ਬਠਿੰਡਾ, 14 ਜੂਨ (ਪੱਤਰ ਪ੍ਰੇਰਕ)-ਥਾਣਾ ਥਰਮਲ ਦੀ ਪੁਲਿਸ ਵਲੋਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 14.03 ਗ੍ਰਾਮ ਹੈਰੋਇਨ ਅਤੇ 13.53 ਗ੍ਰਾਮ ਆਈਸ ਡਰੱਗ ਅਤੇ ਕਾਰ ਬਰਾਮਦ ਕਰਦੇ ਹੋਏ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮਾਮਲੇ ਸੰਬੰਧੀ ਐਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਘਨੱਈਆ ਚੌਂਕ ਕੋਲ ਇਕ ਕਾਰ ਨੂੰ ਰੋਕਿਆ ਗਿਆ ਤਾਂ ਕਾਰ 'ਚ ਸਵਾਰ ਇਕ ਵਕੀਲ ਅਤੇ ਮੁਨਸ਼ੀ ਦੇ ਕੋਲੋਂ ਤਲਾਸ਼ੀ ਦੇ ਦੌਰਾਨ 14.03 ਗ੍ਰਾਮ ਹੈਰੋਇਨ ਅਤੇ 13.53 ਗ੍ਰਾਮ ਆਈਸ ਡਰੱਗ ਬਰਾਮਦ ਹੋਈ ਹੈ | ਵਕੀਲ ਦੀ ਪਹਿਚਾਣ ਰੋਹਿਤ ਸ਼ਰਮਾ ਵਾਸੀ ਓਮੈਕਸ ਸਿਟੀ ਅਤੇ ਮੁਨਸ਼ੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਬਲਾਹੜ ਵਿੰਝੂ ਦੇ ਤੌਰ 'ਤੇ ਹੋਈ ਹੈ | ਥਾਣਾ ਥਰਮਲ ਦੇ ਮੁੱਖ ਇੰਸਪੈਕਟਰ ਹਰਜੀਵਨ ਸਿੰਘ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ, ਜਿਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ |