ਐਡਵੋਕੇਟ ਮਾਨ ‘ਤੇ ਦਰਜ ਮੁਕੱਦਮੇ ਦੇ ਰੋਸ ’ਚ ਪੰਜਾਬ ਭਰ ਦੇ ਵਕੀਲ ਭਲਕੇ ਰੱਖਣਗੇ ਹੜਤਾਲ
ਮਾਨਸਾ, 5 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਬਾਰ ਐਸੋਸੀਏਸ਼ਨ ਮਾਨਸਾ ਦੇ ਸੀਨੀਅਰ ਮੈਂਬਰ ਅਮਨਿੰਦਰ ਸਿੰਘ ਮਾਨ ‘ਤੇ ਥਾਣਾ ਸ਼ਹਿਰੀ ਮਾਨਸਾ ਵਿਖੇ ਐਸ. ਸੀ.
ਮਾਨਸਾ, 5 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਬਾਰ ਐਸੋਸੀਏਸ਼ਨ ਮਾਨਸਾ ਦੇ ਸੀਨੀਅਰ ਮੈਂਬਰ ਅਮਨਿੰਦਰ ਸਿੰਘ ਮਾਨ ‘ਤੇ ਥਾਣਾ ਸ਼ਹਿਰੀ ਮਾਨਸਾ ਵਿਖੇ ਐਸ.ਸੀ./ਐਸ.ਟੀ. ਐਕਟ ਤਹਿਤ ਦਰਜ ਮੁਕੱਦਮੇ ਦੇ ਰੋਸ ਵਜੋਂ 7 ਸਤੰਬਰ ਨੂੰ ਪੰਜਾਬ ਭਰ ਦੇ ਵਕੀਲ ਹੜਤਾਲ ਰੱਖਣਗੇ। ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਤੇ ਸਕੱਤਰ ਮਨਿੰਦਰ ਸਿੰਘ ਅਕਲੀਆ ਨੇ ਦੱਸਿਆ ਕਿ ਇਸ ਸਬੰਧੀ ਬਾਰ ਵਲੋਂ ਰਾਜ ਭਰ ਦੀਆਂ ਐਸੋਸੀਏਸ਼ਨਾਂ ਨੂੰ ‘ਨੋ ਵਰਕ ਡੇਅ’ ਰੱਖਣ ਦਾ ਸੱਦਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਐਡਵੋਕੇਟ ਮਾਨ ਨੇ ਸੋਸ਼ਲ ਮੀਡੀਆ ‘ਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਜਨਤਕ ਆਚਰਣ ਨੂੰ ਲੈ ਕੇ ਸਿਰਫ਼ ਡਰਾਮੇਬਾਜ਼ ਤੇ ਅਨਪੜ੍ਹ ਸ਼ਬਦਾਂ ਦੀ ਵਰਤੋਂ ਕੀਤੀ ਸੀ ਜਦਕਿ ਕਿਸੇ ਜਾਤੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਨਹੀਂ ਲਿਖੀ ਗਈ ਸੀ, ਜਿਸ ਦਾ ਜੁਰਮ ਹੀ ਨਹੀਂ ਬਣਦਾ ਸੀ ਪਰ ਉਸ ਵੇਲੇ ਗੜ੍ਹੀ ਜੋ ਕਮਿਸ਼ਨ ਦੇ ਚੇਅਰਮੈਨ ਸਨ, ਨੇ ਸਿਆਸੀ ਦਬਾਅ ਅਧੀਨ ਐਡਵੋਕੇਟ ਮਾਨ ‘ਤੇ ਮੁਕੱਦਮਾ ਦਰਜ ਕਰਵਾ ਦਿੱਤਾ। ਬਾਰ ਪ੍ਰਧਾਨ ਨੇ ਕਿਹਾ ਕਿ ਮੌਕੇ ਦੇ ਐਸ. ਐਸ. ਪੀ. ਜੋ ਹੁਣ ਤਬਦੀਲ ਹੋ ਚੁੱਕੇ ਹਨ, ਨੇ ਬਾਰ ਐਸੋਸੀਏਸ਼ਨ ਦੀ 2 ਦਿਨਾਂ ਦੀ ਹੜਤਾਲ ਦੇ ਚੱਲਦਿਆਂ ਭਰੋਸਾ ਦਿੱਤਾ ਸੀ ਕਿ ਮੁਕੱਦਮਾ ਰੱਦ ਕਰ ਦਿੱਤਾ ਜਾਵੇਗਾ ਪਰ ਪੁਲਿਸ ਕਿਨਾਰਾ ਵੱਟ ਗਈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਰਵੱਈਏ ਖ਼ਿਲਾਫ਼ ਪੰਜਾਬ ਭਰ ‘ਚ ਵਕੀਲਾਂ ਨੂੰ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਗਰੇਵਾਲ, ਗੁਰਲਾਭ ਸਿੰਘ ਮਾਹਲ, ਭੁਪਿੰਦਰ ਸਿੰਘ ਬੀਰਵਾਲ, ਕੇ. ਐਸ. ਮਠਾੜੂ, ਅਜੈਬ ਸਿੰਘ ਗੁਰੂ, ਬਲਵਿੰਦਰ ਸਿੰਘ ਸੋਢੀ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।