਸ ਕੀਤਾ ਜਾਵੇਗਾ, ਪਰ ਸਰਕਾਰ ਨੇ ਦੋਵੇਂ ਕੰਮ ਨਹੀਂ ਕੀਤੇ | ਸਗੋਂ ਅਧਿਆਪਕਾਂ ਨੂੰ ਜਬਰੀ ਟੈੱਟ ਦਾ ਪੇਪਰ ਦੇਣ ਲਈ ਮਜਬੂਰ ਕੀਤਾ ਜਾ ਰਿਹਾ | ਪੰਜਾਬ ਸਰਕਾਰ ਕੇਂਦਰ ਦੀਆਂ ਸਿੱਖਿਆ ਤੇ ਰੁਜ਼ਗਾਰ ਮਾਰੂ ਨੀਤੀਆਂ ਲਾਗੂ ਕਰਦੀ ਹੋਈ ਅਧਿਆਪਕਾਂ ਦੀ ਜਬਰੀ ਸੇਵਾਮੁਕਤੀ, ਪੋਸਟਾਂ ਦੀ ਛੰਗਾਈ, ਮਹਿਕਮੇ ਨੂੰ ਪ੍ਰਾਈਵੇਟ ਅਦਾਰਿਆਂ ਕੋਲ ਵੇਚਣ ਤੇ ਨਵੀਂ ਸਿੱਖਿਆ ਨੀਤੀ 2020 ਨੂੰ ਜਬਰੀ ਥੋਪਣ 'ਤੇ ਤੁਲੀ ਹੋਈ ਹੈ | ਸਕੂਲਾਂ 'ਚ ਹਜ਼ਾਰਾਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਟੈੱਟ ਵਰਗੀ ਸ਼ਰਤ ਮੜ ਕੇ ਤਰੱਕੀਆਂ ਰੋਕੀਆਂ ਹੋਈਆਂ ਹਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨ, ਕੇਂਦਰੀ ਪੇਅ ਸਕੇਲ ਰੱਦ ਕਰਨ, ਏ.ਸੀ.ਪੀ. ਸਕੀਮ ਲਾਗੂ ਕਰਨ ਅਤੇ ਪੇਂਡੂ ਭੱਤੇ ਸਮੇਤ ਬੰਦ ਕੀਤੇ ਸਾਰੇ ਭੱਤਿਆਂ ਨੂੰ ਲਾਗੂ ਕਰਨ ਜਿਹੀਆਂ ਮੰਗਾਂ ਤੋਂ ਕਿਨਾਰਾ ਕੀਤਾ ਹੋਇਆ | ਆਗੂਆਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਜਬਰੀ ਟੈੱਟ ਦੀ ਸ਼ਰਤ ਮੜ ਕੇ ਕਿਸੇ ਅਧਿਆਪਕ ਦੀ ਨੌਕਰੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਜ ਦੇ ਅਰਥੀ ਸਾੜ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਦੇ ਖ਼ਿਲਾਫ਼ ਅਗਲੇ ਦਿਨਾਂ 'ਚ ਤਿੱਖੇ ਸੰਘਰਸ਼ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਟੈੱਟ ਦੀ ਸ਼ਰਤ ਰੱਦ ਕਰਵਾਉਣ ਲਈ ਅਧਿਆਪਕ ਜਥੇਬੰਦੀਆਂ ਵਲੋਂ 11 ਅਪ੍ਰੈਲ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ, ਬੀ.ਐੱਡ. ਫ਼ਰੰਟ ਤੋਂ ਕਰਮਜੀਤ ਜਲਾਲ, ਕੁਲਵਿੰਦਰ ਵਿਰਕ ਆਦਿ ਨੇ ਵੀ ਸੰਬੋਧਨ ਕੀਤਾ |
ਅਧਿਆਪਕਾਂ 'ਤੇ ਜਬਰੀ ਥੋਪੇ ਗਏ ਟੈੱਟ ਖ਼ਿਲਾਫ਼ ਅਰਥੀ ਸਾੜ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
08-04-2026