ਬਿਜਲੀ ਦੀ ਖਸਤਾ ਸਪਲਾਈ ਵਿਰੁੱਧ ਕਿਸਾਨਾਂ ਨੇ ਜਾਮ ਕੀਤੀ ਮੁੱਖ ਸੜਕ
ਨਥਾਣਾ, 4 ਸਤੰਬਰ (ਲੁੱਧੜ): ਪਿੰਡ ਕਲਿਆਣ ਸੁੱਖਾ, ਕਲਿਆਣ ਮੱਲਕਾ, ਕਲਿਆਣ ਸੱਦਾ, ਕੋਠੇ ਗੋਬਿੰਦ ਨਗਰ, ਬੱਜੋਆਣਾ, ਭੈਣੀ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਵਲੋਂ 66 ਕੇ. ਵੀ.
ਨਥਾਣਾ, 4 ਸਤੰਬਰ (ਲੁੱਧੜ): ਪਿੰਡ ਕਲਿਆਣ ਸੁੱਖਾ, ਕਲਿਆਣ ਮੱਲਕਾ, ਕਲਿਆਣ ਸੱਦਾ, ਕੋਠੇ ਗੋਬਿੰਦ ਨਗਰ, ਬੱਜੋਆਣਾ, ਭੈਣੀ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਵਲੋਂ 66 ਕੇ.ਵੀ. ਗਰਿੱਡ ਕਲਿਆਣ ਸੁੱਖਾ ਅੱਗੇ ਧਰਨਾ ਦੇ ਕੇ ਭਗਤਾ-ਨਥਾਣਾ ਮੁੱਖ ਸੜਕ ਨੂੰ ਤਕਰੀਬਨ ਤਿੰਨ ਘੰਟਿਆਂ ਲਈ ਜਾਮ ਕੀਤਾ ਗਿਆ, ਜਿਸ ਉਪਰੰਤ ਮੁੱਖ ਸੜਕ ’ਤੇ ਚੱਲਣ ਵਾਲੀਆਂ ਬੱਸਾਂ ਅਤੇ ਹੋਰ ਆਵਾਜਾਈ ਨੂੰ ਬੰਦ ਵਾਲਾ ਨਾਕਾ ਬਾਈਪਾਸ ਕਰਕੇ ਪਿੰਡ ਬੱਜੋਆਣਾ ਵਿਚੋਂ ਦੀ ਅਤੇ ਪੁਰਾਤਿਨ ਸੜਕ ਉੱਪਰ ਦੀ ਲੰਘਣਾ ਪਿਆ। ਕਿਸਾਨਾਂ ਨੇ ਆਪਣੀ ਸਮੱਸਿਆ ਦੱਸਦਿਆਂ ਕਿਹਾ ਕਿ ਕਿ ਉਨ੍ਹਾਂ ਵਾਸਤੇ ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਦੀ ਬਿਜਲੀ ਦੀ ਸਪਲਾਈ ਬਿਲਕੁਲ ਖਸਤਾ ਹੋ ਚੁੱਕੀ ਹੈ। ਬਿਜਲੀ ਸਪਲਾਈ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ,ਉਨ੍ਹਾਂ ਕਿਹਾ ਕਿ ਕਦੀ ਪਾਵਰ ਕੱਟ, ਕਦੀ ਫਾਲਟ ਅਤੇ ਕਦੀ ਪਰਮਿਟ ਲਗਾ ਕੇ ਉਨ੍ਹਾਂ ਦੇ ਖੇਤੀ ਲਈ ਸਿੰਚਾਈ ਸੰਕਟ ਵਰਗੀ ਸਥਿਤੀ ਬਣਾ ਦਿੱਤੀ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਗਰਿੱਡ ਵਲੋਂ ਬਿਜਲੀ ਸਪਲਾਈ ਪ੍ਰਤੀ ਪੰਜ ਕਲਿਆਣਾ ਨੂੰ ਘਾਟੇ ਵਾਲੀ ਕੈਟਾਗਿਰੀ ਵਿਚ ਪਾ ਦਿੱਤਾ ਗਿਆ ਹੈ, ਜਦੋਂ ਕਿ ਬਿਜਲੀ ਗਰਿੱਡ ਦੇ ਨਿਰਮਾਣ ਸਮੇਂ ਕਲਿਆਣ ਦੇ ਪਿੰਡਾਂ ਵਲੋਂ ਬਿਜਲੀ ਮਹਿਕਮੇ ਨੂੰ ਇਸ ਕਰਕੇ ਮੁਫ਼ਤ ਜ਼ਮੀਨ ਦਿੱਤੀ ਗਈ ਸੀ ਕਿ ਇੱਥੇ ਬਿਜਲੀ ਦੀ ਸਪਲਾਈ ਪੂਰੀ ਬਿਹਤਰ ਰੱਖੀ ਜਾਵੇਗੀ, ਪਰ ਬਿਜਲੀ ਪਾਵਰਕਾਮ ਵੱਲੋਂ ਆਪਣੇ ਵਾਅਦੇ ਨਿਭਾਏ ਨਹੀਂ ਜਾ ਰਹੇ। ਪ੍ਰਸ਼ਾਸਨ ਵਲੋਂ ਮੁੱਖ ਸੜਕ ਦੇ ਦਿੱਤਾ ਹੋਇਆ ਧਰਨਾ ਚੁਕਵਾਉਣ ਲਈ ਡੀ.ਐਸ.ਪੀ ਭੁੱਚੋ ਪ੍ਰਿਤਪਾਲ ਸਿੰਘ ਅਤੇ ਐਸ.ਡੀ.ਓ ਕੁਲਦੀਪ ਸਿੰਘ ਦੁਆਰਾ ਕਿਸਾਨਾਂ ਨਾਲ ਮੀਟਿੰਗ ਕਰਕੇ ਗੱਲਬਾਤ ਕੀਤੀ ਗਈ ਅਤੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਭਰੋਸੇ ਦੇ ਅਧਾਰ ’ਤੇ ਕਿਸਾਨਾਂ ਵਲੋਂ ਧਰਨਾ ਚੁੱਕਿਆ ਗਿਆ। ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਜਨਰਲ ਸਕੱਤਰ ਅੰਗਰੇਜ਼ ਸਿੰਘ ਕਲਿਆਣ, ਰਾਜਾ ਸਿੰਘ ਅਤੇ ਮੰਦਰ ਸਿੰਘ ਵਲੋਂ ਵੀ ਸੰਬੋਧਨ ਕੀਤਾ ਗਿਆ।