ਬਠਿੰਡਾ, 4 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਸਿਵਲ ਹਸਪਤਾਲ ਨਜ਼ਦੀਕ ਸਥਿਤ ਸਰਕਾਰੀ ਚਿਲਡਰਨ ਹੋਮ ਵਿਚੋਂ ਦੋ ਬੱਚਿਆਂ ਦੇ ਭੇਦਭਰੀ ਹਾਲਤ ਵਿਚ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੰਨ੍ਹਾਂ ਦਾ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਤੇ ਆਖਰ ਹੁਣ ਚਿਲਡਰਨ ਹੋਮ ਦੇ ਪ੍ਰਬੰਧਕਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਚਿਲਡਰਨ ਹੋਮ ਬਠਿੰਡਾ ਦੇ ਸੁਪਰਡੈਂਟ ਨੇ ਦੱਸਿਆ ਕਿ ਉਨ੍ਹਾਂ ਦੇ ਚਿਲਡਰਨ ਹੋਮ ਵਿਚ ਪ੍ਰਵਿਤ ਅਤੇ ਬਲਵੀਰ ਨਾਂਅ ਦੇ ਦੋ ਬੱਚੇ ਦਾਖਲ ਸਨ, ਜੋ ਬੀਤੀ 5 ਜੁਲਾਈ ਨੂੰ ਹੋਮ ਵਿਚੋਂ ਕਿੱਧਰੇ ਚਲੇ ਗਏ ਹਨ। ਪ੍ਰਬੰਧਕਾਂ ਨੇ ਸ਼ਿਕਾਇਤਾ ਵਿਚ ਅੱਗੇ ਦੱਸਿਆ ਕਿ ਉਨ੍ਹਾਂ ਨੇ ਕਾਫੀ ਭਾਲ ਕੀਤੀ ਪਰ ਬੱਚੇ ਕਿੱਧਰੋਂ ਨਹੀਂ ਮਿਲੇ, ਜਿਸ ਲਈ ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਹੈ ਕਿ ਜਾਂ ਤਾਂ ਉਹ ਕਿੱਧਰੇ ਖੁਦ ਭੱਜ ਗਏ ਹਨ ਜਾਂ ਉਨ੍ਹਾਂ ਨੂੰ ਕਿਸੇ ਨੇ ਅਗਵਾਹ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਥਾਣਾ ਕੋਤਵਾਲੀ ਵਿਚ ਮੁਕੱਦਮਾ ਦਰਜ ਕਰਦਿਆਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਚਿਲਡਰਨ ਹੋਮ ਦੇ ਪ੍ਰਬੰਧਕਾਂ ਵਲੋਂ ਇਸ ਸਬੰਧੀ ਮੁਕੱਦਮਾ ਦੇਰੀ ਨਾਲ ਦਰਜ ਕਰਵਾਉਣ ਬਾਰੇ ਪੁੱਛੇ ਜਾਣ ’ਤੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਪਹਿਲਾਂ ਪ੍ਰਬੰਧਕਾਂ ਵਲੋਂ ਆਪਣੇ ਪੱਧਰ ’ਤੇ ਉਕਤ ਬੱਚਿਆਂ ਦੀ ਭਾਲ ਕੀਤੀ ਗਈ ਤੇ ਉਨਾਂ ਦੇ ਵਾਪਸ ਆਉਣ ਦੀ ਉਡੀਕ ਕੀਤੀ ਗਈ ਪਰ ਕੋਈ ਸਫ਼ਲਤਾ ਨਾ ਮਿਲਣ ਕਰਕੇ ਹੁਣ ਉਨ੍ਹਾਂ ਨੇ ਇਸ ਸਬੰਧੀ ਮੁਕੱਦਮਾ ਦਰਜ ਕਰਵਾਉਣ ਲਈ ਪੁਲਿਸ ਤੱਕ ਪਹੁੰਚ ਕੀਤੀ ਹੈ।