ਤਲਵੰਡੀ ਸਾਬੋ, 24 ਜੁਲਾਈ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਇਕ ਵਿਅਕਤੀ ਦੀ ਘਰ ਵਾਲੀ ਨੂੰ ਵਰਕ ਪਰਮਿਟ ਦਵਾ ਕੇ ਜਰਮਨੀ ਭੇਜਣ ਦੇ ਨਾਂ ’ਤੇ 7 ਲੱਖ 42 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚਲਦਿਆਂ ਤਲਵੰਡੀ ਸਾਬੋ ਪੁਲਿਸ ਨੇ ਜਾਂਚ ਪੜਤਾਲ ਉਪਰੰਤ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।ਦਰਜ ਮਾਮਲੇ ਅਤੇ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਜੀਵਨ ਸਿੰਘ ਵਾਲਾ ਨੇ ਪਿਛਲੇ ਦਿਨੀਂ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਇਕ ਸ਼ਿਕਾਇਤ ਭੇਜ ਕੇ ਉਸ ਦੀ ਪਤਨੀ ਨੂੰ ਜਰਮਨੀ ਭੇਜਣ ਦੇ ਨਾਂ ’ਤੇ ਸੱਤ ਲੱਖ 42 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਦੀ ਪੜਤਾਲ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਦਰਖਾਸਤ ’ਚ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਜਰਮਨੀ ਭੇਜਣਾ ਚਾਹੁੰਦਾ ਸੀ ਤੇ ਜਾਣਕਾਰਾਂ ਤੋਂ ਮਿਲੇ ਇਕ ਫੋਨ ਨੰਬਰ ’ਤੇ ਉਸ ਨੇ ਜਦੋਂ ਸੰਪਰਕ ਕੀਤਾ ਤਾਂ ਉਸ ਵਿਅਕਤੀ ਜਿਸ ਨੇ ਆਪਣਾ ਨਾਂ ਸੁਖਵਿੰਦਰ ਕੁਮਾਰ ਉਰਫ ਬੰਟੀ ਦੱਸਿਆ ਨੇ ਆਪਣੇ ਇਕ ਸਾਥੀ ਸਮੇਤ ਉਸ ਤੋਂ ਸਮੇਂ-ਸਮੇਂ ’ਤੇ 7 ਲੱਖ 42 ਹਜ਼ਾਰ ਰੁਪਏ ਲੈ ਲਏ ਪਰ ਵੀਜ਼ਾ ਨਹੀਂ ਲਗਵਾਇਆ। ਉੱਧਰ ਮੁਦੱਈ ਦੀ ਸ਼ਿਕਾਇਤ ’ਤੇ ਜਾਂਚ-ਪੜਤਾਲ ਉਪਰੰਤ ਪੁਲਿਸ ਵਲੋਂ ਦਰਜ ਕੀਤੇ ਮਾਮਲੇ ਅਨੁਸਾਰ ਅਮਰੀਕ ਸਿੰਘ ਦੀ ਪਤਨੀ ਨੂੰ ਜਰਮਨੀ ਭੇਜਣ ਦੇ ਨਾਂ ’ਤੇ 12 ਲੱਖ ਰੁਪਏ ਮੰਗੇ ਗਏ ਸਨ। ਅਮਰੀਕ ਸਿੰਘ ਨੇ 7 ਲੱਖ 42 ਹਜ਼ਾਰ ਰੁਪਏ ਦੇ ਦਿੱਤੇ ਸਨ। ਜਦੋਂ ਅਮਰੀਕ ਸਿੰਘ ਨੇ ਸਬੰਧਿਤ ਧਿਰ ਤੋਂ ਵੀਜ਼ੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਵੱਟਸਐਪ ਰਾਹੀਂ ਨੀਦਰਲੈਂਡ ਦਾ ਵੀਜ਼ਾ ਲੱਗਿਆ ਇਕ ਨਿਯੁਕਤੀ ਪੱਤਰ ਭੇਜ ਦਿੱਤਾ, ਜਿਸ ਦੀ ਮਿਆਦ ਵੀ ਲੰਘ ਚੁੱਕੀ ਸੀ। ਪੁਲਿਸ ਨੇ ਪੜਤਾਲ ਦੌਰਾਨ ਪਾਇਆ ਕਿ ਕਥਿਤ ਦੋਸ਼ੀਆਂ ਨੇ ਅਮਰੀਕ ਸਿੰਘ ਤੋਂ 3 ਲੱਖ 42 ਹਜ਼ਾਰ ਰੁਪਏ ਯੂ.ਪੀ.ਆਈ ਰਾਹੀਂ ਅਤੇ ਚਾਰ ਲੱਖ ਰੁਪਏ ਨਗਦ ਲਏ ਹਨ ਤੇ ਜਰਮਨੀ ਦਾ ਵੀਜ਼ਾ ਨਾ ਲੱਗਣ ਉਪਰੰਤ ਪੈਸੇ ਮੰਗੇ ਜਾਣ ਤੇ ਉਹ ਪੈਸੇ ਦੇਣ ਤੋਂ ਇਨਕਾਰੀ ਹੋ ਗਏ। ਪੜਤਾਲ ਉਪਰੰਤ ਤਲਵੰਡੀ ਸਾਬੋ ਪੁਲਿਸ ਨੇ ਅਮਰੀਕ ਸਿੰਘ ਦੇ ਬਿਆਨਾਂ ਮੁਤਾਬਿਕ ਸੁਖਵਿੰਦਰ ਕੁਮਾਰ ਉਰਫ਼ ਸਮੀਰ ਆਹੂਜਾ ਵਾਸੀ ਕੇ.ਪੀ ਨਗਰ, ਜੈਲੀਵਾਲ ਜਲੰਧਰ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਰਣਜੀਤ ਐਵੇਨਿਊ ਅੰਮ੍ਰਿਤਸਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।