ਬਠਿੰਡਾ, 21 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਰਵਨੀਤ ਕੌਰ ਵਲੋਂ ਦੱਸਿਆ ਗਿਆ ਕਿ ਅੱਜ ਸਵੇਰੇ ਲਗਭਗ 2 ਵਜੇ ਟਰੇਨ ਨੰਬਰ 15910 (ਲਾਲਗੜ੍ਹ-ਦਿਬੁਰਗੜ੍ਹ) ਵਿਚ ਰੇਲਵੇ ਸਟੇਸ਼ਨ ਬਠਿੰਡਾ ਤੋਂ ਦੋ ਲੜਕੀਆਂ, ਜਿਨ੍ਹਾਂ ਦੀ ਉਮਰ ਕਰੀਬ 4 ਸਾਲ ਅਤੇ 2 ਸਾਲ ਹੈ, ਲਾਵਾਰਿਸ ਹਾਲਤ ਵਿਚ ਮਿਲੀਆਂ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਉਕਤ ਬੱਚਿਆਂ ਸਬੰਧੀ ਆਰ.ਪੀ.ਐਫ ਵਿਖੇ ਡੀ.ਡੀ.ਆਰ ਦਰਜ ਕਰਵਾਈ ਗਈ ਹੈ ਅਤੇ ਬਾਲ ਭਲਾਈ ਕਮੇਟੀ ਦੇ ਹੁਕਮਾਂ ਤਹਿਤ ਬੱਚਿਆਂ ਨੂੰ ਸ਼੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਸੁਰੱਖਿਅਤ ਤੌਰ 'ਤੇ ਭੇਜਿਆ ਗਿਆ ਹੈ | ਕਾਉਂਸਲਿੰਗ ਦੌਰਾਨ ਬੱਚਿਆਂ ਵਲੋਂ ਦੱਸਿਆ ਗਿਆ ਕਿ ਇਕ ਬੱਚੀ ਦਾ ਨਾਮ ਸਕੀਨਾ ਹੈ ਜਦਕਿ ਦੂਜੀ ਬੱਚੀ ਨੂੰ ਬਾਬੂ ਕਿਹਾ ਜਾਂਦਾ ਹੈ | ਬੱਚਿਆਂ ਨੇ ਆਪਣੇ ਪਿਤਾ ਦਾ ਨਾਮ ਮਹੰਮਦ ਤਾਫ਼ੀਕ ਅਤੇ ਪਤਾ ਸੂਰਤਗੜ੍ਹ ਦੱਸਿਆ ਹੈ | ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਬੱਚਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਦੂਜੀ ਮੰਜ਼ਿਲ, ਕਮਰਾ ਨੰਬਰ 313-ਐਮ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਨਾਲ ਸੰਪਰਕ ਕਰ ਸਕਦਾ ਹੈ |
2 ਬੱਚੀਆਂ ਰੇਲਵੇ ਸਟੇਸ਼ਨ ਬਠਿੰਡਾ ਤੋਂ ਲਾਵਾਰਿਸ ਹਾਲਤ 'ਚ ਮਿਲੀਆਂ <br/>
ਅਜੀਤ ਡੈਸਕ
22-04-2026