ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ) - ਸਥਾਨਕ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਯ ਯੂਨੀਵਰਸਿਟੀ ਵਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਸਵੇਰੇ 6:00 ਵਜੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੌਰਾਨ ਮੈਟ ਜਿਮ ਦੀ ਟ੍ਰੇਨਰ ਸ੍ਰੀਮਤੀ ਮਨਦੀਪ ਜੀ ਨੇ ਭਾਗੀਦਾਰਾਂ ਨੂੰ ਜੋਸ਼ ਭਰਪੂਰ ਜ਼ੁੰਬਾ ਡਾਂਸ ਐਕਸਰਸਾਈਜ਼ ਕਰਵਾਈ। ਇਸ ਤੋਂ ਬਾਅਦ ਵੀਨਾ ਗੋਇਲ ਨੇ ਯੋਗ ਅਤੇ ਪ੍ਰਾਣਾਯਾਮ ਦੇ ਵੱਖ-ਵੱਖ ਅਭਿਆਸ ਕਰਵਾਉਂਦਿਆਂ ਉਨ੍ਹਾਂ ਦੇ ਸਿਹਤ ਲਾਭਾਂ ਬਾਰੇ ਜਾਣਕਾਰੀ ਦਿੱਤੀ। ਬੀ.ਕੇ. ਡਾ. ਸ਼ਿਵਾਲੀ (ਐਮ.ਡੀ.) ਦੀਦੀ ਨੇ ਧਿਆਨ (ਮੈਡੀਟੇਸ਼ਨ) ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਾਨਸਿਕ ਸ਼ਾਂਤੀ, ਇਕਾਗਰਤਾ ਅਤੇ ਤਣਾਅ-ਮੁਕਤ ਜੀਵਨ ਲਈ ਧਿਆਨ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਬੀਕੇ ਮਧੂ ਦੀਦੀ ਨੇ ਭਾਗੀਦਾਰਾਂ ਨੂੰ ਨਿਊਰੋਬਿਕਸ (ਦਿਮਾਗ਼ੀ ਕਸਰਤ) ਦੇ ਵੱਖ-ਵੱਖ ਅਭਿਆਸ ਕਰਵਾਏ, ਜਿਸ ਨਾਲ ਯਾਦ-ਸ਼ਕਤੀ ਅਤੇ ਮਾਨਸਿਕ ਸਰਗਰਮੀ ਨੂੰ ਵਧਾਵਾ ਮਿਲਦਾ ਹੈ। ਪ੍ਰੋਗਰਾਮ ਦੀ ਸਮਾਪਤੀ ਮੌਕੇ ਬ੍ਰਹਮਾ ਕੁਮਾਰੀ ਸੰਸਥਾ ਵਲੋਂ ਮੈਟ ਜਿੰਮ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹਾਜ਼ਰ ਲੋਕਾਂ ਨੂੰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਸਰੀਰ ਨੂੰ ਤੰਦਰੁਸਤ ਅਤੇ ਰੋਗ-ਮੁਕਤ ਰੱਖਣ ਲਈ ਯੋਗ ਜ਼ਰੂਰੀ ਹੈ, ਉਸੇ ਤਰ੍ਹਾਂ ਮਨ ਨੂੰ ਸ਼ਾਂਤ, ਸਿਹਤਮੰਦ ਅਤੇ ਸਕਾਰਾਤਮਿਕ ਬਣਾਈ ਰੱਖਣ ਲਈ ਧਿਆਨ ਨੂੰ ਵੀ ਆਪਣੇ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ। ਯੋਗ ਅਤੇ ਧਿਆਨ ਦੇ ਨਿਯਮਿਤ ਅਭਿਆਸ ਨਾਲ ਜੀਵਨ ਵਿੱਚ ਸੁੱਖ, ਸ਼ਾਂਤੀ, ਆਨੰਦ ਅਤੇ ਖ਼ੁਸ਼ਹਾਲੀ ਦਾ ਸੰਚਾਰ ਹੁੰਦਾ ਹੈ।
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ, ਪ੍ਰਾਣਾਯਾਮ, ਧਿਆਨ ਅਤੇ ਨਿਊਰੋਬਿਕਸ ਗਤੀਵਿਧੀਆਂ ਦਾ ਆਯੋਜਨ
ਅਜੀਤ ਡੈਸਕ
23-06-2026