ਰਾਮਾ ਮੰਡੀ, 16 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ/ਤਰਸੇਮ ਸਿੰਗਲਾ)- ਸ਼ਾਮ ਢਲਦੇ ਹੀ ਪਿੰਡ ਗਿਆਨਾ ਦੀ ਪੰਚਾਇਤੀ ਲਾਇਬ੍ਰੇਰੀ ਵਿਚ ਕਿਤਾਬਾਂ ਦੇ ਸਫ਼ੇ ਪਲਟਣ ਦੀਆਂ ਆਵਾਜ਼ਾਂ ਗੂੰਜਣ ਲੱਗ ਪੈਂਦੀਆਂ ਹਨ। ਕੋਈ ਐੱਸਐੱਸਸੀ ਸੀਜੀਐੱਲ ਦੀ ਤਿਆਰੀ ਕਰ ਰਿਹਾ ਹੈ, ਕੋਈ ਬੈਂਕਿੰਗ ਪ੍ਰੀਖਿਆ ਦੀ, ਤਾਂ ਕੋਈ ਅਧਿਆਪਕ ਬਣਨ ਜਾਂ ਅਗਨੀਵੀਰ ਵਜੋਂ ਭਾਰਤੀ ਫੌਜ ਵਿਚ ਭਰਤੀ ਹੋਣ ਦਾ ਸੁਪਨਾ ਲੈ ਕੇ ਪੜ੍ਹਾਈ ਵਿਚ ਜੁਟਿਆ ਹੋਇਆ ਹੈ। ਨੇੜੇ ਹੀ ਬਣੇ ਜਿਮ ਵਿਚ ਕੁਝ ਨੌਜਵਾਨ ਕਸਰਤ ਕਰਦੇ ਹੋਏ ਪਸੀਨਾ ਬਹਾ ਰਹੇ ਹਨ। ਕੁਝ ਸਮੇਂ ਬਾਅਦ ਇਹੀ ਨੌਜਵਾਨ ਕਿਤਾਬਾਂ ਹੱਥ ਵਿਚ ਲੈ ਕੇ ਲਾਇਬ੍ਰੇਰੀ ਵਿੱਚ ਬੈਠ ਜਾਂਦੇ ਹਨ। ਪਿੰਡ ਵਿਚ ਆਇਆ ਇਹ ਬਦਲਾਅ ਅਚਾਨਕ ਨਹੀਂ ਆਇਆ। ਇਸ ਦੇ ਪਿੱਛੇ ਐਚਐਮਈਐਲ ਦੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੀ ਇਕ ਅਜਿਹੀ ਪਹਿਲ ਹੈ, ਜਿਸ ਨੇ ਨੌਜਵਾਨਾਂ ਨੂੰ ਇੱਕ ਵਧੀਆ ਥਾਂ, ਅਨੁਕੂਲ ਮਾਹੌਲ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਸਹੀ ਦਿਸ਼ਾ ਦਿੱਤੀ। ਅੱਜ ਪਿੰਡ ਵਿਚ ਬਣਿਆ ਜਿਮ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਪੰਚਾਇਤੀ ਲਾਇਬ੍ਰੇਰੀ ਨੌਜਵਾਨਾਂ ਦੇ ਸੁਪਨਿਆਂ ਦਾ ਕੇਂਦਰ ਬਣ ਚੁੱਕੇ ਹਨ। ਇੱਥੇ ਪੜ੍ਹਾਈ ਕਰਕੇ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤ ਤਿੰਨ ਨੌਜਵਾਨ ਸਰਕਾਰੀ ਨੌਕਰੀਆਂ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ। ਜੀਵਨ ਸਿੰਘ ਸਰਕਾਰੀ ਪ੍ਰਾਇਮਰੀ ਅਧਿਆਪਕ ਬਣੇ, ਸੁਖਵਿੰਦਰ ਸਿੰਘ ਪੰਜਾਬ ਪੁਲਿਸ ਵਿਚ ਭਰਤੀ ਹੋਏ ਅਤੇ ਉਨ੍ਹਾਂ ਦੇ ਭਰਾ ਗੁਰਲਾਲ ਸਿੰਘ ਭਾਰਤੀ ਫੌਜ ਵਿੱਚ ਸ਼ਾਮਲ ਹੋਏ। ਇਨ੍ਹਾਂ ਸਫਲਤਾਵਾਂ ਨੇ ਪਿੰਡ ਦੇ ਹੋਰ ਨੌਜਵਾਨਾਂ ਵਿੱਚ ਵੀ ਇਹ ਵਿਸ਼ਵਾਸ ਜਗਾਇਆ ਹੈ ਕਿ ਜੇ ਮਿਹਨਤ ਨੂੰ ਸਹੀ ਮਾਹੌਲ ਮਿਲੇ ਤਾਂ ਮੰਜ਼ਿਲ ਦੂਰ ਨਹੀਂ ਰਹਿੰਦੀ। ਖਾਲੀ ਪਈ ਜ਼ਮੀਨ ਤੋਂ ਸ਼ੁਰੂ ਹੋਈ ਬਦਲਾਅ ਦੀ ਕਹਾਣੀ। ਪਿੰਡ ਦੇ ਨੌਜਵਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਐਚਐਮਈਐਲ ਨੇ ਪਿੰਡ ਦੇ ਯੂਥ ਕਲੱਬ ਨਾਲ ਮਿਲ ਕੇ ਖਾਲੀ ਪਈ ਪੰਚਾਇਤੀ ਜ਼ਮੀਨ ਨੂੰ ਵਿਕਸਤ ਕਰਨ ਦੀ ਪਹਿਲ ਕੀਤੀ। ਜ਼ਮੀਨ ਦੀ ਚਾਰਦੀਵਾਰੀ ਕਰਕੇ ਉੱਥੇ ਬਣੇ ਪੁਰਾਣੇ ਕਮਰੇ ਦੀ ਮੁਰੰਮਤ ਕੀਤੀ ਗਈ ਅਤੇ ਆਧੁਨਿਕ ਮਸ਼ੀਨਾਂ ਨਾਲ ਲੈਸ ਜਿਮ ਸਥਾਪਤ ਕੀਤਾ ਗਿਆ। ਇਸ ਦੇ ਨਾਲ ਹੀ ਪੰਚਾਇਤ ਦੇ ਸਹਿਯੋਗ ਨਾਲ ਲਾਇਬ੍ਰੇਰੀ ਲਈ ਫਰਨੀਚਰ, ਕੂਲਰ, ਬੁੱਕ ਰੈਕ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ।
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਪਹਿਲ ਨਾਲ ਪਿੰਡ ਗਿਆਨਾ ਵਿਚ ਬਣੇ ਜਿੰਮ ਅਤੇ ਆਧੁਨਿਕ ਲਾਇਬ੍ਰੇਰੀ ਨੇ ਬਦਲੀ ਨੌਜਵਾਨਾਂ ਦੀ ਜ਼ਿੰਦਗੀ
ਅਜੀਤ ਡੈਸਕ
17-07-2026