ਭੁੱਚੋ ਮੰਡੀ, 13 ਜੁਲਾਈ (ਬਿੱਕਰ ਸਿੰਘ ਸਿੱਧੂ)- ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਵਲੋਂ ਦਿੱਤੇ ਗਏ ਸੱਦੇ ਤੋਂ ਬਾਅਦ ਭੁੱਚੋ ਮੰਡੀ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਅਣਮਿਥੇ ਸਮੇਂ ਦੀ ਹੜਤਾਲ ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਵੀ ਜਾਰੀ ਰਹੀ। ਰੋਸ ਪ੍ਰਦਰਸ਼ਨ ਕਰਦੇ ਹੋਏ ਕਰਮਚਾਰੀਆਂ ਨੇ ਨਗਰ ਕੌਂਸਲ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਹੜਤਾਲ ਦੀ ਅਗਵਾਈ ਯੂਨੀਅਨ ਪ੍ਰਧਾਨ ਪੱਪੂ ਰਾਮ, ਸਕੱਤਰ ਦਿਲਬਾਗ, ਚੇਅਰਮੈਨ ਰਮੇਸ਼ ਪ੍ਰਭੂ, ਸਲਾਹਕਾਰ ਲਛਮਣ ਦਾਸ ਅਤੇ ਸੈਨੀਟੇਸ਼ਨ ਸਾਥੀ ਰਮੇਸ਼ ਸੰਜੂ ਨੇ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਯੂਨੀਅਨ ਸੂਬੇ ਦੇ ਨਗਰ ਨਿਗਮ ਕਰਮਚਾਰੀਆਂ, ਸਫ਼ਾਈ ਕਰਮਚਾਰੀਆਂ ਅਤੇ ਸੀਵਰ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰੰਤੂ ਸਰਕਾਰ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਗੰਭੀਰਤਾ ਨਹੀਂ ਦਿਖਾ ਰਹੀ। ਯੂਨੀਅਨ ਦੇ ਪ੍ਰਧਾਨ ਪੱਪੂ ਰਾਮ ਅਤੇ ਸਕੱਤਰ ਦਿਲਬਾਗ ਨੇ ਕਿਹਾ ਕਿ ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਫ਼ੈਸਲੇ ਅਨੁਸਾਰ ਸੂਬੇ ਭਰ ਦੇ ਨਗਰ ਨਿਗਮ ਕਰਮਚਾਰੀ, ਸਫ਼ਾਈ ਕਰਮਚਾਰੀ ਅਤੇ ਸੀਵਰ ਕਰਮਚਾਰੀ ਨੇ ਅਣਮਿਥੇ ਸਮੇਂ ਲਈ ਹੜਤਾਲ ਕਰਕੇ ਕੰਮ ਬੰਦ ਕੀਤਾ ਹੋਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਨਹੀਂ ਕਰਦੀ ਅੰਦੋਲਨ ਅਤੇ ਹੜਤਾਲ ਜਾਰੀ ਰਹੇਗੀ।
ਸਫ਼ਾਈ ਕਰਮਚਾਰੀਆਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ, ਨਗਰ ਕੌਂਸਲ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
ਅਜੀਤ ਡੈਸਕ
14-07-2026