ਪੀ.ਕੇ.ਐਸ. ਸਕੂਲ ਬੱਲੂਆਣਾ ਦੀ ਪ੍ਰਨੀਤ ਕੌਰ ਨੇ ਰਾਜ ਪੱਧਰੀ ਖੇਡਾਂ ‘ਚ ਸੋਨ ਤਗਮਾ ਜਿੱਤਿਆ
ਬੱਲੂਆਣਾ, 19 ਅਕਤੂਬਰ (ਗੁਰਨੈਬ ਸਾਜਨ)- ਪੀ. ਕੇ.
ਬੱਲੂਆਣਾ, 19 ਅਕਤੂਬਰ (ਗੁਰਨੈਬ ਸਾਜਨ)- ਪੀ.ਕੇ.ਐਸ. ਇੰਟਰਨੈਸ਼ਨਲ ਸਕੂਲ, ਬੱਲੂਆਣਾ ਦਸਵੀਂ ਜਮਾਤ ਦੀ ਵਿਦਿਆਰਥਣ ਪ੍ਰਨੀਤ ਕੌਰ ਨੇ 70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਅਥਲੈਟਿਕਸ ਮੀਟ 2026 ਦੇ ਮੁਕਾਬਲਿਆਂ ’ਚ ‘ਪੋਲ ਵੋਲਟ’ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਪ੍ਰਾਪਤ ਕੀਤਾ ਹੈ। ਪ੍ਰਨੀਤ ਕੌਰ ਪਹਿਲਾਂ ਵੀ ਰਾਜ ਪੱਧਰੀ ਖੇਡਾਂ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਨੈਸ਼ਨਲ ਖੇਡ ਚੁੱਕੀ ਹੈ ਅਤੇ ਇੱਕ ਵਾਰ ਫਿਰ ਆਪਣੀ ਲਗਾਤਾਰ ਮਿਹਨਤ ਤੇ ਅਭਿਆਸ ਸਦਕਾ 18 ਅਕਤੂਬਰ 2026 ਨੂੰ ਗੁਰੂ ਨਾਨਕ ਦੇਵ ਸਟੇਡੀਅਮ ਲੁਧਿਆਣਾ ਵਿਖੇ ਪੋਲ ਵੋਲਟ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਨੈਸ਼ਨਲ ਖੇਡ ਮੁਕਾਬਲਿਆਂ ਲਈ ਪ੍ਰਨੀਤ ਕੌਰ ਦੀ ਚੋਣ ਬਹੁਤ ਵੱਡੀ ਪ੍ਰਾਪਤੀ ਹੈ। ਲੁਧਿਆਣਾ ਵਿਖੇ ਇਹਨਾਂ ਖੇਡ ਮੁਕਾਬਲਿਆਂ ਵਿਚ ਕੁੱਲ 23 ਜ਼ਿਲਿਆਂ ਨੇ ਭਾਗ ਲਿਆ, ਜਿਸ ਵਿਚੋਂ ਬਠਿੰਡੇ ਜ਼ਿਲ੍ਹੇ ਦੀ ਪ੍ਰਨੀਤ ਕੌਰ ਸਭ ਨੂੰ ਪਛਾੜਦੀ ਹੋਈ ਨੈਸ਼ਨਲ ਵਿਚ ਪਹੁੰਚੀ। ਨੈਸ਼ਨਲ ਖੇਡ ਮੁਕਾਬਲੇ ਮੱਧ ਪ੍ਰਦੇਸ਼ ਵਿਚ ਹੋਣੇ ਹਨ। ਇਸ ਖ਼ੁਸ਼ੀ ਭਰੇ ਮੌਕੇ ਪੀ.ਕੇ.ਐਸ. ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥਣ ਪ੍ਰਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਵੇਰ ਦੀ ਸਭਾ ਵਿਚ ਪ੍ਰਿੰਸੀਪਲ ਮਨਜੋਤ ਕੌਰ ਨੇ ਪ੍ਰਨੀਤ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ । ਇਸ ਮੌਕੇ ਪ੍ਰਿੰਸੀਪਲ ਵਲੋਂ ਡੀ.ਪੀ.ਈ. ਅਧਿਆਪਕ ਸਿਮਰਜੀਤ ਸਿੰਘ ਤੇ ਜੁਗਨਵੀਰ ਸਿੰਘ ਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ।