ਮੌੜ ਮੰਡੀ, 22 ਜੂਨ (ਗੁਰਜੀਤ ਸਿੰਘ ਕਮਾਲੂ): ਡਾਇਰੈਕਟਰ ਯੁਵਕ ਸੇਵਾਵਾਂ, ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਰਸਵਤੀ ਗਰੁੱਪ ਆਫ਼ ਕਾਲਜਸ, ਮੌੜ ਮੰਡੀ ਵਿਖੇ ਕਾਲਜ ਦੇ ਚੇਅਰਮੈਨ ਡਾ. ਸਵਰਨ ਪ੍ਰਕਾਸ਼ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਲਈ ਯੋਗ ਅਭਿਆਸ, ਪ੍ਰਾਣਾਯਾਮ, ਧਿਆਨ ਅਤੇ ਸਿਹਤ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੂੰ ਯੋਗ ਦੇ ਮਹੱਤਵ ਬਾਰੇ ਪਾਵਰ ਪੁਆਇੰਟ ਪ੍ਰੇਜ਼ੈਂਟੇਸ਼ਨ ਰਾਹੀਂ ਵੀ ਜਾਣੂ ਕਰਵਾਇਆ ਗਿਆ। ਪ੍ਰੇਜ਼ੈਂਟੇਸ਼ਨ ਵਿਚ ਯੋਗ ਦੇ ਇਤਿਹਾਸ, ਇਸ ਦੀ ਵਿਗਿਆਨਕ ਮਹੱਤਤਾ ਅਤੇ ਰੋਜ਼ਾਨਾ ਜੀਵਨ ਵਿਚ ਇਸ ਦੇ ਲਾਭਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਚੇਅਰਮੈਨ ਡਾ. ਸਵਰਨ ਪ੍ਰਕਾਸ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਵਿਰਾਸਤ ਹੈ ਅਤੇ ਇਹ ਸਰੀਰ, ਮਨ ਅਤੇ ਆਤਮਾ ਨੂੰ ਸੰਤੁਲਿਤ ਰੱਖਣ ਦਾ ਸਭ ਤੋਂ ਵਧੀਆ ਸਾਧਨ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਣਾਅ ਭਰੇ ਜੀਵਨ ਵਿਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਯੋਗ ਨੂੰ ਅਪਣਾਉਣਾ ਚਾਹੀਦਾ ਹੈ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸਵਰਨ ਪ੍ਰਕਾਸ਼, ਵਾਈਸ ਚੇਅਰਮੈਨ ਹਰੀਸ਼ ਗਰਗ, ਪ੍ਰਿੰਸੀਪਲ ਡਾ. ਰਾਜਨ ਸੇਠੀ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਯੋਗ ਅਭਿਆਸ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਯੋਗ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਲਾਭਦਾਇਕ ਹੈ, ਸਗੋਂ ਇਹ ਮਾਨਸਿਕ ਸ਼ਾਂਤੀ ਅਤੇ ਆਤਮਿਕ ਵਿਕਾਸ ਲਈ ਵੀ ਬਹੁਤ ਮਹੱਤਵਪੂਰਨ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਅਹਿਮ ਭੂਮਿਕਾ ਨਿਭਾਈ।
ਸਰਸਵਤੀ ਗਰੁੱਪ ਆਫ਼ ਕਾਲਜ ਮੌੜ ਮੰਡੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅਜੀਤ ਡੈਸਕ
23-06-2026