ਤਲਵੰਡੀ ਸਾਬੋ, 24 ਅਪ੍ਰੈਲ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)-ਉਦਯੋਗਿਕ ਅਤੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਮੇਂ ਦੇ ਹਾਣ ਦਾ ਬਣਾਉਣ ਲਈ ਸਾਈਬਰ ਸੁਰੱਖਿਆ ਆਧਰਿਤ ਬੀ.ਟੈਕ. ਐਂਡ ਬੀ.ਸੀ.ਏ. ਪ੍ਰੋਗਰਾਮ ਸ਼ੁਰੂ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਐਲ.ਐਂਡ.ਟੀ. ਐਜ਼ੂਟੈਕ ਵਲੋਂ ਦੁਵੱਲਾ ਸਮੌਝਤਾ ਸਹੀਬੱਧ ਕੀਤਾ ਗਿਆ | ਇਹ ਸਮੌਝਤਾ ਜੀ.ਕੇ.ਯੂ. ਵਲੋਂ ਚਾਂਸਲਰ ਗੁਰਲਾਭ ਸਿੰਘ ਸਿੱਧੂ, ਪ੍ਰੋ: ਵਾਇਸ ਚਾਂਸਲਰ ਡਾ: ਪੀਯੂਸ਼ ਵਰਮਾ ਅਤੇ ਐਲ.ਐਂਡ.ਟੀ. ਐਜੂਟੈਕ ਵਲੋਂ ਡਾ: ਪਰਵੀਨ ਦੁਆਰਾ ਹਸਤਾਖਾਰਿਤ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਇੰਜੀ. ਸੁਖਵਿੰਦਰ ਸਿੰਘ, ਡੀਨ ਅਕਾਦਮਿਕ ਡਾ: ਜਾਵੇਦ ਅਹਿਮਦ ਖਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮੌਝਤੇ ਬਾਰੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਸਿੱਧੂ ਨੇ ਕਿਹਾ ਕਿ ਉਦਯੋਗਾਂ ਦੀ ਲੋੜ ਅਨੁਸਾਰ ਪਾਠਕ੍ਰਮ ਡਿਜ਼ਾਇਨ ਕਰਨ ਲਈ ਵਿੱਦਿਅਕ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਹੋਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਹ ਸਮੌਝਤਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਹੁਨਰ ਕਾਰਨ ਰੁਜ਼ਗਾਰ ਹਾਸਿਲ ਕਰਨ ਵਿੱਚ ਸਹਾਈ ਹੋਵੇਗਾ | ਡਾ. ਵਰਮਾ ਨੇ ਸਮੌਝਤੇ ਨੂੰ ਅਕਾਦਮਿਕ ਅਤੇ ਉਦਯੋਗਿਕ ਖੇਤਰ ਦੇ ਪਾੜੇ ਨੂੰ ਪੂਰਨ ਦਾ ਇੱਕ ਲਾਭਦਾਇਕ ਸਾਧਨ ਦੱਸਿਆ | ਯੂਨੀਵਰਸਿਟੀ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ, ਉਹਨਾਂ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ | ਡੀਨ ਅਕਾਦਮਿਕ ਡਾ. ਖਾਨ ਨੇ ਕਿਹਾ ਕਿ 'ਵਰਸਿਟੀ ਅਕਾਦਮਿਕ ਉਤੱਮਤਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ | ਇਸ ਲਈ ਇਹ ਸਮੌਝਤਾ 'ਵਰਸਿਟੀ ਅਤੇ ਐਲ. ਐਂਡ.ਟੀ. ਐਜ਼ੂਟੈਕ ਵਲੋਂ ਅਕਾਦਮਿਕ ਉੱਚ ਗੁਣਵੱਤਾ ਨੂੰ ਅਗਾਂਹ ਵੱਲ ਲੈ ਕੇ ਜਾਏਗਾ, ਜੋ ਵਿਦਿਆਰਥੀਆਂ ਲਈ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰੇਗਾ | ਐੱਲ.ਐਂਡ.ਟੀ. ਦੇ ਪ੍ਰਤੀਨਿਧੀਆਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਾਈਬਰ ਸੁਰੱਖਿਆ ਆਧੁਨਿਕ ਡਿਜ਼ੀਟਲ ਦੁਨੀਆਂ ਲਈ ਵੱਡੀ ਚੁਣੌਤੀ ਹੈ | ਇਸ ਲਈ ਦੋਹਾਂ ਧਿਰਾਂ ਵਲੋਂ ਕੀਤਾ ਗਿਆ ਇਹ ਸਮੌਝਤਾ ਇਸ ਖੇਤਰ ਵਿਚ ਨਵੇਂ ਰਾਹ ਖੋਲੇਗਾ | ਉਨ੍ਹਾਂ ਇਸ ਨੂੰ ਅਗਾਂਹਵਧੂ ਪਹਿਲ ਕਦਮੀ ਦੱਸਦੇ ਹੋਏ ਕਿਹਾ ਕਿ ਵਿਦਿਆਰਥੀ ਇਸ ਖੇਤਰ ਵਿਚ ਕੈਰੀਅਰ ਤਿਆਰ ਕਰ ਸਕਦੇ ਹਨ |