ਬਠਿੰਡਾ, 22 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੀ ਗਰੀਨ ਸਿਟੀ ਇਲਾਕੇ ’ਚ ਝੁੱਗੀ ਝੋਂਪੜੀਆਂ ਵਿਚ ਰਹਿਣ ਵਾਲੇ ਇਕ ਨੌਜਵਾਨ ਵਲੋਂ ਟੀਚਰ ਕਾਲੋਨੀ ਬਠਿੰਡਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚੋਂ ਪੱਖੇ, ਵਾਟਰ ਕੂਲਰ ਦੋ ਮੋਟਰ, ਏ.ਸੀ ਦੀਆਂ ਪਾਇਪਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਥਰਮਲ ਦੀ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਦੀ ਪਹਿਚਾਣ ਬਬਲੂ ਵਾਸੀ ਗਰੀਨ ਸਿਟੀ ਝੁੱਗੀਆਂ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਨ੍ਹਾਂ ਵਲੋਂ ਮੁਲਜ਼ਮ ਕੋਲ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਹੁਣ ਤੱਕ ਸ਼ਹਿਰ ਵਿਚੋਂ ਕਿੰਨੀਆਂ ਚੋਰੀਆਂ ਕੀਤੀਆਂ ਹਨ ਤੇ ਚੋਰੀ ਕੀਤਾ ਗਿਆ ਸਮਾਨ ਕਿਸ ਵਿਅਕਤੀ ਨੂੰ ਵੇਚਦਾ ਸੀ। ਦੱਸਣਾ ਬਣਦਾ ਹੈ, ਕਿ ਬਠਿੰਡਾ ਸ਼ਹਿਰ ਵਿਚ ਜਿੱਥੇ ਪ੍ਰਵਾਸੀ ਲੋਕਾਂ ਨੇ ਸਰਕਾਰੀ ਥਾਵਾਂ ਉੱਪਰ ਝੁੱਗੀਆਂ ਝੌਂੜੀਆਂ ਬਣਾ ਕੇ ਨਜਾਇਜ਼ ਕਬਜ਼ੇ ਕੀਤੇ ਗਏ ਹਨ। ਉੱਥੇ ਹੀ ਸ਼ਹਿਰ ਦੇ ਸਮਾਜਸੇਵੀਆਂ ਵਲੋਂ ਬਠਿੰਡਾ ਨੂੰ ਝੁੱਗੀਆਂ ਮੁਕਤ ਕਰਨ ਲਈ ਅਭਿਆਨ ਵੀ ਚਲਾਇਆ ਗਿਆ ਹੈ। ਪਰ ਹੁਣ ਝੁੱਗੀ ਝੋਂਪੜੀਆਂ ਵਿਚ ਰਹਿਣ ਵਾਲੇ ਇਕ ਪ੍ਰਵਾਸੀ ਵਲੋਂ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾ ਕੇ ਜ਼ਰੂਰੀ ਸਮਾਨ ਚੋਰੀ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਥਾਣਾ ਥਰਮਲ ਦੇ ਹੈਂਡ ਕਾਂਸਟੇਬਲ ਜਲੌਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਬਲੂ ਕੁਮਾਰ ਵਾਸੀ ਗਰੀਨ ਸਿਟੀ ਝੁੱਗੀਆਂ ਬਠਿੰਡਾ ਨੇ ਟੀਚਰਜ਼ ਕਾਲੋਨੀ ਵਿਖੇ ਬਣੇ ਇਕ ਸਰਕਾਰੀ ਐਲੀਮੈਂਟਰੀ ਸਕੂਲ ’ਚ ਛੁੱਟੀਆਂ ਹੋਣ ਦਾ ਫ਼ਾਇਦਾ ਚੁੱਕਦੇ ਸਕੂਲ ਵਿਚੋਂ 6 ਪੱਖੇ, ਵਾਟਰ ਕੂਲਰ ਦੋ ਮੋਟਰ ਅਤੇ ਏ.ਸੀ ਦੀਆਂ ਪਾਇਪਾਂ ਚੋਰੀ ਕੀਤੀਆਂ ਗਈਆਂ ਸਨ। ਉਨ੍ਹਾਂ ਵਲੋਂ ਮੁਲਜ਼ਮ ਬਬਲੂ ਕੁਮਾਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਝੁੱਗੀਆਂ ਝੌਂੜੀਆਂ ’ਚ ਰਹਿਣ ਵਾਲੇ ਲੋਕਾਂ ਦੀ ਹੋਵੇ ਜਾਂਚ
ਇਸ ਮਾਮਲੇ ਸੰਬੰਧੀ ਸ਼ਹਿਰ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਅਤੇ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਸ਼ਹਿਰ ’ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਚੋਰੀ ਦੇ ਕਈ ਮਾਮਲੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋਣ ਦੇ ਬਾਵਜੂਦ ਅੱਜ ਵੀ ਕਈ ਚੋਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਦੀ ਬਰੀਕੀ ਨਾਲ ਜਾਂਚ ਕਰਕੇ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ, ਕਿ ਉਹ ਕਿੱਥੋਂ ਦੇ ਰਹਿਣ ਵਾਲੇ ਹਨ ਤੇ ਇਸ ਸਰਕਾਰੀ ਥਾਵਾਂ ਉੱਪਰ ਕਿਸ ਦੀ ਸਹਿ ’ਤੇ ਝੁੱਗੀਆਂ ਝੌਂਪੜੀਆਂ ਬਣਾ ਕੇ ਰਹਿ ਰਹੇ ਹਨ। ਇਸ ਨਾਲ ਚੋਰੀ ਦੇ ਮਾਮਲੇ ’ਤੇ ਨਕੇਲ ਪੈ ਸਕਦੀ ਹੈ।
ਝੁੱਗੀ-ਝੌਂਪੜੀ ’ਚ ਰਹਿਣ ਵਾਲੇ ਇਕ ਨੌਜਵਾਨ ਨੇ ਸਰਕਾਰੀ ਸਕੂਲ ’ਚੋਂ ਸਾਮਾਨ ਕੀਤਾ ਚੋਰੀ
ਅਜੀਤ ਡੈਸਕ
23-06-2026