ਤਲਵੰਡੀ ਸਾਬੋ, 9 ਜੂਨ (ਰਵਜੋਤ ਸਿੰਘ ਰਾਹੀ)-ਜਲਵਾਯੂ ਪਰਿਵਰਤਨ ਕਾਰਨ ਵਧ ਰਹੀਆਂ ਚੁਣੌਤੀਆਂ, ਵਾਤਾਵਰਣ ਦੀ ਰੱਖਿਆ ਅਤੇ ਟਿਕਾਊ ਭਵਿੱਖ ਨੂੰ ਯਕੀਨੀ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ, ਐਨ.ਐਸ.ਐਸ. ਵਿਭਾਗ ਵਲੋਂ ਫੈਕਲਟੀ ਆਫ਼ ਐਗਰੀਕਲਚਰ ਅਤੇ ਐਨ.ਸੀ.ਸੀ. ਯੂਨਿਟ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਮੌਕੇ ਸੈਮੀਨਾਰ ਕਰਵਾਇਆ | ਜਿਸ 'ਚ ਵਾਇਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਨੇ ਬਤੌਰ ਮੁੱਖ ਮਹਿਮਾਨ ਅਤੇ ਸੈਮੀਨਾਰ ਦੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰੋ. ਵਾਈਸ ਚਾਂਸਲਰ (ਡਾ.) ਜਗਤਾਰ ਸਿੰਘ ਧੀਮਾਨ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਖੇਤੀਬਾੜੀ ਮਾਹਿਰ ਵਜੋਂ ਵਿਚਾਰ ਸਾਂਝੇ ਕੀਤੇ | ਸੈਮੀਨਾਰ ਉਪਰੰਤ ਪਤਵੰਤਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਫ਼ਲਦਾਰ, ਛਾਂਦਾਰ ਬੂਟੇ ਲਗਾਏ ਗਏ | ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਐਕਸਟੈਨਸ਼ਨ ਡਾ. ਜਗਦੀਸ਼ ਗਰੋਵਰ, ਐਨ.ਐਸ.ਐਸ. ਕੁਆਰਡੀਨੇਟਰ ਨਰਿੰਦਰ ਕੌਰ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਅਤੇ ਲਗਭਗ 300 ਵਿਦਿਆਰਥੀ ਹਾਜ਼ਰ ਹੋਏ | ਮੁੱਖ ਬੁਲਾਰੇ ਵਾਈਸ ਚਾਂਸਲਰ ਡਾ. ਸਿੰਘ ਨੇ ਮਨੁੱਖੀ ਭਲਾਈ ਅਤੇ ਟਿਕਾਊ ਵਿਕਾਸ ਲਈ ਸਿਹਤਮੰਦ ਵਾਤਾਵਰਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪਰੋ. ਵਾਇਸ ਚਾਂਸਲਰ ਡਾ: ਧੀਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਦੀਵੀ ਸ਼ਬਦਾਂ 'ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹੱਤ' ਦਾ ਹਵਾਲਾ ਦਿੰਦੇ ਹੋਏ ਮਨੁੱਖਤਾ ਅਤੇ ਕੁਦਰਤ ਦੇ ਪਵਿੱਤਰ ਬੰਧਨ ਨੂੰ ਉਜਾਗਰ ਕੀਤਾ | ਡਾਇਰੈਕਟਰ ਐਕਸਟੈਕਸ਼ਨ ਡਾ. ਗਰੋਵਰ ਨੇ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ 'ਇਕ ਪੇੜ ਮਾਂ ਕੇ ਨਾਮ' ਮੁਹਿੰਮ ਵਿਚ 'ਵਰਸਿਟੀ ਵੰਲਟੀਅਰਾਂ, ਕੈਡਿਟਾਂ ਅਤੇ ਵਿਦਿਆਰਥੀਆਂ ਵਲੋਂ ਪਾਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਵਾਤਾਵਰਣ ਦੀ ਸੰਭਾਲ, ਟਿਕਾਊ ਵਿਕਾਸ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਪ੍ਰਣ ਨਾਲ ਸੈਮੀਨਾਰ ਸਮਾਪਤ ਹੋਇਆ |