06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੀੜ੍ਹੀਆਂ ਤੋਂ ਚੱਲੇ ਆ ਰਹੇ ਸਵਰਨਕਾਰੀ ਕਿੱਤੇ ’ਤੇ ਸੰਕਟ ਦੇ ਬੱਦਲ

ਭੁੱਚੋ ਮੰਡੀ, 6 ਸਤੰਬਰ (ਪਰਵਿੰਦਰ ਸਿੰਘ ਜੌੜਾ)-ਸੋਨੇ ਦੀ ਚਮਕ ਨਾਲ ਲੋਕਾਂ ਦੀਆਂ ਖੁਸ਼ੀਆਂ ਜੋੜਨ ਵਾਲੇ, ਪਰ ਇਸ ਚਮਕ ਨੂੰ ਗਹਿਣਿਆਂ ਦਾ ਰੂਪ ਦੇਣ ਵਾਲੇ ਪੀੜ੍ਹੀਆਂ ਪੁਰਾਣੇ ਸਵਰਨਕਾਰ ਅੱਜ ਖ਼ੁਦ ਆਰਥਿਕ ਹਨੇਰੇ ਵੱਲ ਧੱਕੇ ਜਾਣ ਦੇ ਖ਼ਦਸ਼ੇ ਦਾ ਸਾਹਮਣਾ ਕਰ ਰਹੇ ਹਨ । ਸੋਨੇ ਦੀਆਂ ਵਧਦੀਆਂ ਕੀਮਤਾਂ, ਬਾਜ਼ਾਰ ਵਿਚ ਮੰਦੀ, ਮਹਿੰਗਾਈ ਅਤੇ ਸੋਨੇ ਦੀ ਖ਼ਰੀਦ ਨੂੰ ਨਿਰਉਤਸ਼ਾਹਿਤ ਕਰਨ ਵਾਲੀਆਂ ਅਪੀਲਾਂ ਨੇ ਸਭ ਤੋਂ ਵੱਧ ਚਿੰਤਾ ਉਨ੍ਹਾਂ ਛੋਟੇ ਕਾਰੀਗਰਾਂ ਵਿਚ ਪੈਦਾ ਕੀਤੀ ਹੈ, ਜਿਨ੍ਹਾਂ ਦੀ ਰੋਜ਼ੀ-ਰੋਟੀ ਸਿੱਧੇ ਤੌਰ ’ਤੇ ਗਹਿਣਿਆਂ ਦੇ ਕੰਮ ’ਤੇ ਨਿਰਭਰ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਭੁੱਚੋ ਮੰਡੀ, 6 ਸਤੰਬਰ (ਪਰਵਿੰਦਰ ਸਿੰਘ ਜੌੜਾ)-ਸੋਨੇ ਦੀ ਚਮਕ ਨਾਲ ਲੋਕਾਂ ਦੀਆਂ ਖੁਸ਼ੀਆਂ ਜੋੜਨ ਵਾਲੇ, ਪਰ ਇਸ ਚਮਕ ਨੂੰ ਗਹਿਣਿਆਂ ਦਾ ਰੂਪ ਦੇਣ ਵਾਲੇ ਪੀੜ੍ਹੀਆਂ ਪੁਰਾਣੇ ਸਵਰਨਕਾਰ ਅੱਜ ਖ਼ੁਦ ਆਰਥਿਕ ਹਨੇਰੇ ਵੱਲ ਧੱਕੇ ਜਾਣ ਦੇ ਖ਼ਦਸ਼ੇ ਦਾ ਸਾਹਮਣਾ ਕਰ ਰਹੇ ਹਨ । ਸੋਨੇ ਦੀਆਂ ਵਧਦੀਆਂ ਕੀਮਤਾਂ, ਬਾਜ਼ਾਰ ਵਿਚ ਮੰਦੀ, ਮਹਿੰਗਾਈ ਅਤੇ ਸੋਨੇ ਦੀ ਖ਼ਰੀਦ ਨੂੰ ਨਿਰਉਤਸ਼ਾਹਿਤ ਕਰਨ ਵਾਲੀਆਂ ਅਪੀਲਾਂ ਨੇ ਸਭ ਤੋਂ ਵੱਧ ਚਿੰਤਾ ਉਨ੍ਹਾਂ ਛੋਟੇ ਕਾਰੀਗਰਾਂ ਵਿਚ ਪੈਦਾ ਕੀਤੀ ਹੈ, ਜਿਨ੍ਹਾਂ ਦੀ ਰੋਜ਼ੀ-ਰੋਟੀ ਸਿੱਧੇ ਤੌਰ ’ਤੇ ਗਹਿਣਿਆਂ ਦੇ ਕੰਮ ’ਤੇ ਨਿਰਭਰ ਹੈ। ਸਵਰਨਕਾਰੀ ਮਹਿਜ਼ ਇਕ ਕਾਰੋਬਾਰ ਨਹੀਂ, ਸਗੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਰਵਾਇਤੀ ਹੁਨਰ ਹੈ। ਅਨੇਕਾਂ ਪਰਿਵਾਰਾਂ ਵਿਚ ਬੱਚੇ ਛੋਟੀ ਉਮਰ ਤੋਂ ਹੀ ਤੱਕੜੀ, ਰੇਤੀ, ਹਥੌੜੀ ਅਤੇ ਹੋਰ ਬਾਰੀਕ ਔਜ਼ਾਰਾਂ ਨਾਲ ਕੰਮ ਕਰਨਾ ਸਿੱਖਦੇ ਹਨ। ਇਹੀ ਹੁਨਰ ਅੱਗੇ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਪਰਿਵਾਰਿਕ ਵਿਰਾਸਤ ਬਣ ਜਾਂਦਾ ਹੈ। ਪਰ ਬਦਲਦੇ ਆਰਥਿਕ ਹਾਲਾਤਾਂ ਨੇ ਇਸ ਪੁਸ਼ਤੈਨੀ ਕਿੱਤੇ ਦੀ ਨੀਂਹ ਨੂੰ ਹੀ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ। ਵੱਡੇ ਕਾਰੋਬਾਰੀਆਂ ਨਾਲੋਂ ਛੋਟੇ ਕਾਰੀਗਰ ਵਧੇਰੇ ਪ੍ਰਭਾਵਿਤ:- ਸਵਰਨਕਾਰੀ ਖੇਤਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਆਈ ਮੰਦੀ ਦਾ ਅਸਰ ਵੱਡੇ ਸ਼ੋਅਰੂਮਾਂ ਨਾਲੋਂ ਛੋਟੇ ਕਾਰੀਗਰਾਂ ’ਤੇ ਕਿਤੇ ਵੱਧ ਪੈਂਦਾ ਹੈ। ਵੱਡੇ ਕਾਰੋਬਾਰੀ ਆਪਣੀ ਪੂੰਜੀ ਅਤੇ ਹੋਰ ਨਿਵੇਸ਼ ਦੇ ਸਹਾਰੇ ਕੁਝ ਸਮੇਂ ਤੱਕ ਮੰਦੇ ਦੌਰ ਨੂੰ ਝੱਲ ਸਕਦੇ ਹਨ, ਪਰ ਇਕ ਛੋਟਾ ਕਾਰੀਗਰ ਦਿਨ ਦੀ ਮਿਹਨਤ ਨਾਲ ਮਿਲਣ ਵਾਲੀ ਮਜ਼ਦੂਰੀ ’ਤੇ ਨਿਰਭਰ ਹੁੰਦਾ ਹੈ। ਜਦੋਂ ਗਹਿਣਿਆਂ ਦਾ ਕੰਮ ਘੱਟਦਾ ਹੈ ਤਾਂ ਉਸ ਦੀ ਆਮਦਨ ਵੀ ਤੁਰੰਤ ਪ੍ਰਭਾਵਿਤ ਹੁੰਦੀ ਹੈ। ਸੋਨੇ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਆਮ ਪਰਿਵਾਰਾਂ ਵਲੋਂ ਨਵੇਂ ਗਹਿਣਿਆਂ ਦੀ ਖ਼ਰੀਦ ਮੁਲਤਵੀ ਕਰਨ ਦਾ ਰੁਝਾਨ ਵੀ ਛੋਟੇ ਕਾਰੀਗਰਾਂ ਲਈ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਵਿਆਹ-ਸ਼ਾਦੀਆਂ ਅਤੇ ਹੋਰ ਸਮਾਜਿਕ ਸਮਾਗਮਾਂ ਲਈ ਗਹਿਣਿਆਂ ਦੀ ਮੰਗ ਤਾਂ ਬਣੀ ਰਹਿੰਦੀ ਹੈ, ਪਰ ਮਹਿੰਗੇ ਸੋਨੇ ਕਾਰਨ ਕਈ ਪਰਿਵਾਰ ਲੋੜ ਅਨੁਸਾਰ ਹੀ ਖ਼ਰੀਦਦਾਰੀ ਕਰਨ ਨੂੰ ਤਰਜੀਹ ਦੇ ਰਹੇ ਹਨ। ‘ ਸੋਨਾ ਨਾ ਖਰੀਦੋ ’ ਦੀਆਂ ਅਪੀਲਾਂ ਦਾ ਸਿੱਧਾ ਅਸਰ :- ਸੋਨੇ ਦੀ ਖ਼ਰੀਦ ਨੂੰ ਘਟਾਉਣ ਜਾਂ ਲੋਕਾਂ ਨੂੰ ਸੋਨਾ ਨਾ ਖਰੀਦਣ ਦੀਆਂ ਅਪੀਲਾਂ ਜਿੱਥੇ ਵਿਆਪਕ ਆਰਥਿਕ ਜਾਂ ਸਮਾਜਿਕ ਮਕਸਦਾਂ ਨਾਲ ਕੀਤੀਆਂ ਜਾਂਦੀਆਂ ਹਨ, ਉੱਥੇ ਸਵਰਨਕਾਰੀ ਖੇਤਰ ਦੇ ਛੋਟੇ ਕਾਰੀਗਰਾਂ ਦਾ ਤਰਕ ਹੈ ਕਿ ਅਜਿਹੀਆਂ ਅਪੀਲਾਂ ਦੇ ਅਸਲ ਪ੍ਰਭਾਵ ਬਾਰੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਕਾਰੀਗਰਾਂ ਲਈ ਸੋਨਾ ਸਿਰਫ਼ ਇਕ ਕੀਮਤੀ ਧਾਤ ਨਹੀਂ, ਸਗੋਂ ਉਨ੍ਹਾਂ ਦੇ ਰੁਜ਼ਗਾਰ ਦਾ ਆਧਾਰ ਹੈ। ਸੋਨੇ ਦੀ ਖ਼ਰੀਦ ਘੱਟਣ ਨਾਲ ਗਹਿਣਿਆਂ ਦੀ ਮੰਗ ਘੱਟਦੀ ਹੈ, ਮੰਗ ਘੱਟਣ ਨਾਲ ਆਰਡਰ ਘੱਟਦੇ ਹਨ ਅਤੇ ਆਖ਼ਰਕਾਰ ਇਸ ਦਾ ਪ੍ਰਭਾਵ ਉਨ੍ਹਾਂ ਹੱਥਾਂ ਤੱਕ ਪਹੁੰਚਦਾ ਹੈ, ਜੋ ਸਾਰਾ ਦਿਨ ਬੈਠ ਕੇ ਬਾਰੀਕ ਕਾਰੀਗਰੀ ਕਰਦੇ ਹਨ। ਪੁਸ਼ਤੈਨੀ ਹੁਨਰ ਛੱਡਣਾ ਵੀ ਆਸਾਨ ਨਹੀਂ:- ਸਭ ਤੋਂ ਗੰਭੀਰ ਸਵਾਲ ਉਨ੍ਹਾਂ ਕਾਰੀਗਰਾਂ ਦਾ ਹੈ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਵਰਨਕਾਰੀ ਦੇ ਕੰਮ ਵਿਚ ਲਗਾ ਦਿੱਤੀ ਹੈ। ਬਚਪਨ ਤੋਂ ਸਿੱਖਿਆ ਇਹ ਹੁਨਰ ਉਨ੍ਹਾਂ ਦੀ ਪਛਾਣ ਬਣ ਚੁੱਕਾ ਹੈ। ਉਮਰ ਦੇ ਇਕ ਪੜਾਅ ’ਤੇ ਪਹੁੰਚ ਕੇ ਕਿਸੇ ਹੋਰ ਖੇਤਰ ਵਿਚ ਨਵਾਂ ਰੁਜ਼ਗਾਰ ਲੱਭਣਾ ਉਨ੍ਹਾਂ ਲਈ ਆਸਾਨ ਨਹੀਂ। ਇਸੇ ਕਰਕੇ ਸਵਰਨਕਾਰੀ ਖੇਤਰ ਵਿਚ ਆਈ ਮੰਦੀ ਨੂੰ ਸਿਰਫ਼ ਕਾਰੋਬਾਰ ਵਿਚ ਆਈ ਗਿਰਾਵਟ ਵਜੋਂ ਨਹੀਂ ਦੇਖਿਆ ਜਾ ਸਕਦਾ। ਇਸ ਨਾਲ ਇਕ ਅਜਿਹੀ ਰਵਾਇਤੀ ਕਲਾ ਦੇ ਭਵਿੱਖ ਦਾ ਸਵਾਲ ਵੀ ਜੁੜਿਆ ਹੋਇਆ ਹੈ, ਜਿਸ ਨੂੰ ਕਈ ਪੀੜ੍ਹੀਆਂ ਨੇ ਆਪਣੇ ਹੱਥਾਂ ਨਾਲ ਜਿਉਂਦਾ ਰੱਖਿਆ ਹੈ। ਸਰਕਾਰ ਦੀ ਨੀਤੀ ਵਿਚ ਛੋਟੇ ਕਾਰੀਗਰਾਂ ਲਈ ਥਾਂ ਕਿੱਥੇ? ਸਵਰਨਕਾਰੀ ਖੇਤਰ ਨਾਲ ਜੁੜੇ ਛੋਟੇ ਕਾਰੀਗਰਾਂ ਅਤੇ ਵਪਾਰੀਆਂ ਦੀ ਮੰਗ ਹੈ ਕਿ ਸੋਨੇ ਨਾਲ ਸਬੰਧਿਤ ਕਿਸੇ ਵੀ ਨੀਤੀ ਜਾਂ ਜਨਤਕ ਮੁਹਿੰਮ ਦਾ ਮੁਲਾਂਕਣ ਕਰਦਿਆਂ ਵੱਡੇ ਕਾਰੋਬਾਰੀਆਂ ਦੇ ਨਾਲ-ਨਾਲ ਛੋਟੇ ਕਾਰੀਗਰਾਂ ਦੇ ਹਿੱਤਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਨੀਤੀ ਬਣਾਉਣ ਵਾਲਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸੋਨੇ ਦੇ ਕਾਰੋਬਾਰ ਦੀ ਲੜੀ ਵਿਚ ਸਭ ਤੋਂ ਹੇਠਲੇ ਪੱਧਰ ’ਤੇ ਕੰਮ ਕਰਨ ਵਾਲਾ ਕਾਰੀਗਰ ਹੀ ਸਭ ਤੋਂ ਕਮਜ਼ੋਰ ਕੜੀ ਹੈ। ਅਖਿਲ ਭਾਰਤੀ ਸਵਰਨਕਾਰ ਸੰਘ ਦੇ ਰਾਸ਼ਟਰੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਨੇ ਵੀ ਇਸ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਵਰਨਕਾਰ ਭਾਈਚਾਰੇ ਨੇ ਹਮੇਸ਼ਾ ਆਪਣੇ ਪੁਸ਼ਤੈਨੀ ਕਿੱਤੇ ਨੂੰ ਹੀ ਪੂਜਾ ਸਮਝਿਆ ਹੈ ਅਤੇ ਸਿਆਸੀ ਮੰਚਾਂ ’ਤੇ ਹਿੱਸੇਦਾਰੀ ਦੀ ਬਜਾਏ ਆਪਣੇ ਕੰਮ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਸਮਾਜ ਦੇ ਸਾਧਨ-ਸੰਪੰਨ ਅਤੇ ਰਸੂਖਦਾਰ ਵਰਗ ਨੂੰ ਅਪੀਲ ਕੀਤੀ ਕਿ ਉਹ ਛੋਟੇ ਕਾਰੀਗਰਾਂ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ। ਸਵਰਨਕਾਰੀ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਕਿਸੇ ਦੇ ਵਿਰੋਧ ਦੀ ਆਵਾਜ਼ ਨਹੀਂ, ਸਗੋਂ ਉਨ੍ਹਾਂ ਹੱਥਾਂ ਦੀ ਪੁਕਾਰ ਹੈ ਜੋ ਸਦੀਆਂ ਤੋਂ ਸੋਨੇ ਨੂੰ ਗਹਿਣਿਆਂ ਦੀ ਸ਼ਕਲ ਦੇ ਕੇ ਲੋਕਾਂ ਦੀਆਂ ਖੁਸ਼ੀਆਂ ਦਾ ਹਿੱਸਾ ਬਣਾਉਂਦੇ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਅਤਰ ਸਿੰਘ ਖ਼ਾਲਸਾ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਅਗਲੀ ਖ਼ਬਰ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ
Ad Position 24