ਹੋਟਲ ਦੀ ਤੀਜੀ ਮੰਜ਼ਿਲ ਤੋਂ 7-8 ਏ.ਸੀ. ਦੀਆਂ ਕਾਪਰ ਪਾਈਪਾਂ ਚੋਰੀ- ਪੁਲਿਸ ਮਾਮਲੇ ‘ਚ ਜੁਟੀ
ਬਠਿੰਡਾ, 17 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਦੇ ਨਿਊ ਸ਼ਕਤੀ ਨਗਰ ਇਲਾਕੇ ਵਿਚ ਸਥਿਤ ਹੋਟਲ ਫਰਾਈਡੇ ਦੀ ਤੀਜੀ ਮੰਜ਼ਿਲ ਤੋਂ ਚੋਰਾਂ ਵਲੋਂ 7-8 ਏ. ਸੀ.
ਬਠਿੰਡਾ, 17 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਦੇ ਨਿਊ ਸ਼ਕਤੀ ਨਗਰ ਇਲਾਕੇ ਵਿਚ ਸਥਿਤ ਹੋਟਲ ਫਰਾਈਡੇ ਦੀ ਤੀਜੀ ਮੰਜ਼ਿਲ ਤੋਂ ਚੋਰਾਂ ਵਲੋਂ 7-8 ਏ.ਸੀ. ਦੀਆਂ ਕਾਪਰ ਪਾਈਪਾਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਹੋਟਲ ਪ੍ਰਬੰਧਕਾਂ ਵਲੋਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਹੋਟਲ ਦੀ ਤੀਜੀ ਮੰਜ਼ਿਲ ‘ਤੇ ਪਹੁੰਚੇ ਅਤੇ ਉੱਥੇ ਲੱਗੇ ਏਅਰ ਕੰਡੀਸ਼ਨਰਾਂ ਦੀਆਂ ਪਾਈਪਾਂ ਕੱਟ ਕੇ ਲੈ ਗਏ। ਚੋਰੀ ਕੀਤੀਆਂ ਏਸੀ ਦੀ ਗਿਣਤੀ 7 ਤੋਂ 8 ਦੇ ਕਰੀਬ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਬਿਨ੍ਹਾਂ ਕਿਸੇ ਡਰ ਦੇ ਹੋਟਲ ਦੀ ਤੀਜੀ ਮੰਜ਼ਿਲ ‘ਤੇ ਪਹੁੰਚ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮੌਕੇ ਹੋਟਲ ਫਰਾਈਡੇ ਦੇ ਸੰਚਾਲਕ ਵਿਕਾਸ ਨੇ ਦੱਸਿਆ ਕਿ ਅਣਪਛਾਤੇ ਚੋਰ ਉਨ੍ਹਾਂ ਦੇ ਹੋਟਲ ਦੇ ਪਿਛਲੇ ਪਾਸਿਓਂ ਕੰਧ ਰਾਹੀਂ ਉਪਰ ਦਾਖਲ ਹੋ ਗਏ ਤੇ ਤੀਜੀ ਮੰਜ਼ਿਲ ਦੀ ਛੱਤ ਉਪਰ ਲੱਗੇ ਏਸੀ ਦੇ ਯੂਨਿਟ ਦੀਆਂ ਪਾਈਪਾਂ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 50 ਤੋਂ 60 ਹਜਾਰ ਦੇ ਕਰੀਬ ਨੁਕਸਾਨ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਹੋਟਲ ਪ੍ਰਬੰਧਕਾਂ ਵਲੋਂ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਦਿਆਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ। ਦੱਸਣਾ ਬਣਦਾ ਹੈ, ਕਿ ਪਿਛਲੇ ਕੁਝ ਦਿਨ ਪਹਿਲਾਂ ਵੀ ਗੋਲ ਡਿੱਗੀ ਦੇ ਨਜ਼ਦੀਕ ਸੁਭਾਸ਼ ਮਾਰਕੀਟ ‘ਚ ਅਣਪਛਾਤੇ ਚੋਰਾਂ ਨੇ ਦੁਕਾਨਾਂ ਦੀਆਂ ਛੱਤਾਂ ਉਪਰ ਲੱਗੇ ਏਸੀ ਦੀਆਂ ਪਾਈਪਾਂ ਦੋ ਵਾਰ ਚੋਰੀ ਕੀਤੀਆਂ ਗਈਆਂ ਹਨ। ਭਾਵੇਂ ਕਿ ਥਾਣਾ ਕੋਤਵਾਲੀ ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ।