ਬਠਿੰਡਾ, 8 ਮਈ (ਸਿਵੀਆਂ)- ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਾਲ 2026 ਦੀ ਜਨਗਣਨਾ ਲਈ ਜਾਰੀ ਕੀਤੇ ਗਏ ਆਨਲਾਈਨ ਪਰਫਾਰਮੇ ਨੂੰ ਲੈ ਕੇ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ¢ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉੱਪ-ਪ੍ਰਧਾਨ ਦੀਵਾਨ ਸਿੰਘ ਡਿੱਖ ਨੇ ਇਸ ਵਰਤਾਰੇ ਦੀ ਸਖ਼ਤ ਨਿੰਦਾ ਕਰਦਿਆਂ ਇਹ ਸ਼ਬਦ ਪ੍ਰੋਫਾਰਮੇ 'ਚੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ | ਡਿੱਖ ਨੇ ਕਿਹਾ ਕਿ ਅਜਿਹੇ ਸ਼ਬਦ ਦੀ ਵਰਤੋਂ ਕਰਨਾ ਐਸ.ਸੀ./ਐਸ.ਟੀ. ਐਕਟ 1989 ਦੀ ਸਿੱਧੀ ਉਲੰਘਣਾ ਹੈ¢ ਕਾਨੂੰਨ ਮੁਤਾਬਿਕ ਅਜਿਹੇ ਸ਼ਬਦ ਵਰਤਣ ਵਾਲੇ ਖ਼ਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ, ਪਰ ਇੱਥੇ ਸਰਕਾਰਾਂ ਖ਼ੁਦ ਇਸ ਦੀ ਵਰਤੋਂ ਕਰ ਰਹੀਆਂ ਹਨ | ਉਨ੍ਹਾਂ ਯਾਦ ਕਰਵਾਇਆ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਨੂੰ 'ਰੰਘਰੇਟੇ ਗੁਰੂ ਕੇ ਬੇਟੇ' ਕਹਿ ਕੇ ਆਪਣੀ ਛਾਤੀ ਨਾਲ ਲਗਾਇਆ ਸੀ¢ ਸਰਕਾਰਾਂ ਅਜਿਹੇ ਸ਼ਬਦ ਵਰਤ ਕੇ ਗੁਰੂ ਸਾਹਿਬ ਵਲੋਂ ਬਖ਼ਸ਼ੇ ਮਾਣ-ਸਤਿਕਾਰ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ 2011 ਦੀ ਜਨਗਣਨਾ ਵਿਚ 'ਮਜ਼੍ਹਬੀ ਸਿੱਖ' ਸ਼ਬਦ ਦੀ ਵਰਤੋਂ ਕੀਤੀ ਗਈ ਸੀ, ਪਰ ਹੁਣ ਅਜਿਹੀ ਤਬਦੀਲੀ ਸਾਬਤ ਕਰਦੀ ਹੈ ਕਿ ਮੌਜੂਦਾ ਸਰਕਾਰਾਂ ਦਲਿਤ ਵਿਰੋਧੀ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਆਨਲਾਈਨ ਪਰਫਾਰਮੇ ਵਿਚ ਸੋਧ ਨਾ ਕੀਤੀ, ਤਾਂ ਮਜ਼੍ਹਬੀ ਸਿੱਖ ਭਾਈਚਾਰਾ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਸੱਤਾਧਾਰੀ ਧਿਰ ਦਾ ਬਾਈਕਾਟ ਕੀਤਾ ਜਾਵੇਗਾ |