17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗੁਰੂ ਨਾਨਕ ਦੇਵ ਜੀ ਦਾ ਅਲੌਕਿਕ ਵਿਆਹ

ਗੁਰੂ ਨਾਨਕ ਦੇਵ ਜੀ ਦਾ ਅਲੌਕਿਕ ਵਿਆਹ

Ad Position 21
No active advertisement
ਅਜੀਤ ਡੈਸਕ 18-09-2026

ਅੱਜ ਲਈ ਵਿਸ਼ੇਸ਼

ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ 100 ਸਾਲ ਤੋਂ ਵੀ ਪੁਰਾਣੀ ਹੈ | ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ  ਵਿਆਹੁਣ ਆਏ ਸਨ ਤਾਂ ਉਹ ਗੁਰੂ ਨਾਨਕ ਸਾਹਿਬ ਦੇ ਸਹੁਰਾ ਘਰ ਦੇ ਦਰਸ਼ਨ ਲਈ ਵੀ ਗਏ ਸਨ ਅਤੇ ਜਿੱਥੇ ਗੁਰੂ ਸਾਹਿਬ ਦਾ ਵਿਆਹ ਹੋਇਆ ਸੀ, ਉਨ੍ਹਾਂ ਵਲੋਂ ਉੱਥੇ ਇਕ ਥੜ੍ਹਾ ਵੀ ਬਣਵਾਇਆ ਗਿਆ ਸੀ | ਉਸ ਸਮੇਂ ਤੋਂ ਹੀ ਸੰਗਤਾਂ ਦੀ ਆਮਦ ਇਸ ਪਾਵਨ ਅਸਥਾਨ ਦੇ ਦਰਸ਼ਨ ਲਈ ਵਧ ਗਈ ਸੀ | ਇਸ ਤੋਂ ਬਾਅਦ ਸਿੱਖ ਮਿਸਲਾਂ ਦੇ ਦੌਰ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰਨੀ ਸਦਾ ਕੌਰ ਦੇ ਸਮੇਂ ਵੀ ਗੁਰੂ ਸਾਹਿਬ ਦੇ ਵਿਆਹ ਅਸਥਾਨ ਦੀ ਮਹੱਤਤਾ ਸੰਗਤਾਂ ਵਿਚ ਵਧਦੀ ਗਈ | ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇੱਥੇ ਖ਼ੂਬਸੂਰਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਉਸਾਰੀ ਕਰਵਾਈ ਅਤੇ ਨਾਨਕ ਨਾਮ ਲੇਵਾ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਨੂੰ  ਆਉਣ ਲੱਗੀਆਂ | ਸਿੱਖ ਮਿਸਲਾਂ ਦੇ ਦੌਰ ਤੋਂ ਹੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾਂਦਾ ਰਿਹਾ ਹੈ |

ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਵਿਆਹ 1487 ਈਸਵੀ ਨੂੰ  ਪਿਤਾ ਮੂਲ ਚੰਦ ਤੇ ਮਾਤਾ ਚੰਦ ਰਾਣੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ | ਉਸ ਸਮੇਂ ਗੁਰੂ ਜੀ 18 ਸਾਲ ਦੇ ਸਨ ਅਤੇ ਉਹ ਸੁਲਤਾਨਪੁਰ ਲੋਧੀ ਵਿਖੇ ਆਪਣੀ ਭੈਣ ਬੇਬੇ ਨਾਨਕੀ ਕੋਲ ਰਹਿੰਦੇ ਸਨ ਅਤੇ ਉਨ੍ਹਾਂ ਦੇ ਭਾਈਆ ਜੈ ਰਾਮ ਜੀ ਨੇ ਗੁਰੂ ਜੀ ਨੂੰ  ਨਵਾਬ ਦੌਲਤ ਖ਼ਾਂ ਲੋਧੀ ਕੋਲ ਮੋਦੀਖਾਨੇ 'ਚ ਨੌਕਰੀ 'ਤੇ ਰਖਾਇਆ ਹੋਇਆ ਸੀ | ਜਿੱਥੇ ਗੁਰੂ ਜੀ ਨੇ ਮੋਦੀਖਾਨਾ ਚਲਾਉਣ ਦੇ ਨਾਲ-ਨਾਲ ਸੰਸਾਰੀ ਲੋਕਾਂ ਨੂੰ  ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਵੀ ਦਿੱਤਾ | ਗੁਰੂ ਜੀ ਨੂੰ  ਕੰਮ ਕਰਦਿਆਂ ਦੇਖ ਕੇ ਭੈਣ ਨਾਨਕੀ ਤੇ ਮਾਤਾ-ਪਿਤਾ ਉਨ੍ਹਾਂ ਦੇ ਵਿਆਹ ਬਾਰੇ ਸੋਚਣ ਲੱਗੇ | ਭਾਈਆ ਜੈ ਰਾਮ ਨੇ ਇਸ ਬਾਰੇ ਪੱਖੋਕੇ ਰੰਧਾਵੇ ਕੇ ਦੇ ਅਜਿੱਤੇ ਰੰਧਾਵੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ  ਆਪਣੇ ਪਟਵਾਰੀ ਮੂਲ ਚੰਦ ਦੀ ਧੀ ਸੁਲੱਖਣੀ ਦਾ ਖਿਆਲ ਆਇਆ | ਮੂਲ ਚੰਦ ਬਟਾਲਾ ਸ਼ਹਿਰ ਵਿਖੇ ਰਹਿੰਦੇ ਸਨ, ਦੋਵਾਂ ਪਰਿਵਾਰਾਂ ਵਿਚ ਵਿਆਹ ਦੀ ਗੱਲ ਤੈਅ ਹੋ ਗਈ | ਭੈਣ ਨਾਨਕੀ ਨੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਸਾਹਿਬ ਦੀ ਕੁੜਮਾਈ ਦੇ ਬਹੁਤ ਚਾਅ ਕੀਤੇ | ਉਨ੍ਹਾਂ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲਾ ਆਈ ਸੀ |
ਗੁਰਦੁਆਰਾ ਕੰਧ ਸਾਹਿਬ 'ਚ ਚਮਤਕਾਰ
ਇਸ ਸਥਾਨ ਨਾਲ ਇਕ ਪ੍ਰਸਿੱਧ ਸਾਖੀ ਜੁੜੀ ਹੋਈ ਹੈ | ਵਿਆਹ ਦੌਰਾਨ ਮਿੱਟੀ ਦੀ ਇਕ ਪੁਰਾਣੀ ਕੰਧ ਉੱਥੇ ਇਕੱਠੇ ਹੋਏ ਲੋਕਾਂ 'ਤੇ ਡਿਗਣ ਵਾਲੀ ਸੀ | ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਸਿਰਫ਼ ਕੰਧ ਨੂੰ  ਛੂਹਿਆ ਅਤੇ ਕਿਹਾ, 'ਇਹ ਕੰਧ ਨਹੀਂ ਡਿੱਗੇਗੀ' | ਇਹ ਕੰਧ ਝੁਕ ਤਾਂ ਗਈ, ਪਰ ਕਦੇ ਡਿੱਗੀ ਨਹੀਂ | ਉਹੀ ਝੁਕੀ ਹੋਈ ਕੰਧ ਅੱਜ ਵੀ ਗੁਰਦੁਆਰਾ ਕੰਧ ਸਾਹਿਬ ਵਿਖੇ ਸੰਭਾਲੀ ਹੋਈ ਹੈ | ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਸ਼ਰਧਾ ਡਿਗਦੀ ਹੋਈ ਕੰਧ ਨੂੰ  ਵੀ ਰੋਕ ਸਕਦੀ ਹੈ |
ਇਕ ਇਨਕਲਾਬੀ ਵਿਆਹ
ਆਪਣੇ ਵਿਆਹ ਸਮੇਂ ਗੁਰੂ ਜੀ ਨੇ ਉਸ ਸਮੇਂ ਦੇ ਕਈ ਰੀਤੀ-ਰਿਵਾਜਾਂ ਨੂੰ  ਤੋੜਿਆ | ਉਨ੍ਹਾਂ ਨੇ ਸੱਚੇ ਸ਼ਬਦਾਂ ਦਾ ਉਚਾਰਨ ਕਰਦਿਆਂ ਪਵਿੱਤਰ ਅਗਨੀ ਦੁਆਲੇ ਸਿਰਫ਼ ਚਾਰ ਫੇਰੇ (ਲਾਵਾਂ) ਲਏ | ਇਹ ਸਿੱਖ ਵਿਆਹ 'ਅਨੰਦ ਕਾਰਜ' ਵਿਚ ਚਾਰ ਲਾਵਾਂ ਦਾ ਆਧਾਰ ਬਣਿਆ | ਉਨ੍ਹਾਂ ਨੇ ਦਿਖਾਇਆ ਕਿ ਵਿਆਹ ਇਕ ਬਰਾਬਰ ਦੀ ਭਾਈਵਾਲੀ ਹੈ, ਨਾ ਕਿ ਜਾਇਦਾਦ ਦਾ ਕੋਈ ਸੌਦਾ | ਉਨ੍ਹਾਂ ਦੀ ਪਤਨੀ ਸੁਲੱਖਣੀ ਜੀ ਉਨ੍ਹਾਂ ਦੇ ਗ੍ਰਹਿਸਥ ਜੀਵਨ ਵਿਚ ਇਕ ਵੱਡਾ ਸਹਾਰਾ ਸਨ | ਉਨ੍ਹਾਂ ਦੇ ਦੋ ਪੁੱਤਰ ਬਾਬਾ ਸ੍ਰੀਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਸਨ |
ਗੁਰੂ ਜੀ ਨੇ ਸਾਬਤ ਕੀਤਾ ਕਿ ਰੱਬ ਨੂੰ ਪਾਉਣ ਲਈ ਘਰ-ਬਾਰ ਛੱਡਣ ਦੀ ਲੋੜ ਨਹੀਂ ਹੁੰਦੀ | ਇਕ ਸੱਚਾ ਪਰਿਵਾਰਕ ਜੀਵਨ ਵੀ ਰੱਬ ਤੱਕ ਪਹੁੰਚਣ ਦਾ ਇਕ ਮਾਰਗ ਹੈ | ਇਸ ਲਈ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਵਰ੍ਹੇਗੰਢ ਸਿਰਫ਼ ਇਕ ਇਤਿਹਾਸਕ ਘਟਨਾ ਨੂੰ ਯਾਦ ਕਰਨ ਤੱਕ ਸੀਮਤ ਨਹੀਂ ਹੈ | ਇਹ ਪਿਆਰ, ਵਚਨਬੱਧਤਾ, ਬਰਾਬਰੀ, ਜ਼ਿੰਮੇਵਾਰੀ ਤੇ ਅਧਿਆਤਮਿਕ ਜੀਵਨ ਬਾਰੇ ਵਿਚਾਰ ਕਰਨ ਦਾ ਇਕ ਮੌਕਾ ਵੀ ਹੈ | ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਜੀਵਨ ਸ਼ਰਧਾਲੂਆਂ ਨੂੰ ਸ਼ਰਧਾ, ਪਰਿਵਾਰ ਤੇ ਸਮਾਜ ਸੇਵਾ ਵਿਚ ਸੰਤੁਲਨ ਬਣਾਈ ਰੱਖਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ |
ਵਿਆਹ ਪੁਰਬ ਕਿਵੇਂ ਮਨਾਇਆ ਜਾਂਦਾ ਹੈ?
ਇਕ ਦਿਨ ਪਹਿਲਾਂ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿਚ ਗੁਰੂ ਜੀ ਦੀ ਬਰਾਤ ਬਟਾਲਾ ਸ਼ਹਿਰ ਪਹੁੰਚਦੀ ਹੈ ਅਤੇ ਵਿਆਹ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ | ਇਸ ਦਿਨ ਬਟਾਲਾ ਸ਼ਹਿਰ ਰੂਹਾਨੀ ਰੰਗ ਵਿਚ ਰੰਗਿਆ ਜਾਂਦਾ ਹੈ | ਵਿਆਹ ਪੁਰਬ ਵਾਲੇ ਦਿਨ ਪੂਰੀ ਦੁਨੀਆ ਵਿਚ ਨਾਨਕ ਨਾਮ ਲੇਵਾ ਸੰਗਤ ਬਟਾਲਾ ਸ਼ਹਿਰ ਪਹੁੰਚ ਕੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਅਤੇ ਕੰਧ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ | ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀ ਯਾਦ ਵਿਚ ਧਾਰਮਿਕ ਸਮਾਗਮ, ਕੀਰਤਨ, ਅਰਦਾਸਾਂ, ਨਗਰ ਕੀਰਤਨ ਅਤੇ ਭਾਈਚਾਰਕ ਇਕੱਠ ਕਰਵਾਏ ਜਾਂਦੇ ਹਨ | ਇਸ ਸਾਲ ਇਹ ਵਿਆਹ ਪੁਰਬ 18 ਸਤੰਬਰ (2 ਅੱਸੂ) ਦਿਨ ਸ਼ੁੱਕਰਵਾਰ ਨੂੰ  ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ |

-ਸਾਇੰਸ ਮਿਸਟ੍ਰੈੱਸ, ਬਟਾਲਾ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ 2 ਔਰਤਾਂ ਦੀ ਮੌਤ, 1 ਜ਼ਖਮੀ ਅਗਲੀ ਖ਼ਬਰ ਹੋਟਲ ਦੀ ਤੀਜੀ ਮੰਜ਼ਿਲ ਤੋਂ 7-8 ਏ.ਸੀ. ਦੀਆਂ ਕਾਪਰ ਪਾਈਪਾਂ ਚੋਰੀ- ਪੁਲਿਸ ਮਾਮਲੇ ‘ਚ ਜੁਟੀ
Ad Position 24