ਬਠਿੰਡਾ, 14 ਅਪ੍ਰੈਲ (ਸ.ਰ.)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਬਠਿੰਡਾ ਜ਼ਿਲ੍ਹੇ ਦੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ¢ ਇਸੇ ਕੜੀ ਤਹਿਤ ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ ਬਠਿੰਡਾ ਦੇ ਹੋਣਹਾਰ ਵਿਦਿਆਰਥੀ 'ਗੋਲੂ' ਜਿਸ ਨੇ ਬਠਿੰਡਾ ਜ਼ਿਲ੍ਹੇ ਵਿਚੋਂ ਪਹਿਲਾ ਅਤੇ ਪੰਜਾਬ ਭਰ 'ਚੋ 5ਵਾਂ ਰੈਂਕ ਹਾਸਲ ਕੀਤਾ, ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਉਸ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਮਮਤਾ ਖੁਰਾਣਾ ਸੇਠੀ ਨੇ ਸਕੂਲ ਵਿਚ ਪਹੁੰਚ ਕੇ ਸਨਮਾਨਿਤ ਕੀਤਾ¢ ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕਮਲਜੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਵੀ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ¢ ਸਕੂਲ ਵਲੋਂ ਗੋਲੂ ਨੂੰ ਸਨਮਾਨ ਦੇ ਤੌਰ 'ਤੇ ਸਾਈਕਲ, ਟਰਾਫ਼ੀ ਦੇ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ¢ ਵਿਦਿਆਰਥੀ ਗੋਲੂ ਨੇ ਆਪਣੀ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਭਵਿੱਖ ਵਿਚ ਡਾਕਟਰ ਬਣਨਾ ਚਾਹੁੰਦਾ ਹੈ ਅਤੇ ਇਸ ਸਫ਼ਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੰਦਾ ਹੈ¢ ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵੀ ਵਿਦਿਆਰਥੀ ਨੂੰ ਮੁਬਾਰਕਵਾਦ ਦਿੱਤੀ ਅਤੇ ਭਵਿੱਖ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ¢ ਜ਼ਿਲ੍ਹਾ ਸਿੱਖਿਆ ਦਫ਼ਤਰ ਦੀ ਟੀਮ ਦੇ ਮੈਂਬਰ ਮਹਿੰਦਰ ਪਾਲ ਅਤੇ ਅਨੀਤਾ (ਕੰਪਿਊਟਰ ਫੈਕਲਟੀ) ਨੇ ਵੀ ਵਿਦਿਆਰਥੀ, ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ¢