ਬਠਿੰਡਾ, 14 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)- ਜਨਤਾ ਨਗਰ ਗਲੀ ਨੰਬਰ-5 ਵਿਖੇ ਇਕ ਗੋਦਾਮ ਵਿਚ ਟੂਟੀਆਂ ਅਤੇ ਹੋਰ ਸਾਮਾਨ ਚੋਰੀ ਕਰਦਾ ਇਕ ਨੌਜਵਾਨ ਨੂੰ ਮੁਹੱਲਾ ਵਾਸੀਆਂ ਵਲੋਂ ਕਾਬੂ ਕੀਤਾ ਗਿਆ ਹੈ | ਜਿਸ ਨੂੰ ਬਾਅਦ 'ਚ ਪੀ.ਸੀ.ਆਰ. ਪੁਲਿਸ ਹਵਾਲੇ ਕੀਤਾ ਗਿਆ ਹੈ | ਇਸ ਮਾਮਲੇ ਸੰਬੰਧੀ ਸਵਰਨ ਸਿੰਘ ਨੇ ਦੱਸਿਆ ਕਿ ਉਸ ਦਾ ਜਨਤਾ ਨਗਰ ਵਿਖੇ ਇਕ ਗੋਦਾਮ ਹੈ | ਗੋਦਾਮ 'ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਜਿਵੇਂ ਹੀ ਉਕਤ ਨੌਜਵਾਨ ਗੋਦਾਮ 'ਚ ਚੋਰੀ ਕਰਨ ਲਈ ਅੰਦਰ ਦਾਖ਼ਲ ਹੋਇਆ ਤਾਂ ਸੀਸੀਟੀਵੀ ਕੈਮਰੇ ਦੀ ਤਸਵੀਰ ਉਸ ਦੇ ਮੋਬਾਈਲ 'ਚ ਪਹੁੰਚ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਗੁਦਾਮ 'ਚ ਪਹੁੰਚ ਕੇ ਮੁਹੱਲਾ ਵਾਸੀਆਂ ਦੀ ਮਦਦ ਨਾਲ ਟੂਟੀਆਂ ਚੋਰੀ ਕਰਦਾ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਗੋਦਾਮ ਵਿਚ ਪਾਣੀ ਵਾਲੀਆਂ ਟੂਟੀਆਂ ਅਤੇ ਹੋਰ ਜ਼ਰੂਰੀ ਸਾਮਾਨ ਚੋਰੀ ਕਰ ਰਿਹਾ ਸੀ | ਟੂਟੀਆਂ ਚੋਰੀ ਕਰਨ ਵਾਲੇ ਦੀ ਪਹਿਚਾਣ ਰਾਜਾ ਵਜੋਂ ਹੋਈ ਹੈ, ਉੱਧਰ ਪੀਸੀਆਰ ਮੁਲਜ਼ਮਾਂ ਦਾ ਕਹਿਣਾ ਹੈ, ਕਿ ਉਨ੍ਹਾਂ ਵਲੋਂ ਉਕਤ ਮੁਲਜ਼ਮ ਨੂੰ ਥਾਣਾ ਕੈਨਾਲ ਕਲੋਨੀ ਪੁਲਿਸ ਹਵਾਲੇ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ |