ਤਲਵੰਡੀ ਸਾਬੋ, 12 ਅਪ੍ਰੈਲ (ਰਣਜੀਤ ਸਿੰਘ ਰਾਜੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 'ਡਾਇਰੈਕਟੋਰੇਟ ਆਫ਼ ਐਜੂਕੇਸ਼ਨ' ਵਲੋਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਾਲਵਾ ਖੇਤਰ ਦੇ ਦਰਜਨਾਂ ਸਕੂਲਾਂ ਅਤੇ ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਗੁਰੂ ਕੀ ਨਗਰੀ ਨੂੰ ਖ਼ਾਲਸਈ ਰੰਗ ਵਿਚ ਰੰਗ ਦਿੱਤਾ | ਸਮਾਗਮ ਵਿਚ ਉਚੇਚੇ ਤੌਰ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸ਼ਿਰਕਤ ਕੀਤੀ | ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵਿਦਿਆਰਥੀਆਂ ਦੇ ਜਜ਼ਬੇ ਨੂੰ ਵੇਖਦਿਆਂ ਕਿਹਾ ਕਿ 'ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਮਨੁੱਖਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਇਆ ਸੀ | ਅੱਜ ਸਾਡੇ ਵਿੱਦਿਅਕ ਅਦਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਉਸ ਮਹਾਨ ਵਿਰਸੇ ਦਾ ਵਾਰਸ ਵੀ ਬਣਾਉਣ |' ਇਸ ਮੌਕੇ ਵਿੱਦਿਅਕ ਅਦਾਰਿਆਂ ਵਲੋਂ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ | ਜਿਸ ਵਿਚ ਵਿਦਿਆਰਥੀਆਂ ਨੇ ਆਪਣਾ ਹੁਨਰ ਰੂਪਮਾਨ ਕੀਤਾ | ਇਸ ਬਾਰੇ ਸਿੰਘ ਸਾਹਿਬ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਨੇ ਕੇਵਲ ਇਤਿਹਾਸ ਪੜਿ੍ਹਆ ਹੀ ਨਹੀਂ, ਸਗੋਂ ਉਸ ਨੂੰ ਆਪਣੇ ਹੱਥਾਂ ਦੀ ਕਲਾ ਰਾਹੀਂ ਜੀਵੰਤ ਕਰ ਦਿੱਤਾ ਹੈ | ਪ੍ਰਦਰਸ਼ਨੀ ਵਿਚ ਰੱਖੇ ਗਏ ਪੁਰਾਤਨ ਸ਼ਸਤਰਾਂ ਦੇ ਮਾਡਲ, ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਚਿੱਤਰ ਇਹ ਸਾਬਤ ਕਰਦੇ ਹਨ ਕਿ ਸਾਡੀ ਨਵੀਂ ਪੀੜ੍ਹੀ ਆਪਣੇ ਅਮੀਰ ਵਿਰਸੇ ਨਾਲ ਕਿੰਨੀ ਗੂੜ੍ਹੀ ਜੁੜੀ ਹੋਈ ਹੈ | ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਝੱਬਰ ਅੰਤਿ੍ੰਗ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ, ਮੋਹਨ ਸਿੰਘ ਬੰਗੀ, ਪਰਮਜੀਤ ਸਿੰਘ ਖ਼ਾਲਸਾ ਤੇ ਗੁਰਮੀਤ ਸਿੰਘ ਬੂਹ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ''ਅਜੋਕੇ ਪੱਛਮੀ ਪ੍ਰਭਾਵ ਅਤੇ ਨਸ਼ਿਆਂ ਦੇ ਦੌਰ ਵਿਚ ਅਜਿਹੇ ਗੁਰਮਤਿ ਸਮਾਗਮ ਨੌਜਵਾਨੀ ਲਈ ਇੱਕ ਚਾਨਣ ਮੁਨਾਰਾ ਹਨ | ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਗਤਕਾ ਅਤੇ ਢਾਡੀ ਵਾਰਾਂ ਇਹ ਦਰਸਾਉਂਦੀਆਂ ਹਨ ਕਿ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ 'ਸ਼ਸਤਰ ਅਤੇ ਸ਼ਾਸਤਰ' ਦਾ ਸੁਮੇਲ ਅੱਜ ਵੀ ਬਰਕਰਾਰ ਹੈ |'' ਸ਼੍ਰੋਮਣੀ ਕਮੇਟੀ ਦੇ ਵਿਦਿਆ ਸਕੱਤਰ ਸੁਖਮਿੰਦਰ ਸਿੰਘ ਨੇ ਸਮਾਗਮ ਦੀ ਰੂਪ-ਰੇਖਾ 'ਤੇ ਚਰਚਾ ਕਰਦਿਆਂ ਕਿਹਾ ਕਿ 'ਡਾਇਰੈਕਟੋਰੇਟ ਆਫ਼ ਐਜੂਕੇਸ਼ਨ' ਦਾ ਟੀਚਾ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਵੱਡੇ ਮੰਚ ਮੁਹੱਈਆ ਕਰਵਾਏ ਜਾਂਦੇ ਰਹਿਣਗੇ | ਇਸ ਮੌਕੇ ਤਖਤ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ, ਗੁਰਦੇਵ ਸਿੰਘ ਵਧੀਕ ਮੈਨੇਜਰ, ਗੁਰਸੇਵਕ ਸਿੰਘ ਕਿੰਗਰਾ, ਮਨਦੀਪ ਸਿੰਘ ਮੈਨੇਜਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦਾ ਸਮੁੱਚਾ ਸਟਾਫ਼ ਅਤੇ ਸਮੂਹ ਕਾਲਜ ਅਤੇ ਸਕੂਲਾਂ ਦੇ ਪਿ੍ੰਸੀਪਲ ਸ਼ਾਮਲ ਸਨ |