ਬਠਿੰਡਾ, 14 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਅੰਦਰ ਸਰਕਾਰੀ ਸਕੂਲਾਂ ਦੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ 'ਚ ਹੀ ਸਰਕਾਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਕਰ ਦਿੱਤਾ ਹੈ, ਕਿਉਂਕਿ ਜ਼ਿਆਦਾਤਰ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਦੇ ਕੰਮ 'ਚ ਉਲਝਾ ਦਿੱਤਾ ਹੈ | ਜਦਕਿ ਬਤੌਰ ਬੀ.ਐਲ.ਓ. ਕੰਮ ਕਰਦੇ ਅਧਿਆਪਕਾਂ ਨੂੰ ਐੱਸ.ਆਈ.ਆਰ. ਸਰਵੇ ਕਰਨ ਲਈ ਪਹਿਲਾਂ ਹੀ ਸਕੂਲਾਂ ਤੋਂ ਬਾਹਰ ਕੀਤਾ ਹੋਇਆ ਹੈ | ਇਸ ਕਾਰਨ ਸੈਸ਼ਨ ਦੇ ਮੁੱਢਲੇ ਦੌਰ 'ਚ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ | ਇਸ ਸੰਬੰਧੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਤੋਂ 5 ਮਈ ਤੱਕ ਮਰਦਮਸ਼ੁਮਾਰੀ ਦੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਚੱਲੇਗੀ ਅਤੇ 15 ਮਈ ਤੋਂ 13 ਜੂਨ ਤੱਕ ਮਰਦਮਸ਼ੁਮਾਰੀ ਦੇ ਪਹਿਲੇ ਪੜਾ 'ਚ ਵੱਡੀ ਗਿਣਤੀ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਹੈ | ਇਹ ਪ੍ਰਕਿਰਿਆ 31 ਮਾਰਚ 2027 ਤੱਕ ਚੱਲਣੀ ਹੈ, ਜਿਸ ਕਾਰਨ ਪੂਰੇ ਵਿੱਦਿਅਕ ਸੈਸ਼ਨ ਵਿਚ ਅਧਿਆਪਕ ਸਕੂਲਾਂ ਤੋਂ ਬਾਹਰ ਕੱਢ ਲਏ ਜਾਣਗੇ | ਇਸ ਤੋਂ ਪਹਿਲਾਂ ਬੀ.ਐਲ.ਓ. ਅਧਿਆਪਕਾਂ ਨੂੰ ਐੱਸ.ਆਈ.ਆਰ. ਸਰਵੇ ਲਈ ਵੋਟਾਂ ਦੀ ਸੁਧਾਈ ਅਤੇ ਵੋਟਾਂ ਬਣਾਉਣ ਦੇ ਕੰਮਾਂ 'ਚ ਲਗਾਇਆ ਹੋਇਆ | ਬਲਾਕ ਪ੍ਰਧਾਨ ਭੋਲਾ ਰਾਮ, ਕੁਲਵਿੰਦਰ ਵਿਰਕ, ਭੁਪਿੰਦਰ ਮਾਈਸਰਖਾਨਾ, ਰਾਜਵਿੰਦਰ ਜਲਾਲ, ਵਿਕਾਸ ਗਰਗ ਤੇ ਬਲਕਰਨ ਕੋਟਸ਼ਮੀਰ, ਗੁਰਪ੍ਰੀਤ ਖੇਮੂਆਣਾ, ਜਗਦੀਪ ਮਾਨ, ਅਨਿਲ ਭੱਟ, ਦਰਸ਼ਨ ਭਗਤਾ, ਰਣਦੀਪ ਕੌਰ ਖ਼ਾਲਸਾ ਅਤੇ ਬਲਜਿੰਦਰ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਰਦਮਸ਼ੁਮਾਰੀ ਦੇ ਕੰਮ 'ਚ ਸਾਰੇ ਵਿਭਾਗਾਂ ਦੀਆਂ ਡਿਊਟੀਆਂ ਅਨੁਪਾਤ ਦੇ ਅਨੁਸਾਰ ਲਗਾਈਆਂ ਜਾਣ, ਸੰਭਵ ਹੋ ਸਕੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇ |