ਤਲਵੰਡੀ ਸਾਬੋ, 9 ਅਪ੍ਰੈਲ (ਰਣਜੀਤ ਸਿੰਘ ਰਾਜੂ)-ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵਲੋਂ ਬਤੌਰ ਜਥੇਦਾਰ ਆਪਣੀ ਸੇਵਾ ਦਾ ਇਕ ਸਾਲ ਮੁਕੰਮਲ ਕਰ ਲੈਣ 'ਤੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਇਕ ਵਿਸ਼ੇਸ਼ 'ਸ਼ੁਕਰਾਨਾ ਸਮਾਗਮ' ਕਰਵਾਇਆ ਗਿਆ | ਉਕਤ ਸਮਾਗਮ 'ਚ ਪੰਥਕ ਸ਼ਖ਼ਸੀਅਤਾਂ ਤੋਂ ਇਲਾਵਾ ਉੱਪ ਮੰਡਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਤਖਤ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਬਾਗ ਸਿੰਘ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਦੋਂਕਿ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਕੀਤੀ | ਭੋਗ ਉਪਰੰਤ ਪੰਥਕ ਆਗੂਆਂ ਤੇ ਸੰਗਤਾਂ ਦੇ ਰੂ-ਬਰੂ ਹੁੰਦਿਆਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਬਹੁਤ ਹੀ ਗੰਭੀਰ ਅਤੇ ਵਿਚਾਰਸ਼ੀਲ ਪੰਥਕ ਵਿਚਾਰ ਸਾਂਝੇ ਕੀਤੇ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ 'ਇਹ ਸੇਵਾ ਮੇਰੀ ਨਿੱਜੀ ਪ੍ਰਾਪਤੀ ਨਹੀਂ, ਸਗੋਂ ਗੁਰੂ ਸਾਹਿਬ ਵਲੋਂ ਬਖ਼ਸ਼ੀ ਇੱਕ ਜ਼ਿੰਮੇਵਾਰੀ ਹੈ | ਅੱਜ ਸਮੇਂ ਦੀ ਮੁੱਖ ਲੋੜ ਪੰਥਕ ਸਫ਼ਾਂ ਵਿੱਚ ਇਤਫ਼ਾਕ ਅਤੇ ਏਕਤਾ ਪੈਦਾ ਕਰਨਾ ਹੈ | ਸਾਨੂੰ ਗੁਰਮਤਿ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਆਪਣੀ ਨੌਜਵਾਨ ਪੀੜ੍ਹੀ ਨੂੰ ਅੰਮਿ੍ਤਧਾਰੀ ਬਣਾ ਕੇ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਹੰਭਲਾ ਮਾਰਨਾ ਪਵੇਗਾ |' ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਸਿੰਘ ਸਾਹਿਬ ਦੀ ਸ਼ਖ਼ਸੀਅਤ ਬਾਰੇ ਬੋਲਦਿਆਂ ਕਿਹਾ ਕਿ ਬਾਬਾ ਟੇਕ ਸਿੰਘ ਨੇ ਇੱਕ ਸਾਲ ਵਿਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜੋ ਮਿਸਾਲ ਪੇਸ਼ ਕੀਤੀ ਹੈ, ਉਹ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਦੇ ਸੁਲਝੇ ਹੋਏ ਪੰਥਕ ਵਿਚਾਰਾਂ ਨੇ ਸਿੱਖ ਸਿਆਸਤ ਅਤੇ ਧਰਮ ਦੇ ਖੇਤਰ ਵਿਚ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ | ਸਮਾਗਮ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸਿੰਘ ਸਾਹਿਬ ਦਾ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਪ੍ਰਸ਼ਾਸਨ ਵਲੋਂ ਐੱਸ.ਡੀ.ਐੱਮ ਤਲਵੰਡੀ ਸਾਬੋ ਰਾਜੇਸ਼ ਸ਼ਰਮਾ, ਡੀ.ਐੱਸ.ਪੀ ਹਰਪ੍ਰੀਤ ਸਿੰਘ ਨੇ ਹਾਜ਼ਰੀ ਭਰੀ ਜਦੋਂਕਿ ਭਾਈ ਮੇਜਰ ਸਿੰਘ ਅੰਤਿ੍ਗ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਤਖਤ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ, ਗੁ: ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ, ਬੁੱਢਾ ਦਲ ਵਲੋਂ ਬਾਬਾ ਬਲਦੇਵ ਸਿੰਘ ਢੋਡੀਵਿੰਡੀਆ ਤੇ ਭਾਈ ਦਲੇਰ ਸਿੰਘ, ਬਾਬਾ ਪ੍ਰੀਤਮ ਸਿੰਘ ਮੱਲੜੀ, ਗਿਆਨੀ ਜਗਤਾਰ ਸਿੰਘ ਕੀਰਤਪੁਰੀ ਮੁੱਖ ਕਥਾਵਾਚਕ, ਵਧੀਕ ਮੈਨੇਜਰ ਗੁਰਦੇਵ ਸਿੰਘ, ਮੀਤ ਮੈਨੇਜਰ ਗੁਰਸੇਵਕ ਸਿੰਘ ਕਿੰਗਰਾ, ਮਨਦੀਪ ਸਿੰਘ ਮਾਖਾ, ਭੋਲਾ ਸਿੰਘ ਇੰਚਾਰਜ ਸਬ ਆਫ਼ਿਸ ਧਰਮ ਪ੍ਰਚਾਰ, ਭਾਈ ਰਵਿੰਦਰ ਸਿੰਘ ਖ਼ਾਲਸਾ ਪਿ੍ੰਸੀਪਲ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਗਿਆਨੀ ਆਲਮ ਸਿੰਘ ਕਥਾਵਾਚਕ, ਅਮਰੀਕ ਸਿੰਘ ਡਸਕਾ ਸਹਾਇਕ ਇੰਚਾਰਜ, ਐਡਵੋਕੇਟ ਸਤਿੰਦਰ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ, ਅਕਾਲੀ ਦਲ ਵਲੋਂ ਜਸਵਿੰਦਰ ਸਿੰਘ ਜ਼ੈਲਦਾਰ, ਭਿੰਦਾ ਸਿੰਘ ਜੱਜਲ, ਹਰਤਾਬਲ ਸਿੰਘ ਸੁੱਖੀ, ਮਨਜੀਤ ਸਿੰਘ ਭਾਗੀਵਾਂਦਰ, ਠਾਣਾ ਸਿੰਘ ਚੱਠਾ ਆਦਿ ਸ਼ਖ਼ਸੀਅਤਾਂ ਵੀ ਮੌਜੂਦ ਸਨ |