ਮਾਨਸਾ, 8 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਸੂਬਾ ਸਰਕਾਰ ਵਲੋਂ ਗੁਰੂ ਰਵਿਦਾਸ ਦਾ 650ਵਾਂ ਜਨਮ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਦੌਰਾਨ ਗੁਰੂ ਰਵਿਦਾਸ ਨੂੰ ਸਮਰਪਿਤ ਪੂਰੇ ਸਾਲ ਚੱਲਣ ਵਾਲੇ ਵੱਖ-ਵੱਖ ਸਮਾਗਮਾਂ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਿ੍ਤਾ ਜੌਹਲ ਨੇ ਇੱਥੇ ਮੀਟਿੰਗ ਕਰਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਸਮਾਗਮਾਂ ਦੌਰਾਨ 6 ਲੱਖ 50 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਹ ਬੂਟੇ ਜੰਗਲਾਤ ਵਿਭਾਗ ਵਲੋਂ ਮੁਫ਼ਤ ਮੁਹੱਈਆ ਕਰਵਾਏ ਜਾਣਗੇ | ਉਨ੍ਹਾਂ ਜੰਗਲਾਤ ਅਫ਼ਸਰ ਨੂੰ ਬੂਟਿਆਂ ਅਤੇ ਨਰਸਰੀਆਂ ਸੰਬੰਧੀ ਜਾਣਕਾਰੀ ਸਮੂਹ ਵਿਭਾਗਾਂ ਨਾਲ ਸਾਂਝੀ ਕਰਨ ਲਈ ਕਿਹਾ | ਉਨ੍ਹਾਂ ਸਮੂਹ ਵਿਭਾਗਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵਾਤਾਵਰਨ ਸੰਭਾਲ 'ਚ ਸਮੂਹਿਕ ਤੌਰ 'ਤੇ ਯੋਗਦਾਨ ਪਾਇਆ ਜਾ ਸਕੇ | ਇਸ ਮੌਕੇ ਵਣ ਮੰਡਲ ਅਫ਼ਸਰ ਪਵਨ ਸ੍ਰੀਧਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਨੀਲਮ ਰਾਣੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਮੰਜੂ ਬਾਲਾ, ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਹਰਜਿੰਦਰ ਕੌਰ ਆਦਿ ਹਾਜ਼ਰ ਸਨ |