ਬਠਿੰਡਾ, 21 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ): ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦੇ ਜਨਮ ਉਤਸਵ ਦੇ ਪਾਵਨ ਮੌਕੇ 'ਤੇ ਦੁਰਗਾ ਮੰਦਰ ਕੈਨਾਲ ਕਾਲੋਨੀ ਵਿਖੇ ਬ੍ਰਾਹਮਣ ਸਮਾਜ ਵਲੋਂ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਅਗਵਾਈ ਮੰਦਰ ਦੇ ਪ੍ਰਧਾਨ ਪੁਰਸ਼ੋਤਮ ਸ਼ਰਮਾ ਅਤੇ ਸੰਜੀਵ ਕੁਮਾਰ ਸ਼ਰਮਾ ਵਲੋਂ ਕੀਤੀ ਗਈ | ਪ੍ਰੋਗਰਾਮ ਦੌਰਾਨ ਧਾਰਮਿਕ ਭਾਵਨਾ, ਸ਼ਰਧਾ ਅਤੇ ਸਮਾਜਿਕ ਏਕਤਾ ਦਾ ਸੁੰਦਰ ਮਿਲਾਪ ਵੇਖਣ ਨੂੰ ਮਿਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸ਼ਿਰਕਤ ਕੀਤੀ | ਬ੍ਰਾਹਮਣ ਸਮਾਜ ਦੇ ਮੈਂਬਰਾਂ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ | ਸਰੂਪ ਚੰਦ ਸਿੰਗਲਾ ਨੇ ਭਗਵਾਨ ਪਰਸ਼ੁਰਾਮ ਜੀ ਦੀ ਮੂਰਤੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਦੇਸ਼ ਤੇ ਸਮਾਜ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਸਿੰਗਲਾ ਨੇ ਕਿਹਾ ਕਿ ਭਗਵਾਨ ਪਰਸ਼ੁਰਾਮ ਜੀ ਸਿਰਫ਼ ਮਹਾਨ ਯੋਧਾ ਹੀ ਨਹੀਂ, ਸਗੋਂ ਸੱਚ, ਧਰਮ ਅਤੇ ਨਿਆਂ ਦੇ ਪ੍ਰਤੀਕ ਹਨ | ਉਨ੍ਹਾਂ ਦਾ ਜੀਵਨ ਸਾਨੂੰ ਅਨਿਆਇ ਦੇ ਖ਼ਿਲਾਫ਼ ਖੜ੍ਹੇ ਹੋਣ ਅਤੇ ਸਮਾਜ ਵਿਚ ਧਰਮ ਦੀ ਸਥਾਪਨਾ ਕਰਨ ਲਈ ਪ੍ਰੇਰਿਤ ਕਰਦਾ ਹੈ | ਉਨ੍ਹਾਂ ਨੇ ਬ੍ਰਾਹਮਣ ਸਮਾਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਮਾਜ ਹਮੇਸ਼ਾ ਸਿੱਖਿਆ, ਸਭਿਆਚਾਰ ਅਤੇ ਨੈਤਿਕ ਮੁੱਲਾਂ ਦੀ ਰੱਖਿਆ ਵਿਚ ਅੱਗੇ ਰਿਹਾ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਿਤੇਂਦਰ ਜੋਗੀ ਅਤੇ ਪੂਰਬੀ ਮੰਡਲ ਤੋਂ ਸੁਰੇਂਦਰ ਨੈੱਯਰ ਵੀ ਹਾਜ਼ਰ ਸਨ | ਸਮਾਗਮ ਵਿਚ ਬ੍ਰਾਹਮਣ ਸਮਾਜ ਦੇ ਹਰਵਿੰਦਰ ਸ਼ਰਮਾ, ਅੰਕੁਸ਼ ਸ਼ਰਮਾ, ਸੁਰੇਂਦਰ ਸ਼ਰਮਾ, ਅਸ਼ਵਨੀ ਸ਼ਰਮਾ, ਮਨਪ੍ਰੀਤ ਸ਼ਰਮਾ, ਗਗਨ ਸ਼ਰਮਾ, ਮਾਧਵ ਸ਼ਰਮਾ, ਸਾਬਕਾ ਕੌਂਸਲਰ ਹਰਵਿੰਦਰ ਸ਼ਰਮਾ, ਵਿਜੈ ਸ਼ਰਮਾ ਉਰਫ਼ ਬਿੱਲਾ, ਸੁਭਾਸ਼ ਸ਼ਰਮਾ, ਕੁਲਦੀਪ ਸ਼ਰਮਾ, ਗਣੇਸ਼ ਦੱਤ ਸਮੇਤ ਕਈ ਹਸਤੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਅੰਤ ਵਿਚ ਸਾਰੇ ਸ਼ਰਧਾਲੂਆਂ ਨੇ ਭਗਵਾਨ ਪਰਸ਼ੁਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮਾਜ ਵਿਚ ਭਾਈਚਾਰੇ ਅਤੇ ਸਾਂਝੀਵਾਲਤਾ ਨੂੰ ਕਾਇਮ ਰੱਖਣ ਦਾ ਸੰਕਲਪ ਲਿਆ |